July 6, 2024 02:55:55
post

Jasbeer Singh

(Chief Editor)

Sports

ਭਾਰਤੀ ਬੱਲੇਬਾਜ਼ ਕੇਦਾਰ ਜਾਧਵ ਵੱਲੋਂ ਸੰਨਿਆਸ ਦਾ ਐਲਾਨ

post-img

ਭਾਰਤ ਅਤੇ ਮਹਾਰਾਸ਼ਟਰ ਦੇ ਬੱਲੇਬਾਜ਼ ਕੇਦਾਰ ਜਾਧਵ ਨੇ ਨੈਸ਼ਨਲ ਟੀਮ ਲਈ ਆਖਰੀ ਮੈਚ ਖੇਡਣ ਦੇ ਚਾਰ ਸਾਲ ਬਾਅਦ ਅੱਜ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ। ਭਾਰਤ ਲਈ ਨਵੰਬਰ 2014 ਵਿੱਚ ਰਾਂਚੀ ’ਚ ਸ੍ਰੀਲੰਕਾ ਖ਼ਿਲਾਫ਼ ਇੱਕ ਰੋਜ਼ਾ ਕੌਮਾਂਤਰੀ ਮੁਕਾਬਲੇ ਨਾਲ ਸ਼ੁਰੂਆਤ ਕਰਨ ਵਾਲੇ 39 ਸਾਲਾ ਜਾਧਵ ਨੇ 73 ਇੱਕ ਰੋਜ਼ਾ ਕੌਮਾਂਤਰੀ ਅਤੇ ਨੌਂ ਟੀ20 ਕੌਮਾਂਤਰੀ ਮੁਕਾਬਲੇ ਖੇਡੇ। ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਕਰੀਬੀ ਮੰਨੇ ਜਾਣ ਵਾਲੇ ਜਾਧਵ ਨੇ ਵਿਕਟਕੀਪਰ-ਬੱਲੇਬਾਜ਼ ਦੀ ਸ਼ੈਲੀ ਵਿੱਚ ਹੀ ਸੰਨਿਆਸ ਦਾ ਐਲਾਨ ਕੀਤਾ। ਜਾਧਵ ਨੇ ਐਕਸ ’ਤੇ ਲਿਖਿਆ, ‘‘ਮੇਰੇ ਕਰੀਅਰ ਦੌਰਾਨ ਤੁਹਾਡੇ ਪਿਆਰ ਅਤੇ ਸਮਰਥਨ ਲਈ ਧੰਨਵਾਦ। ਮੇਰਾ ਕ੍ਰਿਕਟ ਦੀਆਂ ਸਾਰੀਆਂ ਵੰਨਗੀਆਂ ਤੋਂ ਸੰਨਿਆਸ ਲਿਆ ਹੋਇਆ ਸਮਝੋ।’’ ਜਾਧਵ ਐਤਵਾਰ ਨੂੰ ਪੁਣੇ ਵਿੱਚ ਸ਼ੁਰੂ ਹੋਈ ਮਹਾਰਾਸ਼ਟਰ ਪ੍ਰੀਮੀਅਰ ਲੀਗ ’ਚ ਕੋਹਲਾਪੁਰ ਟਸਕਰਜ਼ ਦੀ ਕਪਤਾਨੀ ਕਰ ਰਿਹਾ ਹੈ ਅਤੇ ਉਸ ਦੀ ਪੋਸਟ ਤੋਂ ਇਹ ਸਪੱਸ਼ਟ ਨਹੀਂ ਹੁੰਦਾ ਕਿ ਉਹ ਇਸ ਟੂਰਨਾਮੈਂਟ ਵਿੱਚ ਅੱਗੇ ਖੇਡੇਗਾ ਜਾਂ ਨਹੀਂ। ਜਾਧਵ ਨੇ ਭਾਰਤ ਲਈ 73 ਇੱਕ ਰੋਜ਼ਾ ਕੌਮਾਂਤਰੀ ਮੈਚਾਂ ਵਿੱਚ ਦੋ ਸੈਂਕੜਿਆਂ ਅਤੇ ਛੇ ਨੀਮ ਸੈਂਕੜਿਆਂ ਦੀ ਮਦਦ ਨਾਲ 42.09 ਦੀ ਔਸਤ ਨਾਲ 1389 ਦੌੜਾਂ ਬਣਾਈਆਂ। ਜਾਧਵ ਨੇ ਆਪਣੇ ਕਰੀਅਰ ਦੀ ਸਰਵੋਤਮ ਪਾਰੀ ਜਨਵਰੀ, 2017 ਵਿੱਚ ਪੁਣੇ ’ਚ ਇੱਕ ਰੋਜ਼ਾ ਕੌਮਾਂਤਰੀ ਮੈਚ ਦੌਰਾਨ ਇੰਗਲੈਂਡ ਖ਼ਿਲਾਫ਼ ਖੇਡੀ, ਜਦ ਉਸ ਨੇ ਵੱਡੇ ਸਕੋਰ ਵਾਲੇ ਮੈਚ ਵਿੱਚ 76 ਗੇਂਦਾਂ ਵਿੱਚ 12 ਚੌਕੇ ਅਤੇ ਚਾਰ ਛੱਕਿਆਂ ਨਾਲ 120 ਦੌੜਾਂ ਦੀ ਪਾਰੀ ਖੇਡਦਿਆਂ ਆਪਣਾ ਦੂਜਾ ਸੈਂਕੜਾ ਜੜ ਕੇ ਭਾਰਤ ਨੂੰ ਤਿੰਨ ਵਿਕਟਾਂ ਨਾਲ ਜਿੱਤ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ।

Related Post