post

Jasbeer Singh

(Chief Editor)

Patiala News

ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਬੰਦੀ ਛੋੜ ਦਿਵਸ ਮੌਕੇ ਕਰਵਾਇਆ ਗੁਰਮਤਿ ਸਮਾਗਮ

post-img

ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਬੰਦੀ ਛੋੜ ਦਿਵਸ ਮੌਕੇ ਕਰਵਾਇਆ ਗੁਰਮਤਿ ਸਮਾਗਮ ਸਜ਼ਾਵਾਂ ਪੂਰੀਆਂ ਕਰ ਚੁੱਕੇ ਜੇਲ੍ਹਾਂ ’ਚ ਨਜ਼ਰਬੰਦ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਸਰਕਾਰਾਂ : ਪ੍ਰੋ. ਬਡੂੰਗਰ ਪਟਿਆਲਾ 22 ਅਕਤੂਬਰ 2025 : ਨੌਵੇਂ ਪਾਤਸ਼ਾਹ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਬੰਦੀ ਛੋੜ ਦਿਵਸ ਮੌਕੇ ਗੁਰਮਤਿ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਅਤੇ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਹਜ਼ੂਰੀ ਰਾਗੀ ਜੱਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਤੜਕਸਵੇਰੇ ਕਵਾੜ੍ਹ ਖੁੱਲ੍ਹਣ ਮਗਰੋਂ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਦੌਰਾਨ ਗੁਰੂ ਸਾਹਿਬ ਦੇ ਦਰਬਾਰ ਵਿਖੇ ਸੰਗਤ ਵੱਡੀ ਗਿਣਤੀ ਵਿਚ ਨਤਮਸਕ ਹੋਈ। ਬੰਦੀ ਛੋੜ ਦਿਵਸ ਮੌਕੇ ਸੰਗਤਾਂ ਨੇ ਪਵਿੱਤਰ ਸਰੋਵਰ ਦੇ ਆਲੇ ਦੁਆਲੇ ਮੋਮਬੱਤੀਆਂ ਜਗਾਕੇ ਜਿਥੇ ਗੁਰੂ ਸਾਹਿਬ ਪ੍ਰਤੀ ਆਪਣਾ ਆਸਥਾ ਦਾ ਪ੍ਰਗਟਾਵਾ ਕੀਤਾ ਗਿਆ, ਉਥੇ ਹੀ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ ਦੀਪਮਾਲਾ ਵੀ ਸੰਗਤਾਂ ਵਿਚ ਖਿੱਚ ਦਾ ਕੇਂਦਰ ਬਣੀ ਰਹੀ। ਗੁਰੂ ਦਰਬਾਰ ਵਿਚ ਕੀਤੀ ਗਈ ਫੁੱਲਾਂ ਦੀ ਸਜਾਵਟ ਨੇ ਅਲੌਕਿਕ ਰੰਗ ਪ੍ਰਦਾਨ ਕੀਤਾ। ਗੁਰੂ ਘਰ ਵਿਚ ਪੁੱਜੀ ਸੰਗਤਾਂ ਨੇ ਦੇਰ ਰਾਤ ਤੱਕ ਆਤਿਸ਼ਬਾਜ਼ੀ ਕਰਕੇ ਆਪਣਾ ਗੁਰੂ ਪ੍ਰਤੀ ਆਸਥਾ ਦਾ ਪ੍ਰਗਟਾਵਾ ਕੀਤਾ। ਸੰਗਤਾਂ ਨੇ ਪੰਗਤ ਅਤੇ ਸੰਗਤ ਕਰਦਿਆਂ ਦੀਵਾਨ ਹਾਲ ਵਿਖੇ ਸੰਗਤਾਂ ਨੇ ਖੁਦ ਨੂੰ ਨਾਮ ਸਿਮਰਨ ਨਾਲ ਜੋੜਨ ਦਾ ਉਪਰਾਲਾ ਕੀਤਾ। ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਉਚੇਚੇ ਤੌਰ ’ਤੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਅਤਿ੍ਰੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ, ਜਥੇਦਾਰ ਜਸਮੇਰ ਸਿੰਘ ਲਾਛੜੂ ਅਤੇ ਹੋਰ ਸਖਸ਼ੀਅਤਾਂ ਨੇ ਵੀ ਸ਼ਿਰਕਤ ਕੀਤੀ। ਦੀਵਾਨ ਹਾਲ ਵਿਚ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀ ਵਧਾਈ ਦਿੰਦਿਆਂ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਇਤਿਹਾਸਕ ਪੱਖ ਤੋਂ ਦੱਸਿਆ ਕਿ ਕਿਸ ਤਰ੍ਹਾਂ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਏਸ ਦਿਨ 52 ਹਿੰਦੂ ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਕਰਵਾਇਆ। ਗੁਰੂ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਹੋ ਕੇ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਪੁੱਜੇ, ਜਿਨ੍ਹਾਂ ਦੇ ਰਿਹਾਅ ਹੋਣ ਆਉਣ ਦੀ ਖੁਸ਼ੀ ਵਿਚ ਪਹਿਲੇ ਹੈਡ ਗ੍ਰੰਥੀ ਬਾਬਾ ਬੁੱਢਾ ਜੀ ਅਤੇ ਸੰਗਤਾਂ ਨੇ ਗੁਰੂ ਘਰ ਵਿਖੇ ਦੀਪਮਾਲਾ ਕਰਵਾਈ ਅਤੇ ਇਸ ਕਰਕੇ ਇਸ ਦਿਨ ਨੂੰ ਬੰਦੀ ਛੋੜ ਦਿਵਸ ਕਰਕੇ ਮਨਾਇਆ ਜਾਂਦਾ ਹੈ। ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਬੰਦੀ ਛੋੜ ਦਿਵਸ ’ਤੇ ਵੱਖ ਵੱਖ ਜੇਲ੍ਹਾਂ ਵਿਚ ਨਜ਼ਰਬੰਦ ਬੰਦੀ ਸਿੱਖਾਂ ਨੂੰ ਰਿਹਾਅ ਨਾ ਕੀਤੇ ਜਾਣ ’ਤੇ ਚਿੰਤਾ ਵੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਬੰਦੀ ਸਿੰਘ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ, ਜਿਨ੍ਹਾਂ ਨੂੰ ਬਗੈਰ ਕਿਸੇ ਦੇਰੀ ’ਤੇ ਛੱਡਿਆ ਜਾਣਾ ਚਾਹੀਦਾ । ਇਸ ਮੌਕੇ ਗੁਰਦੁਆਰਾ ਪ੍ਰਬੰਧਕ ਮੈਨੇਜਰ ਭਾਗ ਸਿੰਘ ਨੇ ਵੱਲੋਂ ਪੁੱਜੀਆਂ ਸਖਸ਼ੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨ ਵੀ ਦਿੱਤਾ ਗਿਆ। ਦੀਵਾਨ ਹਾਲ ਵਿਖੇ ਕਰਵਾਏ ਸਮਾਗਮ ਦੌਰਾਨ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਦੱਸਿਆ ਕਿ ਅੱਜ ਦੇ ਇਸ ਪਵਿੱਤਰ ਦਿਹਾੜੇ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦੇ ਸਬੰਧ ਵਿਚ ਸ੍ਰੀ ਅਖੰਡ ਪਾਠ ਸਾਹਿਬ ਵੀ ਆਰੰਭ ਕਰਵਾਏ ਗਏ, ਜਿਨਾਂ ਦੇ ਭੋਗ ਭਲਕੇ ਪੈਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਤ ਮੈਨੇਜਰ ਗੁਰਬਚਨ ਸਿੰਘ, ਮਨਦੀਪ ਸਿੰਘ, ਸੁਪਰਵਾਈਜ਼ਰ ਵਰਿੰਦਰ ਸਿੰਘ ਗੋਲਡੀ, ਰਿਕਾਰਡ ਕੀਪਰ ਸਰਬਜੀਤ ਸਿੰਘ, ਸਾਬਕਾ ਹੈਡ ਗ੍ਰੰਥੀ ਸੁਖਦੇਵ ਸਿੰਘ, ਸਾਬਕਾ ਮੈਨੇਜਰ ਸੁਖਵਿੰਦਰ ਸਿੰਘ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਦੇ ਅਧਿਕਾਰੀ, ਸਟਾਫ ਅਤੇ ਸੰਗਤਾਂ ਵੀ ਹਾਜ਼ਰ ਸਨ।

Related Post