

ਐਚ. ਐਸ. ਜੀ. ਐਮ. ਸੀ. ਪ੍ਰਧਾਨ ਝੀਂਡਾ ਨੇ ਕੀਤੀਆਂ ਸਮੁੱਚੀਆਂ ਸਬ-ਕਮੇਟੀਆਂ ਭੰਗ ਹਰਿਆਣਾ, 23 ਜੁਲਾਈ 2025 : ਹਰਿਆਣਾ ਸ਼ੋ੍ਰਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਸਮੁੱਚੀਆਂ ਸਬ-ਕਮੇਟੀਆਂ ਭੰਗ ਕਰਦਿਆਂ ਕਿਹਾ ਕਿ ਕੁਝ ਸਬ-ਕਮੇਟੀਆਂ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਦੇ ਚੇਅਰਮੈਨ ਵੀ ਨਿਯੁਕਤ ਕੀਤੇ ਸਨ ਪਰ ਕੁਝ ਮੈਂਬਰ ਇਸ ਮਾਮਲੇ `ਤੇ ਆਪਣੀ ਨਾਰਾਜ਼ਗੀ ਪ੍ਰਗਟ ਕਰ ਰਹੇ ਹਨ। ਇਸ ਮੁੱਦੇ `ਤੇ ਉਨ੍ਹਾਂ ਦੇ ਸਾਥੀ ਮੈਂਬਰਾਂ ਦੀ ਨਾਰਾਜ਼ਗੀ ਇੰਨੀ ਵੱਧ ਗਈ ਹੈ ਕਿ ਉਹ ਹੁਣ ਗੁਰਦੁਆਰਾ ਨਿਆਇਕ ਕਮਿਸ਼ਨ ਕੋਲ ਜਾਣ ਦੀ ਤਿਆਰੀ ਕਰ ਰਹੇ ਹਨ। ਬਜਟ ਬਣਾਉਣ ਵਾਲੀ ਤੇ ਆਡਿਟ ਕਰਨ ਵਾਲੀ ਸਬ-ਕਮੇਟੀ ਕਰਦੀ ਰਹੇਗੀ ਆਪਣਾ ਕੰਮ : ਪ੍ਰਧਾਨ ਝੀਂਡਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਬਣਾਉਣ ਵਾਲੀ ਤੇ ਆਡਿਟ ਕਰਨ ਵਾਲੀ ਸਬ-ਕਮੇਟੀ ਆਪਣਾ ਕੰਮ ਕਰਦੀ ਰਹੇਗੀ ਸਬੰਧੀ ਜਾਣਕਾਰੀ ਦਿੰਦਿਆਂ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਇਹ ਕਮੇਟੀ ਸੰਗਠਨ ਦੇ ਜਨਰਲ ਹਾਊਸ ਦੁਆਰਾ ਬਣਾਈ ਗਈ ਸੀ, ਇਸ ਲਈ ਇਸ ਨੂੰ ਭੰਗ ਕਰਨਾ ਉਨ੍ਹਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਜਦੋਂ ਤਕ ਉਨ੍ਹਾਂ ਦੇ ਹੱਥ ਵਿਚ ਸਾਰੀ ਪਾਵਰ ਨਹੀਂ ਆ ਜਾਂਦੀ ਉਦੋਂ ਤਕ ਕਾਨੂੰਨ ਮੁਤਾਬਕ ਹੀ ਚੇਅਰਮੈਨਾਂ ਤੇ ਸਬ-ਕਮੇਟੀਆਂ ਦੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ।