

ਇੱਥੇ ਪੌਂਗ ਡੈਮ ਦੇ ਹੇਠਾਂ ਪਹਾੜੀ ’ਤੇ ਸਥਿਤ ਸ਼ਿਵ ਮੰਦਰ ਵਿਖੇ ਲਿਫਟ ਦੇ ਸਹਾਰੇ ਜਾਣ ਵਾਲੀ ਟਰਾਲੀ ਟੁੱਟਣ ਕਾਰਨ ਮੁਕੇਰੀਆਂ ਦੇ ਵਸਨੀਕ ਪਤੀ-ਪਤਨੀ ਦੀ ਮੌਤ ਹੋ ਗਈ। ਹਾਦਸੇ ’ਚ ਜੋੜੇ ਦਾ ਬੱਚਾ ਅਤੇ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਏ ਹਨ। ਹਿਮਾਚਲ ਪੁਲੀਸ ਨੇ ਮੰਦਰ ਕਮੇਟੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਸ਼ਿਵ ਮੰਦਰ ’ਚ ਸ਼ਾਮ ਵਕਤ ਮੁਕੇਰੀਆਂ ਤੋਂ ਦਿਨੇਸ਼ ਬਹਿਲ ਆਪਣੀ ਪਤਨੀ ਸੋਨਿਕਾ ਬਹਿਲ, ਪੁੱਤਰ ਸ਼ੁਭਮ ਬਹਿਲ ਅਤੇ ਰਾਜਬੀਰ ਨਾਲ ਮੱਥਾ ਟੇਕਣ ਪਹੁੰਚੇ ਸਨ। ਮੰਦਰ ਦੀਆਂ ਪੌੜੀਆਂ ਚੜ੍ਹਨ ਦੀ ਬਜਾਏ ਇਹ ਮੰਦਰ ਕਮੇਟੀ ਵੱਲੋਂ ਸਾਮਾਨ ਢੋਣ ਲਈ ਬਣਾਈ ਲਿਫਟ ਟਰਾਲੀ ਵਿੱਚ ਚੜ੍ਹ ਗਏ। ਜਦੋਂ ਇਹ ਪਰਿਵਾਰ ਅੱਧੇ ਰਸਤੇ ਵਿੱਚ ਪਹੁੰਚਿਆ ਤਾਂ ਟਰਾਲੀ ਟੁੱਟ ਗਈ ਅਤੇ ਸਵਾਰ ਚਾਰੋਂ ਵਿਅਕਤੀ ਹੇਠਾਂ ਡਿੱਗ ਗਏ। ਗੰਭੀਰ ਜ਼ਖ਼ਮੀ ਹੋਏ ਦਿਨੇਸ਼ ਬਹਿਲ ਤੇ ਉਸ ਦੀ ਪਤਨੀ ਸੋਨਿਕਾ ਬਹਿਲ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਜਦਕਿ ਸ਼ੁਭਮ ਬਹਿਲ ਤੇ ਰਾਜਬੀਰ ਸਿਵਲ ਹਸਪਤਾਲ ਮੁਕੇਰੀਆਂ ਜ਼ੇਰੇ ਇਲਾਜ ਹਨ।