

ਵਿਆਹ ਤੋਂ ਵਾਪਸ ਆ ਰਹੇ ਚਾਰ ਨੌਜਵਾਨ ਹੋਏ ਸੜਕ ਹਾਦਸੇ ਦਾ ਸਿ਼ਕਾਰ ਹਰਿਆਣਾ, 3 ਮਈ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਜਿ਼ਲਾ ਕੈਥਲ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਨੌਜਵਾਨਾਂ ਨਾਲ ਭਰੀ ਇੱਕ ਆਲਟੋ ਕਾਰ ਅਚਾਨਕ ਹਾਦਸੇ ਦਾ ਸਿ਼ਕਾਰ ਹੋ ਦਰੱਖ਼ਤ ਨਾਲ ਟਕਰਾ ਗਈ । ਇਹ ਹਾਦਸਾ ਪਿੰਡ ਕਿਓਦਕ ਦੇ ਬਰੋਟ ਰੋਡ `ਤੇ ਵਾਪਰਿਆ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਇੱਕ 28 ਸਾਲਾ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਹਾਦਸੇ ਵਿੱਚ ਗੰਭੀਰ ਸੱਟਾਂ ਲੱਗਣ ਕਾਰਨ ਇੱਕ ਵਿਅਕਤੀ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਨੌਜਵਾਨ ਵਿਆਹ ਦੀ ਰਿਪੈਸ਼ਨ ਤੋਂ ਵਾਪਸ ਆਪਣੇ ਘਰ ਆ ਰਹੇ ਸਨ। ਮ੍ਰਿਤਕ ਨੌਜਵਾਨ ਦੀ ਪਛਾਣ ਵਿਨੋਦ ਵਾਸੀ ਰਾਏਸਨ ਵਜੋਂ ਹੋਈ ਹੈ। ਇਹ ਹਾਦਸਾ ਸ਼ੁੱਕਰਵਾਰ ਸ਼ਾਮ ਨੂੰ ਵਾਪਰਿਆ। ਸੂਚਨਾ ਮਿਲਦੇ ਹੀ ਡਾਇਲ 112 ਟੀਮ ਮੌਕੇ `ਤੇ ਪਹੁੰਚ ਗਈ । ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਜ਼ਿਲ੍ਹਾ ਸਿਵਲ ਹਸਪਤਾਲ ਲਿਜਾਇਆ ਗਿਆ, ਉੱਥੇ ਡਾਕਟਰਾਂ ਨੇ ਇੱਕ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਬਾਕੀ ਨੌਜਵਾਨਾਂ ਦਾ ਇਲਾਜ ਚੱਲ ਰਿਹਾ ਹੈ। ਨੇੜਲੇ ਖੇਤਾਂ ਦੇ ਇੱਕ ਕਿਸਾਨ ਮੰਗੇਰਾਮ ਨੇ ਕਿਹਾ ਕਿ ਜਦੋਂ ਉਹ ਸ਼ਾਮ ਨੂੰ ਆਪਣੇ ਖੇਤਾਂ ਵਿੱਚ ਆਇਆ ਤਾਂ ਉਸਨੇ ਦੇਖਿਆ ਕਿ ਇੱਕ ਕਾਰ ਇੱਕ ਦਰੱਖਤ ਨਾਲ ਟਕਰਾ ਗਈ ਸੀ। ਕਾਰ ਵਿੱਚ ਚਾਰ ਨੌਜਵਾਨ ਸਵਾਰ ਸਨ। ਇਹ ਸਾਰੇ ਪਿੰਡ ਕਿਓਡਕ ਵਿੱਚ ਵਿਆਹ ਸਮਾਗਮ ਵਿਚੋਂ ਵਾਪਸ ਆ ਰਹੇ ਸਨ। ਸਾਰਿਆਂ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਭੇਜ ਦਿੱਤਾ ਗਿਆ ।ਹਸਪਤਾਲ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਨੋਦ ਵਿਆਹਿਆ ਹੋਇਆ ਸੀ। ਉਹ ਖੇਤ ਮਜ਼ਦੂਰ ਵਜੋਂ ਕੰਮ ਕਰਦਾ ਹੈ। ਉਸ ਦੀ ਇੱਕ ਧੀ ਹੈ। ਮੌਕੇ `ਤੇ ਪਹੁੰਚੇ ਜਾਂਚ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਰੋਟ ਰੋਡ `ਤੇ ਇੱਕ ਕਾਰ ਹਾਦਸਾ ਹੋਇਆ ਹੈ। ਉਨ੍ਹਾਂ ਦੀ ਟੀਮ ਮੌਕੇ `ਤੇ ਪਹੁੰਚ ਗਈ। ਜ਼ਖ਼ਮੀਆਂ ਨੂੰ ਪੁਲਿਸ ਦੀ ਗੱਡੀ ਰਾਹੀਂ ਹਸਪਤਾਲ ਲਿਜਾਇਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।