post

Jasbeer Singh

(Chief Editor)

Punjab

ਕੰਗਨਾ ਦੀ ਵਿਵਾਦਤ ਫਿਲਮ ‘ਐਮਰਜੈਂਸੀ’ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ .....

post-img

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਠਿੰਡਾ ਦੇ ਐੱਮ. ਪੀ. ਹਰਸਿਮਰਤ ਕੌਰ ਬਾਦਲ ਨੇ ਮੰਗ ਕੀਤੀ ਕਿ ਫਿਲਮ ‘ਐਮਰਜੈਂਸੀ’ ਵਿਚ ਸਿੱਖਾਂ ਦਾ ਮਾੜਾ ਅਕਸ ਪੇਸ਼ ਕਰਨ ਦੇ ਦ੍ਰਿਸ਼, ਜਿਨ੍ਹਾਂ ਕਾਰਨ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਵੱਜਣ ਅਤੇ ਸਮਾਜ ਵਿਚ ਬੇਚੈਨੀ ਪੈਦਾ ਹੋਣ ਦੇ ਆਸਾਰ ਹਨ, ਨੂੰ ਫਿਲਮ ਵਿਚੋਂ ਤੁਰੰਤ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਬਹਾਦਰ, ਦਲੇਰ ਤੇ ਦੇਸ਼ ਭਗਤ ਸਿੱਖ ਕੌਮ, ਜਿਸ ਨੇ ਭਾਰਤ ਨੂੰ ਆਜ਼ਾਦੀ ਲੈ ਕੇ ਦਿੱਤੀ ਅਤੇ ਦੇਸ਼ ਦੇ ਅਨਾਜ ਭੰਡਾਰ ਭਰੇ, ਦਾ ਮਾੜਾ ਅਕਸ ਪੇਸ਼ ਕੀਤਾ ਗਿਆ ਤਾਂ ਫਿਰ ਇਹ ਮੰਨਿਆ ਜਾਵੇਗਾ ਕਿ ਅਜਿਹਾ ਝੂਠਾ ਪ੍ਰਾਪੇਗੰਡਾ ਫੈਲਾਉਣ ਵਿਚ ਕੇਂਦਰ ਸਰਕਾਰ ਦਾ ਵੀ ਹੱਥ ਹੈ। ਫਿਲਮ ਅਦਾਕਾਰਾ ਅਤੇ ਮੰਡੀ ਤੋਂ ਐੱਮ. ਪੀ. ਕੰਗਨਾ ਰਣੌਤ, ਜਿਸ ਨੇ ਫਿਲਮ ਵਿਚ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਈ ਹੈ, ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਰਣੌਤ ਨੇ ਪਹਿਲਾਂ ਵੀ ਕਿਸਾਨੀ ਸੰਘਰਸ਼ ਵਿਚ ਭਾਗ ਲੈਣ ਵਾਲੀਆਂ ਸਾਡੀਆਂ ਸਿੱਖ ਮਾਵਾਂ ਪ੍ਰਤੀ ਮੰਦੀ ਸ਼ਬਦਾਵਲੀ ਵਰਤੀ ਸੀ। ਅਜਿਹੀਆਂ ਟਿੱਪਣੀਆਂ ਕਾਰਨ ਸਮਾਜ ਵਿਚ ਨਫਰਤ ਪੈਦਾ ਹੁੰਦੀ ਹੈ ਤੇ ਅਜਿਹਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2019 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਭਰੋਸਾ ਦੁਆਇਆ ਸੀ ਬੰਦੀ ਸਿੰਘ ਰਿਹਾਅ ਕੀਤੇ ਜਾਣਗੇ ਤੇ ਆਪਣੀ ਉਮਰ ਕੈਦ ਪੂਰੀ ਕਰਨ ਵਾਲਿਆਂ ਨੂੰ ਰਿਹਾਅ ਕਰਨ ਦੇ ਨਾਲ-ਨਾਲ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲਣ ਲਈ ਨੋਟੀਫਿਕੇਸ਼ਨ ਵੀ ਜਾਰੀ ਹੋਇਆ ਸੀ। ਉਨ੍ਹਾਂ ਕਿਹਾ ਕਿ ਲਿਖਤੀ ਨੋਟੀਫਿਕੇਸ਼ਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਗਿਆ ਜਦੋਂ ਕਿ ਬਿਲਕਿਸ ਬਾਨੋ ਨਾਲ ਜਬਰ-ਜ਼ਿਨਾਹ ਕਰਨ ਵਾਲੇ ਦੋਸ਼ੀ ਰਿਹਾਅ ਕਰ ਦਿੱਤੇ ਗਏ।

Related Post