post

Jasbeer Singh

(Chief Editor)

Haryana News

ਬਰਾਤ ਵਿਚ ਆਏ ਲਾੜੇ ਦੇ ਦੋਸਤਾਂ ਨੇ ਫ਼ਾਇਰਿੰਗ ਕਰਕੇ ਉਤਾਰਿਆ 13 ਸਾਲਾ ਲੜਕੀ ਨੂੰ ਮੌਤ ਦੇ ਘਾਟ

post-img

ਬਰਾਤ ਵਿਚ ਆਏ ਲਾੜੇ ਦੇ ਦੋਸਤਾਂ ਨੇ ਫ਼ਾਇਰਿੰਗ ਕਰਕੇ ਉਤਾਰਿਆ 13 ਸਾਲਾ ਲੜਕੀ ਨੂੰ ਮੌਤ ਦੇ ਘਾਟ ਹਰਿਆਣਾ : ਹਰਿਆਣਾ ਦੇ ਚਰਖ਼ੀ ਦਾਦਰੀ ਸ਼ਹਿਰ `ਚ ਬੁੱਧਵਾਰ ਰਾਤ ਵਿਆਹ ਦੀ ਬਰਾਤ `ਚ ਆਏ ਲਾੜੇ ਦੇ ਦੋਸਤਾਂ ਨੇ ਫ਼ਾਇਰਿੰਗ ਕਰ ਦਿੱਤੀ, ਜਿਸ ਕਾਰਨ 13 ਸਾਲਾ ਲੜਕੀ ਦੀ ਖੋਪੜੀ `ਤੇ ਗੋਲੀ ਲੱਗਣ ਨਾਲ ਮੌਤ ਹੋ ਗਈ । ਮ੍ਰਿਤਕ ਲੜਕੀ ਦੀ ਮਾਂ ਅਤੇ ਉਸ ਦੇ ਕੋਲ ਖੜ੍ਹੀ ਇਕ ਹੋਰ ਔਰਤ ਨੂੰ ਵੀ ਗੋਲੀ ਛੂਹ ਕੇ ਲੰਘ ਗਈ ਜਿਸ ਕਾਰਨ ਦੋਵੇਂ ਜ਼ਖ਼ਮੀ ਹੋ ਗਈਆਂ । ਜ਼ਖ਼ਮੀਆਂ ਨੂੰ ਚਰਖ਼ੀ ਦਾਦਰੀ ਦੇ ਸਿਵਲ ਹਸਪਤਾਲ `ਚ ਦਾਖ਼ਲ ਕਰਵਾਇਆ ਗਿਆ ਹੈ । ਇਹ ਦੇਖ ਕੇ ਫ਼ਾਇਰਿੰਗ ਕਰਨ ਵਾਲੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕ ਲੜਕੀ ਅਤੇ ਉਸ ਦੀ ਮਾਂ ਆਪਣੇ ਪਰਿਵਾਰ ਸਮੇਤ ਝੱਜਰ ਤੋਂ ਚਰਖ਼ੀ ਦਾਦਰੀ ਵਿਆਹ ਵਿਚ ਸ਼ਾਮਲ ਹੋਣ ਲਈ ਆਏ ਸਨ । ਸੂਚਨਾ ਮਿਲਣ `ਤੇ ਥਾਣਾ ਸਿਟੀ ਦੀ ਪੁਲਿਸ ਨੇ ਸਿਵਲ ਹਸਪਤਾਲ ਪਹੁੰਚ ਕੇ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ `ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ `ਚ ਰਖਵਾਇਆ ਗਿਆ ਹੈ । ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਝੱਜਰ ਜ਼ਿਲ੍ਹੇ ਦੇ ਪਿੰਡ ਬਹੂ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਨੇ ਦੱਸਿਆ ਹੈ ਕਿ ਉਹ ਖਾਦ ਅਤੇ ਬੀਜ ਦੀ ਦੁਕਾਨ ਚਲਾਉਂਦਾ ਹੈ। ਬੁੱਧਵਾਰ ਨੂੰ ਉਹ ਆਪਣੀ ਪਤਨੀ ਸਵਿਤਾ, ਵੱਡੀ ਬੇਟੀ ਜੀਆ, ਛੋਟੀ ਬੇਟੀ ਰੀਆ ਅਤੇ ਬੇਟੇ ਮਯੰਕ ਨਾਲ ਆਪਣੇ ਦੋਸਤ ਦੀ ਬੇਟੀ ਦੇ ਵਿਆਹ ਲਈ ਚਰਖ਼ੀ ਦਾਦਰੀ ਆਏ ਸਨ । ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਖਾਣਾ ਖਾ ਕੇ ਸ਼ਗਨ ਦੇਣ ਤੋਂ ਬਾਅਦ ਜਾਣ ਦੀ ਤਿਆਰੀ ਕਰ ਰਹੇ ਸਨ । ਇਸ ਦੌਰਾਨ ਜਦੋਂ ਬਰਾਤ ਆਈ ਤਾਂ ਉਹ ਰੁਕ ਗਏ । ਬਰਾਤ ਵਿਚ ਆਏ ਕੁਝ ਨੌਜਵਾਨਾਂ ਨੇ ਪੈਲੇਸ ਦੇ ਬਾਹਰ ਹਵਾ ਵਿਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਅਸ਼ੋਕ ਨੇ ਦੱਸਿਆ ਕਿ ਉਹ ਅਤੇ ਉਸ ਦੇ ਪ੍ਰਵਾਰਕ ਮੈਂਬਰ ਫ਼ਾਇਰਿੰਗ ਕਰ ਰਹੇ ਨੌਜਵਾਨਾਂ ਤੋਂ 8-10 ਕਦਮਾਂ ਦੀ ਦੂਰੀ `ਤੇ ਖੜ੍ਹੇ ਸਨ । ਇਸ ਦੌਰਾਨ ਇਕ ਅਣਪਛਾਤੇ ਨੌਜਵਾਨ ਦੀ ਬੰਦੂਕ `ਚੋਂ ਗੋਲੀ ਚੱਲ ਗਈ, ਜੋ ਉਸ ਦੀ ਬੇਟੀ ਜੀਆ ਦੀ ਖੋਪੜੀ `ਚ ਜਾ ਲੱਗੀ । ਇਸ ਕਾਰਨ ਜੀਆ ਖ਼ੂਨ ਨਾਲ ਲਥਪਥ ਹੋ ਕੇ ਜ਼ਮੀਨ `ਤੇ ਡਿੱਗ ਪਈ । ਇਸ ਤੋਂ ਇਲਾਵਾ ਉਸ ਦੀ ਪਤਨੀ ਸਵਿਤਾ ਨੂੰ ਵੀ ਛਰੇ ਲੱਗੇ। ਅਸ਼ੋਕ ਨੇ ਦੱਸਿਆ ਕਿ ਉਹ ਆਪਣੀ ਬੇਟੀ ਅਤੇ ਪਤਨੀ ਨਾਲ ਚਰਖ਼ੀ ਦਾਦਰੀ ਸਿਵਲ ਹਸਪਤਾਲ ਲੈ ਕੇ ਪਹੁੰਚਿਆ, ਜਿੱਥੇ ਡਾਕਟਰਾਂ ਨੇ ਉਸ ਦੀ ਬੇਟੀ ਜੀਆ ਨੂੰ ਮ੍ਰਿਤਕ ਐਲਾਨ ਦਿੱਤਾ ।

Related Post