
ਤੇਜ਼ ਰਫ਼ਤਾਰ ਕੈਂਟਰ ਵਲੋਂ ਚਾਰ ਮਨਰੇਗਾ ਵਰਕਰਾਂ ਨੂੰ ਦਰੜਣ ਕਾਰਨ ਔਰਤ ਸਣੇ ਚਾਰ ਜਣਿਆਂ ਦੀ ਮੌਤ
- by Jasbeer Singh
- September 16, 2024

ਤੇਜ਼ ਰਫ਼ਤਾਰ ਕੈਂਟਰ ਵਲੋਂ ਚਾਰ ਮਨਰੇਗਾ ਵਰਕਰਾਂ ਨੂੰ ਦਰੜਣ ਕਾਰਨ ਔਰਤ ਸਣੇ ਚਾਰ ਜਣਿਆਂ ਦੀ ਮੌਤ ਸੁਨਾਮ : ਸੋਮਵਾਰ ਨੂੰ ਦੁਪਹਿਰ ਸਮੇਂ ਸੁਨਾਮ ਪਟਿਆਲਾ ਮੁੱਖ ਸੜਕ ਤੇ ਪੈਂਦੇ ਪਿੰਡ ਬਿਸ਼ਨਪੁਰਾ ਅਤੇ ਮਰਦ ਖੇੜਾ ਦੇ ਵਿਚਕਾਰ ਤੇਜ਼ ਰਫ਼ਤਾਰ ਕੈਂਟਰ ਨੇ ਚਾਰ ਮਨਰੇਗਾ ਵਰਕਰਾਂ ਨੂੰ ਦਰੜ ਦਿੱਤਾ । ਵਾਪਰੇ ਭਿਆਨਕ ਹਾਦਸੇ ਵਿੱਚ ਇੱਕ ਔਰਤ ਸਣੇ ਚਾਰ ਜਣਿਆਂ ਦੀ ਮੌਤ ਹੋ ਗਈ ਹੈ। ਮ੍ਰਿਤਕ ਇੱਕੋ ਪਿੰਡ ਬਿਸ਼ਨਪੁਰਾ ਅਕਾਲਗੜ੍ਹ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਕੈਂਟਰ ਵਿਚ ਸੇਬ ਭਰਿਆ ਹੋਇਆ ਸੀ । ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਬਿਸ਼ਨਪੁਰਾ (ਅਕਾਲਗੜ੍ਹ) ਦੇ ਮਨਰੇਗਾ ਵਰਕਰ ਸੁਨਾਮ ਪਟਿਆਲਾ ਸੜਕ ਦੇ ਕੰਢੇ ਝਾੜੀਆਂ ਦੀ ਕਟਾਈ ਕਰ ਰਹੇ ਸਨ ਅਤੇ ਦੁਪਹਿਰ ਸਮੇਂ ਜਦੋਂ ਮਜ਼ਦੂਰ ਸੜਕ ਕਿਨਾਰੇ ਬੈਠ ਕੇ ਰੋਟੀ ਖਾ ਰਹੇ ਸਨ ਤਾਂ ਮਹਿਲਾਂ ਚੌਂਕ ਵਲੋਂ ਆ ਰਿਹਾ ਇੱਕ ਤੇਜ਼ ਰਫ਼ਤਾਰ ਕੈਂਟਰ ਮਨਰੇਗਾ ਵਰਕਰਾਂ `ਤੇ ਜਾ ਚੜ੍ਹਿਆ, ਜਿਸ ਕਾਰਨ ਮਨਰੇਗਾ ਵਰਕਰ ਜਰਨੈਲ ਸਿੰਘ ਉਰਫ਼ ਜੈਲਾ, ਹਰਪਾਲ ਸਿੰਘ ਪਾਲਾ, ਛੋਟਾ ਸਿੰਘ ਅਤੇ ਗੁਰਦੇਵ ਕੌਰ ਦੀ ਮੌਕੇ `ਤੇ ਹੀ ਮੌਤ ਹੋ ਗਈ। ਹਾਦਸੇ ਦਾ ਪਤਾ ਲੱਗਦਿਆਂ ਹੀ ਥਾਣਾ ਸ਼ਹਿਰੀ ਸੁਨਾਮ ਦੇ ਮੁਖੀ ਇੰਸਪੈਕਟਰ ਪ੍ਰਤੀਕ ਜਿੰਦਲ ਸਮੇਤ ਪੁਲਿਸ ਪਾਰਟੀ ਮੌਕੇ `ਤੇ ਪਹੁੰਚ ਗਏ।