
ਸੂਬੇ ਵਿੱਚ ਨਿਰਵਿਘਨ ਬਿਜਲੀ ਸਪਲਾਈ ਲਈ ਸਰਕਾਰ ਵਚਨਬੱਧ: ਹਰਪਾਲ ਚੀਮਾ
- by Aaksh News
- June 15, 2024

ਪਿੰਡ ਛਾਜਲੀ ਦੇ 66 ਕੇਵੀ ਗਰਿੱਡ ਦੀ ਸਮਰੱਥਾ ਵਿੱਚ ਮੌਜੂਦਾ 20 ਐੱਮਵੀਏ ਦੇ ਪਾਵਰ ਟਰਾਂਸਫਾਰਮਰ ਨੂੰ 31.5 ਐੱਮਵੀਏ ਦੇ ਪਾਵਰ ਟਰਾਂਸਫਾਰਮਰ ਨਾਲ ਆਗੂਮੈਂਟ ਕਰਕੇ ਵਾਧਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਕੰਮ ’ਤੇ 2.08 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਇਸ ਨਾਲ 66 ਕੇ.ਵੀ ਗਰਿੱਡ ਛਾਜਲੀ ਤੋਂ ਚੱਲਦੇ ਪਿੰਡ ਛਾਜਲਾ, ਛਾਜਲੀ, ਸੰਗਤੀਵਾਲਾ, ਨੰਗਲਾ, ਕੋਠੇ ਰੋਹੀਰਾਮ ਅਤੇ ਨੀਲੋਵਾਲ ਦੇ ਲੋਕਾਂ ਦੀ ਘਰੇਲੂ ਅਤੇ ਖੇਤੀਬਾੜੀ ਦੀ ਬਿਜਲੀ ਸਪਲਾਈ ਵਿੱਚ ਵੱਡਾ ਸੁਧਾਰ ਹੋਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਵਿੱਚ ਕੋਈ ਮੁਸ਼ਕਿਲ ਪੇਸ਼ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਸੁਫ਼ਨਿਆਂ ਅਤੇ ਯੋਜਨਾਵਾਂ ਤਹਿਤ ਦਿੜ੍ਹਬਾ ਹਲਕੇ ਦੇ ਲੋਕਾਂ ਨੂੰ ਹੋਰ ਨਿਰਵਿਘਨ ਬਿਜਲੀ ਸਪਲਾਈ ਮੁੱਹਈਆ ਕਰਵਾਉਣ ਦੇ ਮੰਤਵ ਹੇਠ ਬਿਜਲੀ ਵੰਡ ਸਿਸਟਮ ਨੂੰ ਮਜ਼ਬੂਤ ਕਰਨ ਲਈ 22.12 ਕਰੋੜ ਰੁਪਏ ਖਰਚੇ ਜਾ ਰਹੇ ਹਨ ਜਿਸ ਦੇ ਅਧੀਨ 9.53 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਖਡਿਆਲ, ਕੜਿਆਲ ਅਤੇ ਖੋਖਰ ਕਲਾਂ ਵਿੱਚ ਨਵੇਂ 66 ਕੇ.ਵੀ ਗਰਿੱਡ ਬਣਾਏ ਜਾਣਗੇ ਅਤੇ ਮੌਜੂਦਾ 66 ਕੇ.ਵੀ ਗਰਿੱਡਾਂ ਦੇ ਪਾਵਰ ਟਰਾਂਸਫਾਰਮਰਾਂ ਦੀ ਸਮਰੱਥਾ ਵਿੱਚ ਵਾਧਾ ਕੀਤਾ ਜਾ ਰਿਹਾ ਹੈ।