ਕਣਕ ਦੀ ਵਧ ਰਹੀ ਕੀਮਤਾਂ ਨਾਲ ਪਿੱਸ ਰਿਹਾ ਆਟਾ ਚੱਕੀਆਂ ਦਾ ਕਾਰੋਬਾਰ, ਕਈ ਚੱਕੀਆਂ ਨੇ ਪਿਸਾਈ ਦਾ ਕੰਮ ਬੰਦ ਕੀਤਾ
- by Jasbeer Singh
- January 22, 2025
ਕਣਕ ਦੀ ਵਧ ਰਹੀ ਕੀਮਤਾਂ ਨਾਲ ਪਿੱਸ ਰਿਹਾ ਆਟਾ ਚੱਕੀਆਂ ਦਾ ਕਾਰੋਬਾਰ, ਕਈ ਚੱਕੀਆਂ ਨੇ ਪਿਸਾਈ ਦਾ ਕੰਮ ਬੰਦ ਕੀਤਾ ਪਟਿਆਲਾ : ਕਣਕ ਦੀ ਕੀਮਤਾਂ ਵਿਚ ਹੋ ਰਹੇ ਵਧੇ ਨੇ ਸਿਰਫ਼ ਘਰਾਂ ਦੇ ਰਸੋਈ ਬਜਟ ‘ਤੇ ਨਹੀਂ, ਸਗੋਂ ਆਟਾ ਪਿਸਾਈ ਉਦਯੋਗ ’ਤੇ ਵੀ ਗਹਿਰਾ ਅਸਰ ਪਾਇਆ ਹੈ । ਹਾਲ ਹੀ ਦੇ ਅੰਕੜਿਆਂ ਦੇ ਮੁਤਾਬਕ ਕਣਕ ਦੀ ਕੀਮਤ ਪਿਛਲੇ ਕੁੱਝ ਮਹੀਨਿਆਂ ’ਚ ਕਾਫੀ ਵੱਧ ਗਈ ਹੈ, ਜਿਸ ਨਾਲ ਨਾ ਸਿਰਫ਼ ਘਰੇਲੂ ਖਪਤਕਾਰ ਪ੍ਰੇਸ਼ਾਨ ਹਨ, ਸਗੋਂ ਫਲੋਰ ਮਿੱਲ ਮਾਲਕ ਵੀ ਆਪਣੀ ਆਮਦਨੀ ‘ਚ ਕਮੀ ਦਾ ਸਾਹਮਣਾ ਕਰ ਰਹੇ ਹਨ । ਇਕ ਪੜਤਾਲ ਮੁਤਾਬਕ, ਮਾਰਚ ਮਹੀਨੇ ਦੀ ਤੁਲਨਾ ਵਿਚ ਕਣਕ ਦੀ ਕੀਮਤ 20-25 ਫੀਸਦੀ ਵਧ ਗਈ ਹੈ । ਇਸ ਵਾਧੇ ਦਾ ਸਿੱਧਾ ਅਸਰ ਆਟੇ ਦੀ ਕੀਮਤਾਂ ’ਤੇ ਪੈਣਾ ਸੁਭਾਵਿਕ ਹੈ ਪਰ ਇਸ ਦੇ ਬਾਵਜੂਦ ਵੀ ਆਟੇ ਦੀ ਕੀਮਤ ’ਚ ਵੱਡਾ ਵਾਧਾ ਨਹੀਂ ਕੀਤਾ ਗਿਆ । ਪੰਜਾਬ ਰੋਲਰ ਫਲੋਰ ਮਿੱਲਜ਼ ਐਸੋਸੀਏਸ਼ਨ ਨੇ ਕੇਂਦਰੀ ਸਰਕਾਰ ਨੂੰ ਇਸ ਗੰਭੀਰ ਸਥਿਤੀ ਨੂੰ ਜਲਦੀ ਸੁਧਾਰਨ ਲਈ ਅਪੀਲ ਕੀਤੀ ਹੈ । ਟੈਂਡਰ ’ਚ ਕੀਮਤ 3200 ਰੁਪਏ ਪ੍ਰਤੀ ਕੁਇੰਟਲ ਤਕ ਪਹੁੰਚੀ : ਦਸਮੇਸ਼ ਫਲੋਰ ਮਿੱਲਜ਼ ਦੇ ਮਾਲਕ ਦਰਸ਼ਨ ਸਿੰਘ ਦੇ ਮਤਾਬਕ, ਕਣਕ ਦੀ ਕਮੀ ਉਸ ਸਮੇਂ ਤੋਂ ਸ਼ੁਰੂ ਹੋਈ ਜਦੋਂ ਪੰਜਾਬ ਵਿਚ ਦੂਜੇ ਸੂਬਿਆਂ ਤੋਂ ਕਣਕ ਅਜੇ ਨਹੀਂ ਪਹੁੰਚੀ ਸੀ । ਇਸ ਨਾਲ ਆਟੇ ਦੀ ਕੀਮਤਾਂ ਵਿਚ ਇਤਿਹਾਸਕ ਵਾਧਾ ਹੋਇਆ ਹੈ । ਦਰਸ਼ਨ ਸਿੰਘ ਨੇ ਦੱਸਿਆ ਕਿ ਭਾਰਤ ਖਾਦ ਨਿਗਮ ਯਾਨੀ ਐੱਫ. ਸੀ. ਆਈ. ਵੱਲੋਂ ਜੋ ਸਸਤੀ ਕਣਕ ਦੀ ਸਪਲਾਈ ਹੁੰਦੀ ਸੀ, ਉਹ ਇਸ ਵਾਰ ਦੇਰੀ ਨਾਲ ਹੋ ਰਹੀ ਹੈ। ਐੱਫਸੀਆਈ ਵੱਲੋਂ ਮਿੱਲ ਰਹੀ ਸਪਲਾਈ ਬੰਦ ਹੋਣ ਕਾਰਨ ਫਲੋਰ ਮਿਲਾਂ ਦੇ ਸਟਾਕ ਬਹੁਤ ਘੱਟ ਰਹਿ ਗਏ ਹਨ । ਆਖ਼ਰੀ ਟੈਂਡਰ ਵਿਚ ਕਣਕ ਦੀ ਕੀਮਤ 3,200 ਰੁਪਏ ਪ੍ਰਤੀ ਕੁਇੰਟਲ ਤਕ ਪਹੁੰਚ ਗਈ, ਜੋ ਕਿ ਸਰਕਾਰੀ ਨਿਰਧਾਰਿਤ 2,325 ਰੁਪਏ ਪ੍ਰਤੀ ਕੁਇੰਟਲ ਦੀ ਕੀਮਤ ਨਾਲੋਂ ਕਾਫੀ ਵਧੇਰੇ ਹੈ । ਪੰਜਾਬ ’ਚੋ ਹੋਈ 45 ਫੀਸਦੀ ਕਣਕ ਦੀ ਖ਼ਰੀਦ : ਪਿਛਲੇ ਸੀਜ਼ਨ ਵਿਚ ਦੇਸ਼ ਭਰ ਵਿਚ 262 ਲੱਖ ਮੀਟਿ੍ਰਕ ਟਨ ਕਣਕ ਖ਼ਰੀਦੀ ਗਈ ਸੀ, ਜਿਸ ਵਿਚੋਂ 123 ਲੱਖ ਮੀਟਿ੍ਰਕ ਟਨ ਪੰਜਾਬ ਤੋਂ ਖ਼ਰੀਦਿਆ ਗਿਆ ਸੀ। ਫਲੋਰ ਮਿੱਲਜ਼ ਆਮ ਤੌਰ ‘ਤੇ ਛੇ ਮਹੀਨਿਆਂ ਲਈ ਸਟਾਕ ਸੁਰੱਖਿਅਤ ਰੱਖਦੀਆਂ ਹਨ ਹਾਲਾਂਕਿ, ਇਸ ਸਮੇਂ ਸਟਾਕ ਤਿੰਨ ਮਹੀਨਿਆਂ ਵਿਚ ਖ਼ਤਮ ਹੋਣ ਦੀ ਆਸ ਹੈ । ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਵਾਧੇ ਦੀ ਸੰਭਾਵਨ ਕਣਕ ਦੀ ਕੀਮਤਾਂ ਵਿਚ ਵਾਧਾ ਹੋਣ ਨਾਲ ਖਾਣ-ਪੀਣ ਦੀਆਂ ਹੋਰ ਚੀਜ਼ਾਂ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ । ਮੈਦੇ ਦੀ ਕੀਮਤ 10 ਰੁਪਏ ਪ੍ਰਤੀ ਕਿੱਲੋ ਵਧ ਸਕਦੀ ਹੈ । ਇਸੇ ਤਰ੍ਹਾਂ, ਰੋਟੀ ਅਤੇ ਹੋਰ ਕਈ ਤਰ੍ਹਾਂ ਦੇ ਬਰੈੱਡਾਂ ਦੇ ਭਾਅ ਵੀ ਵਧਣ ਦੀ ਸੰਭਾਵਨਾ ਹੈ । ਮਸ਼ੀਨ ਚਲਾਉਣ ਲਈ ਜ਼ਰੂਰੀ ਕਣਕ ਮਿਲਣਾ ਮੁਸ਼ਕਲ ਹੋ ਗਿਆ ਹੈ । ਮੁਹਾਲੀ ਦੇ ਇਕ ਵਪਾਰੀ ਨੇ ਕਿਹਾ ਕਿ ਸਰਕਾਰੀ ਜ਼ਖ਼ੀਰਿਆਂ ਵਿਚ ਉਪਲਬੱਧ ਕਣਕ ਦੀ ਮਾਤਰਾ 20.6 ਮਿਲੀਅਨ ਟਨ ਹੈ, ਜੋ ਪਿਛਲੇ 5 ਸਾਲਾਂ ਦੇ ਮੱਧ ਦਰਜੇ ਨਾਲੋਂ ਘੱਟ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.