ਪ੍ਰੋ. ਬਡੂੰਗਰ ਨੇ ਕੀਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 318ਵੇਂ ਜੋਤੀ ਜੋਤਿ ਦਿਵਸ 'ਤੇ ਸ਼ਰਧਾ ਦੇ ਫੁੱਲ ਭੇਂਟ
- by Jasbeer Singh
- October 24, 2025
ਪ੍ਰੋ. ਬਡੂੰਗਰ ਨੇ ਕੀਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 318ਵੇਂ ਜੋਤੀ ਜੋਤਿ ਦਿਵਸ 'ਤੇ ਸ਼ਰਧਾ ਦੇ ਫੁੱਲ ਭੇਂਟ ਪਟਿਆਲਾ, 24 ਅਕਤੂਬਰ 2025 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸੰਸਾਰ ਦੀ ਕਲਿਆਣਤਾ ਅਤੇ ਸਰਬਪੱਖੀ ਵਿਕਾਸ ਲਈ ਅਰੰਭੇ ਮੁਕੰਮਲ ਇਨਕਲਾਬ ਅਤੇ ਸੰਪੂਰਨ ਕ੍ਰਾਂਤੀ ਨੂੰ ਹਰ ਪੱਧਰ 'ਤੇ ਸਿਖਰ ਉੱਤੇ ਪਹੁੰਚਾਉਣ ਵਾਲੇ ਖਾਲਸਾ ਪੰਥ ਦੇ ਸਿਰਜਨਹਾਰੇ, ਸਰਬੰਸਦਾਨੀ, ਅੰਮ੍ਰਿਤ ਕੇ ਦਾਤੇ, ਸਾਹਿਬ-ਏ-ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 318ਵੇਂ ਜੋਤੀ ਜੋਤਿ ਦਿਵਸ ਉੱਤੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਵਿਚ ਸੀਸ ਨਿਵਾਕੇ ਪੂਰੀ ਸ਼ਰਧਾ ਅਤੇ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਇਸ ਜਗਤ ਜਲੰਦੇ-ਭਵਸਾਗਰ ਤੋਂ ਪਾਰ ਉਤਰਨ ਲਈ ਸਤਿਗੁਰਾਂ ਵੱਲੋਂ ਦਰਸਾਏ ਮਾਰਗ ਦੇ ਪਾਂਧੀ ਬਣ ਕੇ ਆਪਣਾ ਲੋਕ ਸੁਖੀ ਅਤੇ ਪਰਲੋਕ ਸੁਹੇਲਾ ਬਣਾ ਲਈਏ । ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਵਿੱਚ ਚਾਰ ਉਦਾਸੀਆਂ ਕਰਕੇ ਸਮੁੱਚੀ ਮਾਨਵਤਾ ਨੂੰ ਸੱਚ ਦੇ ਰਾਹ ਦੇ ਪਾਂਧੀ ਬਣਾ ਕੇ ਸੰਦੇਸ਼ ਦਿੱਤਾ ਉੱਥੇ ਹੀ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਤੋਂ ਆਪਣਾ ਸਾਰਾ ਪਰਿਵਾਰ ਵਾਰ ਕੇ ਪਰਮਾਤਮਾ ਨੂੰ ਭਾਣਾ ਮੀਠਾ ਲਾਗੇ ਤੇਰਾ ਕਹਿ ਕੇ ਸਤਿਕਾਰ ਦਿੱਤਾ । ਉਹਨਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੇ ਵੀ ਮੁਗਲਾਂ ਦੀ ਹਕੂਮਤ ਪਰਵਾਹ ਨਾ ਕਰਦਿਆਂ ਸ਼ਹਾਦਤਾਂ ਤਾ ਪਾ ਲਈਆਂ, ਪਰੰਤੂ ਈਨ ਨਹੀਂ ਮੰਨੀ ।

