post

Jasbeer Singh

(Chief Editor)

National

ਜਾਤੀ ਜਨਗਣਨਾ ਹੋਣ ਨਾਲ ਦਲਿਤਾਂ, ਪਛੜੇ ਵਰਗਾਂ ਤੇ ਆਦਿਵਾਸੀਆਂ ਨਾਲ ਹੋ ਰਹੇ ਅਨਿਆਂ ਦਾ ਪਤਾ ਲੱਗੇ ਸਕੇਗਾ ਪਤਾ : ਰਾਹੁਲ ਗ

post-img

ਜਾਤੀ ਜਨਗਣਨਾ ਹੋਣ ਨਾਲ ਦਲਿਤਾਂ, ਪਛੜੇ ਵਰਗਾਂ ਤੇ ਆਦਿਵਾਸੀਆਂ ਨਾਲ ਹੋ ਰਹੇ ਅਨਿਆਂ ਦਾ ਪਤਾ ਲੱਗੇ ਸਕੇਗਾ ਪਤਾ : ਰਾਹੁਲ ਗਾਂਧੀ ਨਾਗਪੁਰ : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਜਾਤੀ ਅਧਾਰਤ ਜਨਗਣਨਾ ਦੀ ਵਕਾਲਤ ਕਰਦਿਆਂ ਆਖਿਆ ਕਿ ਦੇਸ਼ ’ਚ ਜਾਤੀ ਜਨਗਣਨਾ ਹੋਵੇਗੀ ਅਤੇ ਇਸ ਪ੍ਰਕਿਰਿਆ ਰਾਹੀਂ ਦਲਿਤਾਂ, ਪਛੜੇ ਵਰਗਾਂ ਤੇ ਆਦਿਵਾਸੀਆਂ ਨਾਲ ਹੋ ਰਹੇ ਅਨਿਆਂ ਦਾ ਪਤਾ ਲੱਗੇਗਾ। ਉਨ੍ਹਾਂ ਆਖਿਆ ਕਿ ਜਾਤੀ ਜਨਗਣਨਾ ਦਾ ਅਸਲੀ ਅਰਥ ਨਿਆਂ ਹੈ ਅਤੇ ਉਨ੍ਹਾਂ ਦੀ ਪਾਰਟੀ ਰਾਖਵੇਂਕਰਨ ਦੀ ‘‘50 ਫ਼ੀਸਦ ਦੀ ਰੋਕ’ ਨੂੰ ਵੀ ਤੋੜ ਦੇਵੇਗੀ। ਇਸੇ ਦੌਰਾਨ ਰਾਹੁਲ ਗਾਂਧੀ ਨੇ ਨਾਗਪੁਰ ਵਿੱਚ ‘ਦੀਕਸ਼ਾਭੂਮੀ’ ਜਾ ਕੇ ਸੰਵਿਧਾਨਘਾੜੇ ਡਾ. ਬੀ.ਆਰ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਥੇ ਅੰਬੇਡਕਰ ਤੇ ਉਨ੍ਹਾਂ ਦੇ ਹਜ਼ਾਰਾਂ ਪੈਰੋਕਾਰਾਂ ਨੇ 14 ਅਕਤੂਬਰ 1956 ਨੂੰ ਬੁੱਧ ਧਰਮ ਅਪਣਾਇਆ ਸੀ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਾਗਪੁਰ ’ਚ ਸੰਵਿਧਾਨ ਸਨਮਾਨ ਸੰਮੇਲਨ ਨੂੰ ਸੰਬੋਧਨ ਕਰਦਿਆਂ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਰਾਸ਼ਟਰੀ ਸਵੈਮਸੇਵਕ ਸੰਘ ਤੇ ਸੱਤਾਧਾਰੀ ਭਾਜਪਾ ’ਤੇ ਨਿਸ਼ਾਨਾ ਸੇਧਿਆ ਅਤੇ ਉਨ੍ਹਾਂ ’ਤੇ ਸੰਵਿਧਾਨ ’ਤੇ ਹਮਲੇ ਰਾਹੀਂ ਦੇਸ਼ ਦੀ ਆਵਾਜ਼ ’ਤੇ ਹਮਲਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਜਾਤੀ ਜਨਗਣਨਾ ਜਨਰਲ (ਵਰਗ), ਦਲਿਤਾਂ, ਆਦਿਵਾਸੀਆਂ, ਘੱਟ ਗਿਣਤੀਆਂ, ਔਰਤਾਂ ਤੇ ਬਾਕੀ ਸਾਰਿਆਂ ਨੂੰ ਨਿਆਂ ਦੇਵੇਗੀ। ਕਾਂਗਰਸੀ ਆਗੂ ਨੇ ਕਿਹਾ ਕਿ ਜਾਤੀ ਜਨਗਣਨਾ ਨਾਲ ਸਭ ਕੁਝ ਸਪੱਸ਼ਟ ਹੋ ਜਾਵੇਗਾ। ਸਾਰਿਆਂ ਨੂੰ ਪਤਾ ਲੱਗੇਗਾ ਕਿ ਉਨ੍ਹਾਂ ਕੋਲ ਕਿੰਨੀ ਤਾਕਤ ਹੈ ਤੇ ਸਾਡੀ ਕੀ ਭੂੁਮਿਕਾ ਹੈ।ਉਨ੍ਹਾਂ ਦਾਅਵਾ ਕੀਤਾ ਕਿ ਅਡਾਨੀ ਦੀਆਂ ਕੰਪਨੀਆਂ ਦੀ ਮੈਨਜਮੈਂਟ ’ਚ ਕੋਈ ਵੀ ਦਲਿਤ, ਓ. ਬੀ. ਸੀ. ਅਤੇ ਆਦਿਵਾਸੀ ਨਹੀਂ ਮਿਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਮੈਂ ਜਦੋਂ ਵੀ ਜਾਤੀ ਜਨਗਣਨਾ ਦੀ ਗੱਲ ਕਰਦਾ ਹਾਂ ਤਾਂ ਮੋਦੀ ਕਹਿੰਦੇ ਹਨ ਰਾਹੁਲ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਸੀਂ ਦੇਸ਼ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਦੇਸ਼ ’ਚ 90 ਫ਼ੀਸਦੀ ਤੋਂ ਵੱਧ ਹਾਸ਼ੀਏ ’ਤੇ ਧੱਕੇ ਲੋਕਾਂ ਨੂੰ ਨਿਆਂ ਦਿਵਾਉਣ ਲਈ ਲੜ ਰਹੇ ਹਾਂ।

Related Post