post

Jasbeer Singh

(Chief Editor)

Patiala News

ਗਣਤੰਤਰ ਦਿਵਸ ਸਬੰਧੀ ਫੁੱਲ ਡਰੈਸ ਰਿਹਰਸਲ ਹੋਈ

post-img

ਗਣਤੰਤਰ ਦਿਵਸ ਸਬੰਧੀ ਫੁੱਲ ਡਰੈਸ ਰਿਹਰਸਲ ਹੋਈ -ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਹਿਰਾਉਣਗੇ ਪਟਿਆਲਾ ਵਿਖੇ ਤਿਰੰਗਾ -76ਵੇਂ ਗਣਤੰਤਰ ਦਿਵਸ ਦੇ ਸਮਾਗਮ ਲਈ ਤਿਆਰੀਆਂ ਮੁਕੰਮਲ : ਡਾ. ਪ੍ਰੀਤੀ ਯਾਦਵ ਪਟਿਆਲਾ, 24 ਜਨਵਰੀ : 26 ਜਨਵਰੀ ਨੂੰ ਦੇਸ਼ ਦੇ 76ਵੇਂ ਗਣਤੰਤਰ ਦਿਵਸ ਮੌਕੇ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਕਰਵਾਏ ਜਾਣ ਵਾਲੇ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਹ ਜਾਣਕਾਰੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਇੱਥੇ ਐਸ. ਐਸ. ਪੀ. ਡਾ. ਨਾਨਕ ਸਿੰਘ ਨਾਲ ਇਸ ਸਮਾਗਮ ਦੀ ਫੁੱਲ ਡਰੈਸ ਰਿਹਰਸਲ ਦਾ ਜਾਇਜ਼ਾ ਲੈਣ ਉਪਰੰਤ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਮੌਕੇ ਕੌਮੀ ਝੰਡਾ ਲਹਿਰਾਉਣ ਉਪਰੰਤ ਪਰੇਡ ਦਾ ਨਿਰੀਖਣ ਕਰਨਗੇ ਅਤੇ ਪੰਜਾਬ ਵਾਸੀਆਂ ਦੇ ਨਾਮ ਆਪਣਾ ਸੰਦੇਸ਼ ਦੇਣਗੇ ਅਤੇ ਇਸ ਉਪਰੰਤ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਵੀ ਲੈਣਗੇ। ਫੁੱਲ ਡਰੈਸ ਰਿਹਰਸਲ ਮੌਕੇ ਵਿਸ਼ੇਸ਼ ਤੌਰ 'ਤੇ ਏ. ਡੀ. ਜੀ. ਪੀ. ਐਸ. ਪੀ. ਐਸ. ਪਰਮਾਰ ਤੇ ਪਟਿਆਲਾ ਰੇਂਜ ਦੇ ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ ਵੀ ਮੌਜੂਦ ਸਨ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਰੇਡ ਵਿੱਚ 12 ਟੁਕੜੀਆਂ ਹਿੱਸਾ ਲੈਣਗੀਆਂ, ਜਿਹਨਾਂ ਵਿਚੋਂ ਪਹਿਲੀ ਟੁਕੜੀ ਆਈ. ਟੀ. ਬੀ. ਪੀ. ਦੀ ਹੋਵੇਗੀ ਤੇ ਤਿੰਨ ਟੁਕੜੀਆਂ ਪੀ.ਏ.ਪੀ. ਜਲੰਧਰ ਦੀਆਂ ਹੋਣਗੀਆਂ ਜਦ ਕਿ ਜ਼ਿਲ੍ਹਾ ਪਟਿਆਲਾ ਪੁਲਿਸ ਦੇ ਪੁਰਸ਼ਾਂ ਤੇ ਮਹਿਲਾ ਦੀਆਂ ਟੁਕੜੀਆਂ ਅਤੇ ਹੋਮ ਗਾਰਡਜ਼ ਸਮੇਤ ਐਨ.ਸੀ.ਸੀ. ਏਅਰ ਵਿੰਗ, ਆਰਮੀ ਵਿੰਗ, ਗਰਲਜ਼ ਬਟਾਲੀਅਨ, ਰੈਡ ਕਰਾਸ ਸੇਂਟ ਜੌਨ੍ਹ ਐਂਬੂਲੈਂਸ ਪੁਰਾਣੀ ਪੁਲਿਸ ਕੰਨਿਆ ਸਕੂਲ ਅਤੇ ਬਰਾਸ ਬੈਂਡ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਸ ਅਕੈਡਮੀ ਫਿਲੌਰ, ਫਸਟ ਆਈ.ਆਰ.ਬੀ. ਪਟਿਆਲਾ ਦਾ ਪਾਈਪ ਬੈਂਡ ਸ਼ਾਮਲ ਹੋਵੇਗਾ ਅਤੇ ਪਰੇਡ ਦੀ ਅਗਵਾਈ ਪਰੇਡ ਕਮਾਂਡਰ ਏ.ਐਸ.ਪੀ. ਡਾ. ਵਿਨੀਤ ਅਹਿਲਾਵਤ (ਆਈ. ਪੀ. ਐਸ) ਕਰਨਗੇ । ਉਨ੍ਹਾਂ ਦੱਸਿਆ ਕਿ ਮਾਰਚ ਪਾਸਟ ਤੋਂ ਬਾਅਦ ਵੱਖ-ਵੱਖ ਵਿਭਾਗਾਂ ਵੱਲੋਂ ਵਿਕਾਸ ਕਾਰਜਾਂ ਨੂੰ ਦਰਸਾਉਂਦੀਆਂ 10 ਝਾਕੀਆਂ ਕੱਢੀਆਂ ਜਾਣਗੀਆਂ ਅਤੇ ਸਕੂਲੀ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਇਸ ਸੱਭਿਆਚਾਰਕ ਪ੍ਰੋਗਰਾਮ ਵਿੱਚ ਸਰਕਾਰੀ ਵਿਕਟੋਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨਿਊ ਪਾਵਰ ਹਾਊਸ ਕਲੋਨੀ, ਸਰਕਾਰੀ ਮਲਟੀਪਰਪਜ਼ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼, ਸਰਕਾਰੀ ਹਾਈ ਸਕੂਲ ਅਨਾਰਦਾਣਾ ਚੌਂਕ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ ਦੀਆਂ ਵਿਦਿਆਰਥਣਾਂ ਹਿੱਸਾ ਲੈਣਗੀਆਂ । ਮੁਕਤ ਪਬਲਿਕ ਸਕੂਲ ਰਾਜਪੁਰਾ ਦੇ ਵਿਦਿਆਰਥੀਆਂ ਵੱਲੋਂ ਵੀ ਸੱਭਿਆਚਾਰਕ ਪੇਸ਼ਕਾਰੀ ਕੀਤੀ ਜਾਵੇਗੀ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਖੇਡ ਗਤਕੇ ਦੇ ਕਰਤੱਬ ਦਿਖਾਏ ਜਾਣਗੇ । ਇਸ ਤੋਂ ਇਲਾਵਾ ਖੇਡ ਵਿਭਾਗ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਸਬੰਧੀ ਪੇਸ਼ਕਾਰੀ ਕੀਤੀ ਜਾਵੇਗੀ । ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਾਣੀ ਪੁਲਿਸ ਲਾਈਨ ਸਰਕਾਰੀ ਸਕੂਲ ਮਾਡਲ ਟਾਊਨ, ਸਕੂਲ ਆਫ਼ ਐਮੀਨੈਂਸ ਫੀਲਖਾਨਾ, ਸਰਕਾਰੀ ਮਲਟੀਪਰਪਜ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਅਤੇ ਸੀਨੀਅਰ ਸੈਕੰਡਰੀ ਸਕੂਲ ਸਨੌਰ ਦੀਆਂ ਵਿਦਿਆਰਥਣਾਂ ਵੱਲੋਂ ਗਿੱਧੇ ਦੀ ਪੇਸ਼ਕਾਰੀ ਕੀਤੀ ਜਾਵੇਗੀ । ਸਕੂਲ ਆਫ਼ ਐਮੀਨੈਂਸ ਫੀਲਖਾਨਾ, ਸਰਕਾਰੀ ਮਲਟੀਪਰਪਜ ਸਮਾਰਟ ਸਕੂਲ ਪਾਸੀ ਰੋਡ, ਸਰਕਾਰੀ ਸਮਾਰਟ ਸਕੂਲ ਸਿਵਲ ਲਾਈਨ, ਸਰਕਾਰੀ ਐਜੂਕੇਸ਼ਨ ਸਟੇਟ ਕਾਲਜ ਅਤੇ ਸਰਕਾਰੀ ਮਹਿੰਦਰਾ ਕਾਲਜ ਦੇ ਵਿਦਿਆਰਥੀ ਭੰਗੜਾ ਪੇਸ਼ ਕਰਨਗੇ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੌਕੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨਗੇ ਅਤੇ ਦੇਸ਼ ਦੀ ਰੱਖਿਆ ਲਈ ਸ਼ਹਾਦਤਾਂ ਦੇਣ ਵਾਲੇ ਸੁਰਬੀਰਾਂ ਸੈਨਿਕਾਂ ਸ਼ਹੀਦ ਸਿਪਾਹੀ ਭੁਪਿੰਦਰ ਸਿੰਘ, ਸ਼ਹੀਦ ਗਨਰ ਅਮਰੀਕ ਸਿੰਘ, ਸ਼ਹੀਦ ਨਾਇਕ ਰਾਜਵਿੰਦਰ ਸਿੰਘ, ਸ਼ਹੀਦ ਹਵਲਦਾਰ ਮੁੱਖਤਿਆਰ ਸਿੰਘ ਤੇ ਸ਼ਹੀਦ ਨਾਇਕ ਹਰਜਿੰਦਰ ਸਿੰਘ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਜਾਵੇਗਾ । ਇਸ ਮੌਕੇ ਮੁੱਖ ਮਹਿਮਾਨ ਲੋੜਵੰਦਾਂ ਨੂੰ ਇਲੈਕਟਰੋਨਿਕ ਟਰਾਈ ਸਾਈਕਲ ਅਤੇ ਸਿਲਾਈ ਮਸ਼ੀਨਾਂ ਦੀ ਵੰਡ ਕਰਨਗੇ । ਮੁੱਖ ਮਹਿਮਾਨ ਸ. ਭਗਵੰਤ ਸਿੰਘ ਮਾਨ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਰੇਡਾਂ, ਝਾਕੀਆਂ, ਸਕੂਲੀ ਬੱਚਿਆਂ, ਗਿੱਧਾ ਟੀਮ, ਭੰਗੜਾ ਟੀਮ, ਬੈਂਡ ਮਾਸਟਰ ਆਦਿ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ । ਸਮਾਰੋਹ ਦੇ ਅਖੀਰ ਵਿੱਚ ਕੌਮੀ ਗਾਨ ਹੋਵੇਗਾ। ਇਸੇ ਦੌਰਾਨ ਐਸ. ਐਸ. ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਗਣਤੰਤਰ ਦਿਵਸ ਦੇ ਸਮਾਗਮਾਂ ਲਈ ਸੁਰੱਖਿਆ ਦੇ ਪੁਖ਼ਤਾ ਇੰਤਜਾਮ ਕੀਤੇ ਗਏ ਹਨ । ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਮਾਗਮ ਦੇ ਪ੍ਰਬੰਧਾਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਦੱਸਿਆ ਕਿ ਇਸ ਸਾਰੇ ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚੜਾਉਣ ਲਈ ਤਿਆਰੀਆਂ ਮੁਕੰਮਲ ਹੋ ਗਈਆਂ ਹਨ । ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ ਕਿ ਉਹ ਆਪਣੇ ਦਫ਼ਤਰਾਂ ਦੇ ਸਮੂਹ ਅਧਿਕਾਰੀਆਂ-ਕਰਮਚਾਰੀਆਂ ਦੀ 26 ਜਨਵਰੀ ਵਾਲੇ ਦਿਨ ਸਮਾਗਮ 'ਚ ਹਾਜ਼ਰੀ ਯਕੀਨੀ ਬਣਾਉਣ । ਉਨ੍ਹਾਂ ਨੇ ਪਟਿਆਲਾ ਵਾਸੀਆਂ ਨੂੰ ਇਸ ਸਮਾਗਮ ਵਿੱਚ ਵੱਧ ਚੜਕੇ ਸ਼ਾਮਲ ਹੋਣ ਦੀ ਅਪੀਲ ਕੀਤੀ ।

Related Post