post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਬੀ. ਐੱਸ. ਘੁੰਮਣ ਦਾ ਕੈਨੇਡਾ ਵਿੱਚ ਸਨਮਾਨ

post-img

ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਬੀ. ਐੱਸ. ਘੁੰਮਣ ਦਾ ਕੈਨੇਡਾ ਵਿੱਚ ਸਨਮਾਨ -ਅਕਾਦਮਿਕ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਲਈ ਅਦਾਰਾ 'ਪੰਜਾਬ ਭਵਨ' ਨੇ ਕੀਤਾ ਸਨਮਾਨ -ਪ੍ਰੋ. ਘੁੰਮਣ ਦੇ ਵਾਈਸ ਚਾਂਸਲਰ ਹੁੰਦਿਆਂ ਪੰਜਾਬੀ ਯੂਨੀਵਰਸਿਟੀ ਨੇ 'ਪੰਜਾਬ ਭਵਨ' ਨਾਲ਼ ਕੀਤਾ ਗਿਆ ਸੀ ਇਕਰਾਰਨਾਮਾ ਪਟਿਆਲਾ, 21 ਅਕਤੂਬਰ : ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਅਤੇ ਉੱਘੇ ਅਰਥ ਸ਼ਾਸਤਰੀ ਪ੍ਰੋ. ਬੀ. ਐੱਸ. ਘੁੰਮਣ ਨੂੰ ਕੈਨੇਡਾ ਵਿੱਚ ਸਨਮਾਨਿਤ ਕੀਤਾ ਗਿਆ। ਅਕਾਦਮਿਕ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਇਹ ਸਨਮਾਨ ਅਦਾਰਾ 'ਪੰਜਾਬ ਭਵਨ' ਸਰੀ ਵੱਲੋਂ ਪ੍ਰਦਾਨ ਕੀਤਾ ਗਿਆ । ਇਸ ਮੌਕੇ ਪ੍ਰੋ. ਬੀ. ਐੱਸ. ਘੁੰਮਣ ਘੁੰਮਣ ਨੇ ਆਪਣੇ ਧੰਨਵਾਦੀ ਭਾਵ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਭਵਨ ਸਰ੍ਹੀ ਨਾਲ਼ ਉਨ੍ਹਾਂ ਦਾ 2018 ਤੋਂ ਸਾਕਾਰਾਤਮਕ ਰਿਸ਼ਤਾ ਕਾਇਮ ਹੈ ਜਦੋਂ ਉਨ੍ਹਾਂ ਦੇ ਵਾਈਸ-ਚਾਂਸਲਰ ਹੁੰਦਿਆਂ ਇਸ ਅਦਾਰੇ ਦੀਆਂ ਗਤੀਵਿਧੀਆਂ ਨੂੰ ਧਿਆਨ ਵਿੱਚ ਰਖਦਿਆਂ ਪੰਜਾਬੀ ਯੂਨੀਵਰਸਿਟੀ ਵੱਲੋਂ ਇਕਰਾਰਨਾਮਾ (ਐੱਮ. ਓ. ਯੂ.) ਸਹੀਬੱਧ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਅਦਾਰੇ ਦੀਆਂ ਗਤੀਵਿਧੀਆਂ ਪੰਜਾਬੀ ਯੂਨੀਵਰਸਿਟੀ ਦੇ ਸਥਾਪਨਾ ਮੰਤਵ ਨਾਲ਼ ਮੇਲ ਖਾਂਦੀਆਂ ਹੋਣ ਕਾਰਨ ਇਹ ਫ਼ੈਸਲਾ ਲਿਆ ਗਿਆ ਸੀ। ਇਹ ਅਦਾਰਾ ਵੀ ਪੰਜਾਬੀ ਯੂਨੀਵਰਸਿਟੀ ਵਾਂਗ ਪੰਜਾਬੀ ਮਾਂ ਬੋਲੀ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਚਾਰ ਪ੍ਰਸਾਰ ਲਈ ਵਧ ਚੜ੍ਹ ਕੇ ਕਾਰਜ ਕਰ ਰਿਹਾ ਹੈ ਜੋ ਕਿ ਸਲਾਹੁਣਯੋਗ ਹੈ। ਉਨ੍ਹਾਂ ਕਿਹਾ ਕਿ ਉਹ ਇਸ ਅਦਾਰੇ ਤੋਂ ਸਨਮਾਨ ਹਾਸਿਲ ਕਰ ਕੇ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਹੇ ਹਨ । ਪ੍ਰੋ. ਘੁੰਮਣ ਨੇ ਇਸ ਮੌਕੇ ਬੋਲਦਿਆਂ ਇਸ ਅਦਾਰੇ ਦੇ ਨਵੇਂ ਪ੍ਰੋਜੈਕਟ 'ਨਵੀਆਂ ਕਲਮਾਂ ਨਵੀਂ ਉਡਾਣ' ਦੀ ਸ਼ਲਾਘਾ ਕਰਦਿਆਂ ਉਮੀਦ ਪ੍ਰਗਟਾਈ ਕਿ ਭਵਿੱਖ ਵਿੱਚ ਇਹ ਕਦਮ ਨਵੇਂ ਲੇਖਕਾਂ ਦੇ ਸਥਾਪਿਤ ਹੋਣ ਵਿੱਚ ਵਡਮੁੱਲੀ ਭੂਮਿਕਾ ਨਿਭਾਏਗਾ । ਅਦਾਰਾ 'ਪੰਜਾਬ ਭਵਨ' ਤੋਂ ਸੁੱਖੀ ਬਾਠ ਨੇ ਦੱਸਿਆ ਕਿ ਪ੍ਰੋ. ਘੁੰਮਣ ਵੱਲੋਂ ਕੀਤਾ ਗਿਆ ਕਾਰਜ ਅਕਾਦਮਿਕ ਖੇਤਰ ਵਿੱਚ ਵਡਮੁੱਲਾ ਹੈ। ਪੰਜਾਬੀ ਯੂਨੀਵਰਸਿਟੀ ਦੇ ਵਿੱਤੀ ਸੰਕਟ ਦੇ ਬਾਵਜੂਦ ਉਨ੍ਹਾਂ ਵੱਲੋਂ ਵਾਈਸ ਚਾਂਸਲਰ ਵਜੋਂ ਆਪਣੀਆਂ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਦਿਆਂ ਇੱਕ ਕੁਸ਼ਲ ਪ੍ਰਬੰਧਕ ਹੋਣ ਦਾ ਸਬੂਤ ਦਿੱਤਾ ਹੈ । ਜ਼ਿਕਰਯੋਗ ਹੈ ਕਿ ਪ੍ਰੋ. ਬੀ. ਐੱਸ. ਘੁੰਮਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਅਰਥ ਸ਼ਾਸਤਰ ਦੇ ਖੇਤਰ ਵਿੱਚ ਬਤੌਰ ਪ੍ਰੋਫ਼ੈਸਰ ਕਾਰਜਸ਼ੀਲ ਰਹੇ ਹਨ। ਇੰਡੀਅਨ ਇੰਸਟੀਚੂਟ ਆਫ਼ ਪਬਲਿਕ ਪ੍ਰਸ਼ਾਸਨ ਨਵੀਂ ਦਿੱਲੀ ਵੱਲੋਂ ਭਾਰਤ ਵਿੱਚ ਲੋਕ ਪ੍ਰਸ਼ਾਸਕ ਦੇ ਸਿਧਾਂਤ ਅਤੇ ਅਭਿਆਸ ਵਿੱਚ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਦੇ ਮੱਦੇਨਜ਼ਰ ਵੱਕਾਰੀ ਐਵਾਰਡ ਨਾਲ਼ ਨਿਵਾਜਿਆ ਜਾ ਚੁੱਕਾ ਹੈ । ਉਨ੍ਹਾਂ ਨੂੰ ਇਹ ਪੁਰਸਕਾਰ ਤਤਕਾਲੀ ਉਪ ਰਾਸ਼ਟਰਪਤੀ ਐੱਮ. ਵੀ. ਨਾਇਡੂ ਵੱਲੋਂ ਪ੍ਰਦਾਨ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਵੀ ਬਹੁਤ ਸਾਰੇ ਇਨਾਮ ਸਨਮਾਨ ਹਾਸਿਲ ਹਨ । ਪ੍ਰੋ. ਘੁੰਮਣ ਪੰਜਵੇਂ ਤਨਖਾਹ ਕਮਿਸ਼ਨ, ਪੰਜਾਬ ਦੇ ਮੈਂਬਰ ਹੋਣ ਤੋਂ ਇਲਾਵਾ ਹੋਰ ਵੀ ਵੱਖ-ਵੱਖ ਅਹਿਮ ਅਹੁਦਿਆਂ ਉੱਤੇ ਕਾਰਜਸ਼ੀਲ ਰਹੇ ਹਨ ।

Related Post