

ਪਹਿਲਾ ਵਿਸ਼ਵ ਪੰਜਾਬੀ ਦਿਵਸ ਮਨਾ ਕੇ ਰਚਿਆ ਇਤਿਹਾਸ ਬਾਬਾ ਫ਼ਰੀਦ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ ਵਿਸ਼ਵ ਪੰਜਾਬੀ ਦਿਵਸ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਮਨਾਇਆ ਗਿਆ ਪਹਿਲਾ ਵਿਸ਼ਵ ਪੰਜਾਬੀ ਦਿਵਸ ਪਟਿਆਲਾ, 23 ਸਤੰਬਰ 2025 : ਸਾਡੇ ਦੇਸ਼ ਵਿੱਚ ਅਨੇਕਾਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹਰ ਮਾਂ-ਬੋਲੀ ਉਸਦੇ ਪੁੱਤਰਾਂ ਲਈ ਪਿਆਰੀ ਹੁੰਦੀ ਹੈ। ਪੰਜਾਬੀ ਬੋਲੀ ਦਾ ਇਤਿਹਾਸ ਬਹੁਤ ਪੁਰਾਣਾ ਹੈ। ਸਾਡੇ ਦੇਸ਼ ਵਿੱਚ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਅਤੇ ਹਿੰਦੀ ਦਿਵਸ ਮਨਾਏ ਜਾਂਦੇ ਰਹੇ ਹਨ ਪ੍ਰੰਤੂ ਪੰਜਾਬੀ ਦਿਵਸ ਕਦੇ ਨਹੀਂ ਮਨਾਇਆ ਗਿਆ। ਆਪਣਾ ਪੰਜਾਬ ਫਾਊਂਡੇਸ਼ਨ ਦੇ ਫਾਊਂਡਰ ਅਤੇ ਚੇਅਰਮੈਨ ਡਾ. ਜਗਜੀਤ ਸਿੰਘ ਧੂਰੀ ਅਤੇ ਸਮੂਹ ਡਾਇਰੈਕਟਰਾਂ ਨੇ ਬਾਬਾ ਫ਼ਰੀਦ ਜੀ ਦੇ ਆਗਮਨ ਦਿਵਸ ਦੇ ਮੌਕੇ ਇਹ ਨਵੀਂ ਸ਼ੁਰੂਆਤ ਕੀਤੀ। ਜਾਣਕਾਰੀ ਦਿੰਦੇ ਹੋਏ ਫਾਊਂਡੇਸ਼ਨ ਦੇ ਡਾਇਰੈਕਟਰ ਕਮਲਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਅੱਜ ਪਟਿਆਲਾ ਵਿਖੇ ਹਰਪਾਲ ਟਿਵਾਣਾ ਕਲਾ ਕੇਂਦਰ ਵਿੱਚ ਪੂਰੇ ਪੰਜਾਬ ਭਰ ਵਿੱਚੋਂ ਵਿਸ਼ਾਲ ਇਕੱਠ ਹੋਇਆ। ਇਸ ਮੌਕੇ ਸਿੱਖ ਇਤਿਹਾਸਕਾਰ ਡਾ. ਹਰਪਾਲ ਸਿੰਘ ਪੰਨੂ, ਪ੍ਰੋ. ਗੁਰਮੁੱਖ ਸਿੰਘ, ਡਾ. ਭੀਮਇੰਦਰ ਸਿੰਘ, ਭੁਪਿੰਦਰ ਬਰਗਾੜੀ,ਸੱਤਦੀਪ ਸਿੰਘ ਗਿੱਲ, ਸਵਰਨਜੀਤ ਸਵੀ, ਜਸਵੰਤ ਜਫ਼ਰ, ਦਰਸ਼ਨ ਬੁੱਟਰ, ਦਰਸ਼ਨ ਸਿੰਘ ਆਸ਼ਟ, ਪਲਇੰਦਰ ਸਿੰਘ ਤੋਂ ਇਲਾਵਾ ਅਨੇਕਾਂ ਸਾਹਿਤਕਾਰ ਅਤੇ ਬੁੱਧੀਜੀਵੀ ਸ਼ਾਮਲ ਹੋਏ। ਆਪਣੇ ਸੰਬੋਧਨੀ ਭਾਸ਼ਣ ਵਿੱਚ ਡਾ. ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਅੱਜ ਪੰਜਾਬ ਦੇ 6500 ਸਕੂਲਾਂ, 1650 ਕਾਲਜਾਂ ਅਤੇ ਯੂਨੀਵਰਸਿਟੀਆਂ ਵੱਲੋਂ ਇਹ ਦਿਵਸ ਮਨਾ ਕੇ ਇਤਿਹਾਸ ਸਿਰਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਵਿੱਚੋਂ ਵੀ ਇਸ ਦਿਨ ਦਾ ਸਮਰਥਨ ਕਰਦੇ ਹੋਏ ਵਿਸ਼ਵ ਪੰਜਾਬੀ ਦਿਵਸ ਮਨਾਇਆ ਗਿਆ । ਇਸ ਪ੍ਰੋਗਰਾਮ ਵਿੱਚ ਇਸ ਦਿਨ ਨੂੰ ਲੈ ਕੇ ਡੂੰਘੇ ਵਿਚਾਰ ਪੇਸ਼ ਕੀਤੇ ਗਏ। ਸਾਰੇ ਵਿਦਵਾਨਾਂ ਨੇ ਇਸ ਇਤਿਹਾਸਿਕ ਦਿਨ ਦੀ ਸਥਾਪਤੀ ਲਈ ਖ਼ੁਸ਼ੀ ਪ੍ਰਗਟ ਕੀਤੀ। ਇਸ ਮੌਕੇ ਕਵੀਸ਼ਰੀ ਵਾਰ, ਲੋਕ ਗੀਤ ਅਤੇ ਗਿੱਧੇ ਦੀ ਪ੍ਰਦਰਸ਼ਨੀ ਵੀ ਹੋਈ । ਆਏ ਵਿਦਵਾਨਾਂ ਅਤੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਸਾਰਿਆਂ ਨੇ ਅਹਿਦ ਕੀਤਾ ਕਿ ਹਰ ਸਾਲ 23 ਸਤੰਬਰ ਨੂੰ ਪੰਜਾਬੀ ਦਿਵਸ ਮਨਾਇਆ ਜਾਵੇਗਾ। ਅੰਤ ਵਿੱਚ ਪੰਜਾਬ ਫਾਊਂਡੇਸ਼ਨ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ ।