
ਦੀਵਾਲੀ, ਗੁਰਪੁਰਬ, ਕ੍ਰਿਸਮਿਸ ਤੇ ਨਵੇਂ ਸਾਲ 'ਤੇ ਚਲਾਏ ਜਾ ਸਕਣਗੇ ਗਰੀਨ ਪਟਾਕੇ
- by Jasbeer Singh
- October 12, 2024

ਦੀਵਾਲੀ, ਗੁਰਪੁਰਬ, ਕ੍ਰਿਸਮਿਸ ਤੇ ਨਵੇਂ ਸਾਲ 'ਤੇ ਚਲਾਏ ਜਾ ਸਕਣਗੇ ਗਰੀਨ ਪਟਾਕੇ -ਪਟਾਕੇ ਚਲਾਉਣ ਲਈ ਸਮਾਂ ਵੀ ਨਿਰਧਾਰਿਤ ਪਟਿਆਲਾ, 12 ਅਕਤੂਬਰ : ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਇਸ਼ਾ ਸਿੰਗਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਾਨਯੋਗ ਸੁਪਰੀਮ ਕੋਰਟ ਅਤੇ ਪੰਜਾਬ ਸਰਕਾਰ ਵੱਲੋਂ ਕੀਤੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਪਟਿਆਲਾ ਜ਼ਿਲ੍ਹੇ ਵਿੱਚ ਤਿਉਹਾਰਾਂ ਮੌਕੇ ਆਮ ਲੋਕਾਂ ਨੂੰ ਗਰੀਨ ਪਟਾਕੇ ਨਿਰਧਾਰਿਤ ਸਮੇਂ ਅੰਦਰ ਚਲਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਹੋਰ ਕਿਸੇ ਵੀ ਸਮੇਂ ਜਾ ਕਿਸੇ ਹੋਰ ਦਿਨ ਪਟਾਕੇ ਚਲਾਉਣ 'ਤੇ ਮਾਨਯੋਗ ਅਦਾਲਤ ਵੱਲੋਂ ਅਗਲੀ ਸੁਣਵਾਈ ਤੱਕ ਲਗਾਈ ਪੂਰਨ ਪਾਬੰਦੀ ਲਾਗੂ ਰਹੇਗੀ । ਜਾਰੀ ਹੁਕਮਾਂ ਵਿੱਚ ਤਿਉਹਾਰਾਂ ਮੌਕੇ ਚਲਾਏ ਜਾਣ ਵਾਲੇ ਗਰੀਨ ਪਟਾਕੇ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ, ਜਿਸ ਤਹਿਤ ਦੀਵਾਲੀ ਮੌਕੇ 31 ਅਕਤੂਬਰ 2024 ਨੂੰ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ, ਗੁਰਪੁਰਬ 15 ਨਵੰਬਰ 2024 ਨੂੰ ਸਵੇਰੇ 4 ਵਜੇ ਤੋਂ ਸਵੇਰੇ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ 10 ਵਜੇ ਤੱਕ ਗਰੀਨ ਪਟਾਕੇ ਚਲਾਉਣ ਦੀ ਆਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪਟਿਆਲਾ ਦੀ ਹੱਦ ਅੰਦਰ ਕ੍ਰਿਸਮਿਸ (25-26 ਦਸੰਬਰ) ਅਤੇ ਨਵੇਂ ਸਾਲ (31 ਦਸੰਬਰ ਅਤੇ 1 ਜਨਵਰੀ) ਦੀ ਪੂਰਵ ਸੰਧਿਆ 'ਤੇ ਰਾਤ 11:55 ਪੀ.ਐਮ ਤੋਂ 12:30 ਏ.ਐਮ. ਦੇ ਸਮੇਂ ਦੌਰਾਨ ਸਿਰਫ਼ ਗਰੀਨ ਪਟਾਕੇ ਚਲਾਉਣ/ਵਜਾਉਣ ਅਤੇ ਉਕਤ ਨਿਰਧਾਰਤ ਸਮੇਂ ਤੋਂ ਬਾਅਦ ਕਿਸੇ ਵੀ ਕਿਸਮ ਦੇ ਪਟਾਕੇ ਚਲਾਉਣ 'ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ । ਹੁਕਮਾਂ 'ਚ ਕਿਹਾ ਗਿਆ ਹੈ ਕਿ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਦੇ ਦਿਨਾਂ ਵਿੱਚ ਆਮ ਤੌਰ 'ਤੇ ਪਬਲਿਕ ਵੱਲੋਂ ਪਟਾਕੇ, ਆਤਿਸ਼ਬਾਜ਼ੀ ਅਤੇ ਅਜਿਹੀ ਹੋਰ ਕਈ ਤਰ੍ਹਾਂ ਦੀ ਸਮਗਰੀ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਨਾਲ ਸ਼ੋਰ ਸ਼ਰਾਬਾ ਪੈਦਾ ਹੁੰਦਾ ਹੈ ਅਤੇ ਪ੍ਰਦੂਸ਼ਣ ਵੀ ਫੈਲਦਾ ਹੈ। ਇਸ ਸੰਭਾਵਤ ਖ਼ਤਰੇ ਤੋਂ ਬਚਣ ਲਈ ਜ਼ਿਲ੍ਹਾ ਪਟਿਆਲਾ ਅੰਦਰ ਪਟਾਕੇ, ਆਤਿਸ਼ਬਾਜ਼ੀ ਆਦਿ ਬਨਾਉਣ, ਸਟੋਰ ਕਰਨ ਅਤੇ ਖ਼ਰੀਦਣ-ਵੇਚਣ ਨੂੰ ਨਿਯਮਤ ਕਰਨਾ ਅਤਿ ਜ਼ਰੂਰੀ ਹੈ। ਇਸ ਤੋਂ ਇਲਾਵਾ ਦੇਸ਼ ਅੰਦਰ ਵਿਦੇਸ਼ਾਂ ਤੋਂ ਬੰਦਰਗਾਹਾਂ ਰਾਹੀਂ ਗੈਰ ਕਾਨੂੰਨੀ ਤੌਰ 'ਤੇ ਧਮਾਕੇਖੇਜ ਸਮਗਰੀ ਬਰਾਮਦ ਹੋ ਰਹੀ ਹੈ, ਜਿਸ ਵਿੱਚ ਕੈਮੀਕਲ ਪੋਟਾਸ਼ੀਅਮ ਕਲੋਰੇਟ ਹੁੰਦਾ ਹੈ, ਜੋ ਕਿ ਬਹੁਤ ਜ਼ਿਆਦਾ ਖ਼ਤਰਨਾਕ ਹੁੰਦਾ ਹੈ। ਇਸ ਨਾਲ ਵੱਡਾ ਧਮਾਕਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਅਤੇ ਜਾਨੀ ਮਾਲੀ ਨੁਕਸਾਨ ਹੋਣ ਦਾ ਵੀ ਖ਼ਦਸ਼ਾ ਬਣਿਆ ਰਹਿੰਦਾ ਹੈ। ਇਹ ਵਾਤਾਵਰਣ ਅਤੇ ਸਿਹਤ ਲਈ ਵੀ ਹਾਨੀਕਾਰਕ ਹੈ। ਇਹਨਾਂ ਤਿਉਹਾਰਾਂ ਸਮੇਂ ਪਟਾਕੇ ਆਦਿ ਚਲਾਉਣ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਲਈ ਜਨ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ, ਮਾਨਯੋਗ ਸੁਪਰੀਮ ਕੋਰ ਆਫ਼ ਇੰਡੀਆ ਵੱਲੋਂ ਸਿਵਲ ਰਿਟ ਪਟੀਸ਼ਨ ਨੰਬਰ 728 ਆਫ਼ 2015 ਅਤੇ ਐਨ.ਜੀ.ਟੀ. ਦੇ ਓ.ਏ. ਨੰਬਰ 249 ਆਫ਼ 2020 ਵਿਚ ਹੋਏ ਨਿਰਦੇਸ਼ਾਂ ਤਹਿਤ ਸਿਰਫ਼ ਗਰੀਨ ਪਟਾਕੇ ਦੀ ਆਗਿਆ ਹੈ। ਇਸ ਲਈ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਅਤੇ ਉਪਰੋਕਤ ਹੁਕਮਾਂ ਦੀ ਪਾਲਣਾ ਵਿੱਚ ਇੰਨਾ ਪਾਬੰਦੀਸ਼ੁਦਾ ਪਟਾਕਿਆਂ 'ਤੇ ਪਾਬੰਦੀ ਲਗਾਉਣ ਲਈ ਦੀਵਾਲੀ, ਗੁਰਪੁਰਬ ਦੇ ਤਿਉਹਾਰ ਦੇ ਮੱਦੇ ਨਜ਼ਰ ਵਿਦੇਸ਼ਾਂ ਤੋਂ ਆਉਂਦੀ ਗੈਰ ਕਾਨੂੰਨੀ ਧਮਾਕੇਖੇਜ ਸਮਗਰੀ ਬਣਾਉਣ, ਸਟੋਰ ਕਰਨ, ਵਿਕਰੀ ਅਤੇ ਵਰਤੋਂ ਕਰਨ ਨੂੰ ਰੋਕਣ ਲਈ ਲੋੜੀਂਦੇ ਉਪਰਾਲੇ ਕੀਤੇ ਜਾਣੇ ਜ਼ਰੂਰੀ ਹਨ ।
Related Post
Popular News
Hot Categories
Subscribe To Our Newsletter
No spam, notifications only about new products, updates.