July 6, 2024 01:14:45
post

Jasbeer Singh

(Chief Editor)

Patiala News

ਪੰਜਾਬ ਦੇ ਪੰਜ ਮੰਤਰੀ ਚੋਣ ਜਿੱਤਣਾ ਨਹੀਂ ਚਾਹੁੰਦੇ: ਬਾਜਵਾ

post-img

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਪੰਜ ਮੰਤਰੀ ਖ਼ੁਦ ਹੀ ਚੋਣ ਜਿੱਤਣਾ ਨਹੀਂ ਚਾਹੁੰਦੇ ਹਨ ਕਿਉਂਕਿ ਪੰਜਾਬ ਵਿੱਚ ਇਹ ਮੰਤਰੀ ਹਨ ਪਰ ਕੇਂਦਰ ਵਿੱਚ ਜਾ ਕੇ ਇਨ੍ਹਾਂ ਦੀ ਹਾਲਤ ਡਾਕਟਰਾਂ ਦੀ ਥਾਂ ਕੰਪਾਊਂਡਰਾਂ ਵਰਗੀ ਹੋ ਜਾਣੀ ਹੈ, ਇਸੇ ਕਰ ਕੇ ਇਹ ਦਿਲੋਂ ਮਿਹਨਤ ਹੀ ਨਹੀਂ ਕਰ ਰਹੇ। ਇਹ ਹਾਰ ਕੇ ਆਪਣੀਆਂ ਮੰਤਰੀਆਂ ਦੀਆਂ ਕੁਰਸੀਆਂ ਸੰਭਾਲ ਲੈਣਗੇ। ਸ੍ਰੀ ਬਾਜਵਾ ਅੱਜ ਪਟਿਆਲਾ ਵਿੱਚ ਕੈਪਟਨ ਅਮਰਿੰਦਰ ਸਿੰਘ ਖੇਮੇ ਵਿੱਚ ਚਲੇ ਗਏ ਪੰਜ ਕੌਂਸਲਰਾਂ ਅਤੇ ਹੋਰ ਭਾਜਪਾ ਆਗੂਆਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਲਈ ਆਏ ਸਨ। ਉਨ੍ਹਾਂ ਕਿਹਾ ਕਿ ਲੋਕਾਂ ਦਾ ‘ਆਪ’ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ ਜਿਸ ਕਰ ਕੇ ਲੋਕਾਂ ਨੇ ਫੈਸਲਾ ਕਰ ਲਿਆ ਹੈ ਕਿ ਉਹ ‘ਆਪ’ ਨੂੰ ਬੁਰੀ ਤਰ੍ਹਾਂ ਹਰਾਉਣਗੇ। ਇਸ ਮੌਕੇ ਡਾ. ਧਰਮਵੀਰ ਗਾਂਧੀ ਵੀ ਮੌਜੂਦ ਸਨ। ਸ੍ਰੀ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦਾ ਸਿੱਧਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨਾਲ ਹੈ, ਤੀਜੇ ਨੰਬਰ ’ਤੇ ਅਕਾਲੀ ਦਲ ਆਵੇਗਾ ਤੇ ਚੌਥੇ ਨੰਬਰ ’ਤੇ ਭਾਜਪਾ ਆ ਰਹੀ ਹੈ ਕਿਉਂਕਿ ਭਾਜਪਾ ਦੇ ਉਸ ਕਹਿਰ ਨੂੰ ਲੋਕ ਭੁੱਲ ਨਹੀਂ ਰਹੇ ਜੋ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ ਕਿਸਾਨਾਂ ’ਤੇ ਢਾਹਿਆ ਸੀ। ਇਸ ਮੌਕੇ ਵਾਰਡ ਨੰਬਰ-35 ਤੋਂ ਕੌਂਸਲਰ ਸਰੋਜ ਸ਼ਰਮਾ, ਵਾਰਡ ਨੰਬਰ-17 ਤੋਂ ਕੌਂਸਲਰ ਪ੍ਰੋਮਿਲਾ ਮਹਿਤਾ, ਗੋਪੀ ਰੰਗੀਲਾ, ਪ੍ਰਿਅੰਕੁਰ ਮਲਹੋਤਰਾ ਤੇ ਸੰਦੀਪ ਕੁਮਾਰ ਕਾਂਗਰਸ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਮੁਸਲਿਮ ਲੀਗ ਨੂੰ ਛੱਡ ਕੇ ਡਾ. ਸਈਦ ਅਹਿਮਦ ਤੇ ਸਮੀਰ ਅਹਿਮਦ ਅਤੇ ‘ਆਪ’ ਨੂੰ ਛੱਡ ਕੇ ਸਪਨਾ ਚੌਹਾਨ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਾਣੇ ਸਹਿਯੋਗੀ ਸਵਰਗੀ ਸਰਦਾਰ ਸਿੰਘ ਦੇ ਪੁੱਤਰ ਸੁਰਿੰਦਰਜੀਤ ਸਿੰਘ ਰੂਬੀ ਨੇ ਵੀ ਕਾਂਗਰਸ ਦਾ ਪੱਲਾ ਫੜ ਲਿਆ।

Related Post