
ਹਾਈ ਕੋਰਟ ਰੱਖਿਆ ਇੰਸਪੈਕਟਰ ਰੌਨੀ ਸਿੰਘ ਦੀ ਅਗੇਤੀ ਜ਼ਮਾਨਤ ਮੰਗ `ਤੇ ਆਪਣਾ ਫੈਸਲਾ ਰਾਖਵਾਂ
- by Jasbeer Singh
- May 16, 2025

ਹਾਈ ਕੋਰਟ ਰੱਖਿਆ ਇੰਸਪੈਕਟਰ ਰੌਨੀ ਸਿੰਘ ਦੀ ਅਗੇਤੀ ਜ਼ਮਾਨਤ ਮੰਗ `ਤੇ ਆਪਣਾ ਫੈਸਲਾ ਰਾਖਵਾਂ ਚੰਡੀਗੜ੍ਹ, 16 ਮਈ : ਪੰਜਾਬ ਦੇ ਪ੍ਰਸਿੱਧ ਸ਼ਹਿਰ ਪਟਿਆਲਾ ਦੇ ਪਟਿਆਲਾ ਸੰਗਰੂਰ ਰੋਡ ਤੇ ਬਣੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਬਾਹਰ ਬਣੇ ਢਾਬੇ ਤੇ 13, 14 ਮਾਰਚ ਦੀ ਦਰਮਿਆਨੀ ਰਾਤ ਨੂੰ ਵਾਪਰੇ ਭਾਰਤੀ ਫੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਸਦੇ ਪੁੱਤਰ ਅੰਗਦ ਬਾਠ ਦੀ ਕੁੱਟਮਾਰ ਦੇ ਮਾਮਲੇ ਵਿਚ ਸ਼ਾਮਲ ਪੰਜਾਬ ਪੁਲਸ ਦੇ ਇੰਸਪੈਕਟਰ ਰੌਣੀ ਸਿੰਘ ਦੀ ਅਗੇਤੀ ਜ਼ਮਾਨਤ ਲਈ ਲਗਾਈ ਗਈ ਪਟੀਸ਼ਨ ਦੇ ਫ਼ੈਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਾਲੇ ਰਾਖਵਾਂ ਰੱਖ ਲਿਆ ਹੈ। ਸੁਣਵਾਈ ਦੌਰਾਨ ਹਾਈ ਕੋਰਟ ਨੇ ਸਵਾਲ ਉਠਾਇਆ ਕਿ ਰੌਨੀ ਸਿੰਘ ਨੂੰ ਅਜੇ ਤੱਕ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ? 11 ਅਪ੍ਰੈਲ ਨੂੰ ਪਟਿਆਲਾ ਦੀ ਅਦਾਲਤ ਨੇ ਉਸ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ, ਜਿਸ ਤੋਂ ਬਾਅਦ ਦੋਸ਼ੀ ਇੰਸਪੈਕਟਰ ਰੌਨੀ ਸਿੰਘ ਨੇ ਹਾਈ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਇੱਕ ਸੁਣਵਾਈ `ਤੇ, ਹਾਈ ਕੋਰਟ ਨੇ ਉਸ ਦੀ ਪਟੀਸ਼ਨ ਨੂੰ ਸੁਣਵਾਈ ਲਈ ਦੂਜੀ ਬੈਂਚ ਨੂੰ ਭੇਜ ਦਿੱਤਾ ਸੀ ।ਕਰਨਲ ਬਾਠ ਮਾਮਲੇ ਵਿੱਚ ਇੰਸਪੈਕਟਰ ਰੌਨੀ ਸਿੰਘ ਸਮੇਤ ਚਾਰ ਹੋਰ ਪੁਲਿਸ ਇੰਸਪੈਕਟਰ ਵੀ ਦੋਸ਼ੀ ਹਨ। ਇਸ ਮਾਮਲੇ ਵਿੱਚ 22 ਮਾਰਚ ਨੂੰ ਉਨ੍ਹਾਂ ਵਿਰੁਧ ਐਫ਼ਆਈਆਰ ਦਰਜ ਕੀਤੀ ਗਈ ਸੀ। ਪਟੀਸ਼ਨ `ਤੇ ਸੁਣਵਾਈ ਕਰਦੇ ਹੋਏ ਜਸਟਿਸ ਅਨੂਪ ਚਿਤਕਾਰਾ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ। 13 ਮਾਰਚ ਦੀ ਰਾਤ ਨੂੰ, ਪਟਿਆਲਾ ਵਿੱਚ ਸ਼ਰਾਬੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਫ਼ੌਜ ਦੇ ਕਰਨਲ ਪੁਸ਼ਪਿੰਦਰ ਅਤੇ ਉਸ ਦੇ ਪੁੱਤਰ ਅੰਗਦ ਸਿੰਘ ਦੀ ਕੁੱਟਮਾਰ ਕੀਤੀ। ਕਰਨਲ ਦਾ ਬਿਆਨ ਲੈਣ ਦੀ ਬਜਾਏ, ਪੁਲਿਸ ਨੇ ਇੱਕ ਢਾਬੇ `ਤੇ ਕੰਮ ਕਰਨ ਵਾਲੇ ਇੱਕ ਵਿਅਕਤੀ ਦੇ ਬਿਆਨ `ਤੇ ਅਣਪਛਾਤੇ ਵਿਅਕਤੀਆਂ ਵਿਰੁਧ ਕੇਸ ਦਰਜ ਕੀਤਾ ਸੀ ਅਤੇ ਕਰਨਲ `ਤੇ ਹਮਲਾ ਕਰਨ ਵਾਲੇ ਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਬਾਠ ਇਸ ਸਮੇਂ ਨਵੀਂ ਦਿੱਲੀ ਸਥਿਤ ਫ਼ੌਜ ਹੈੱਡਕੁਆਰਟਰ ਵਿੱਚ ਤਾਇਨਾਤ ਹਨ। ਉਸ ਨੇ ਦੋਸ਼ ਲਾਇਆ ਕਿ 13 ਮਾਰਚ ਦੀ ਰਾਤ ਨੂੰ, ਪੰਜਾਬ ਪੁਲਿਸ ਦੇ ਚਾਰ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਅਤੇ ਉਨ੍ਹਾਂ ਦੇ ਹਥਿਆਰਬੰਦ ਮਾਤਹਿਤ ਕਰਮਚਾਰੀਆਂ ਨੇ ਬਿਨਾਂ ਕਿਸੇ ਭੜਕਾਹਟ ਦੇ ਉਸ ਅਤੇ ਉਸ ਦੇ ਪੁੱਤਰ `ਤੇ ਹਮਲਾ ਕਰ ਦਿੱਤਾ। ਹਾਈ ਕੋਰਟ ਦੇ ਹੁਕਮਾਂ `ਤੇ ਇਸ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਿਸ ਦੇ ਇੱਕ ਆਈਪੀਐਸ ਅਧਿਕਾਰੀ ਦੀ ਅਗਵਾਈ ਹੇਠ ਕੀਤੀ ਜਾ ਰਹੀ ਹੈ।