

ਹਰਿਆਣਾ ਕਮੇਟੀ ’ਚ ਕਰੋੜਾਂ ਰੁਪਏ ਦੇ ਘਪਲੇ ਦੇ ਜਗਦੀਸ਼ ਝੀਂਦਾ ਨੇ ਲਗਾਏ ਦੋਸ਼ ਹਰਿਆਣਾ, 19 ਜੁਲਾਈ 2025 : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਮੇਟੀ ਵਿਚ 3.75 ਕਰੋੜ ਰੁਪਏ ਦਾ ਘਪਲਾ ਹੋਣ ਦਾ ਖੁਲਾਸਾ ਕਰਦਿਆਂ ਕਿਹਾ ਕਿ ਜਿਸ ਨੇ ਇਹ ਗਬਨ ਕੀਤਾ ਹੈ ਜੇਕਰ ਉਸਨੇ 15 ਦਿਨਾਂ ਦੇ ਅੰਦਰ-ਅੰਦਰ ਪੈਸੇ ਵਾਪਸ ਜਮ੍ਹਾਂ ਨਾ ਕਰਵਾਏ ਤਾਂ ਉਹ ਵਿਅਕਤੀ ਦਾ ਨਾਮ ਜਨਤਕ ਕੀਤਾ ਜਾਵੇਗਾ। ਕਦੋਂ ਹੋਇਆ ਹੈ ਇਹ ਕਰੋੜਾਂ ਦਾ ਘਪਲਾ ਜਗਦੀਸ਼ ਝੀਂਡਾ ਦੇ ਦੱਸਣ ਮੁਤਾਬਕ ਕਰੋੜਾਂ ਦਾ ਇਹ ਘਪਲਾ ਸਾਲ 2024-25 ਦੌਰਾਨ ਹੋਇਆ ਹੈ। ਉਹਨਾਂ ਦੱਸਿਆ ਕਿ ਕਮੇਟੀ ਦੇ ਬਜਟ ਵਿਚ ਧਾਰਮਿਕ ਸਹਾਇਤਾ ਵਾਸਤੇ 21 ਲੱਖ ਰੁਪਏ ਰੱਖੇ ਗਏ ਸਨ ਜਦੋਂ ਕਿ ਵੰਡੇ ਕਰੋੜਾਂ ਰੁਪਏ ਗਏ ਤੇ ਜਿਸ ਵਿਚੋਂ 3.75 ਕਰੋੜ ਰੁਪਏ ਦਾ ਘਪਲਾ ਹੋਇਆ ਹੈ।ਉਹਨਾਂ ਕਿਹਾ ਕਿ ਸਪਸ਼ਟ ਨਹੀਂ ਹੋ ਰਿਹਾ ਕਿ ਇਹ ਪੈਸਾ ਕਿਥੇ ਗਿਆ ? ਉਹਨਾਂ ਦੱਸਿਆ ਕਿ ਆਡੀਟਰ ਖ਼ਾਤਿਆਂ ਦੀ ਜਾਂਚ ਕਰ ਰਹੇ ਹਨ ਤੇ ਸਾਰੇ ਘਪਲੇ ਨੂੰ ਬੇਨਕਾਬ ਕੀਤਾ ਜਾਵੇਗਾ। ਇਸ ਦੌਰਾਨ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਮੰਗ ਕੀਤੀ ਹੈ ਕਿ ਸਾਰੇ ਮਾਮਲੇ ਦੀ ਜਾਂਚ ਹਰਿਆਣਾ ਸਿੱਖ ਜੁਡੀਸ਼ੀਅਲ ਕਮਿਸ਼ਨ ਦੀ ਦੇਖ ਰੇਖ ਹੇਠ ਹੋਣੀ ਚਾਹੀਦੀ ਹੈ।