

ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਹੋਈ 35 ਮਹੀਨਿਆਂ ਦੀ ਕੈਦ ਸਿੰਗਾਪੁਰ, 17 ਜੁਲਾਈ 2025 : ਭਾਰਤੀ ਮੂਲ ਦੇ 22 ਸਾਲਾ ਨੌਜਵਾਨ ਨੂੰ ਸਿੰਗਾਪੁਰ ਵਿਖੇ ਇਸ ਲਈ 35 ਮਹੀਨਿਆਂ ਦੀ ਸਜ਼ਾ ਦਿੱਤੀ ਗਈ ਹੈ ਕਿਉਂਕਿ ਉਸ ਵਲੋਂ ਨਸ਼ੇ ਵਿਚ ਧੁੱਤ ਹੋ ਕੇ ਇਕ ਵਿਅਕਤੀ ਨੂੰ ਨਦੀ ਵਿਚ ਧੱਕ ਕੇ ਉਸਦੀ ਜਾਨ ਲੈ ਲਈ ਗਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ 22 ਸਾਲਾ ਲੇਘਾ ਪਵਨ ਨੇ ਪਿਛਲੇ ਸਾਲ 30 ਜੂਨ ਦੀ ਰਾਤ ਨੂੰ 33 ਸਾਲ ਉਸਾਰੀ ਮਜ਼ਦੂਰ ਜਸਬੀਰ ਸਿੰਘ ਨੂੰ ਸਵੈ-ਇੱਛਾ ਨਾਲ ਗੰਭੀਰ ਸੱਟ ਪਹੁੰਚਾਉਣ ਦਾ ਦੋਸ਼ ਕਬੂਲ ਕਰ ਲਿਆ ਸੀ । ਮੌਤ ਦੇ ਘਾਟ ਉਤਰਿਆ ਜਸਬੀਰ ਸਿੰਘ ਸੀ ਦੋ ਛੋਟੇ ਬੱਚਿਆਂ ਦਾ ਬਾਪ ਉਕਤ ਘਟਨਾਕ੍ਰਮ ਜਿਸ ਵਿਚ ਲੇਘਾ ਵਲੋਂ ਜਸਬੀਰ ਸਿੰਘ ਨੂੰ ਨਦੀ ਵਿਚ ਧੱਕਾ ਦਿੱਤੇ ਜਾਣ ਕਾਰਨ ਮੌਤ ਹੋ ਗਈ ਦੋ ਛੋਟੇ ਬੱਚਿਆਂ ਦਾ ਬਾਪ ਵੀ ਹੈ ਅਤੇ ਆਪਣੇ ਪਰਿਵਾਰ ਲਈ ਇੱਕੋ ਇਕ ਕਮਾਉਣ ਵਾਲਾ ਸੀ। ਉਕਤ ਹਾਦਸੇ ਦੀ ਅਦਾਲਤ ਵਿਚ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਸੁਣਿਆ ਕਿ ਲੇਘਾ ਅਤੇ ਜਸਬੀਰ ਸਿੰਘ ਦੋਵੇਂ 30 ਜੂਨ ਦੀ ਰਾਤ ਨੂੰ ਨਸ਼ੇ ਵਿਚ ਸਨ ਜਦੋਂ ਇਹ ਘਟਨਾ ਵਾਪਰੀ। ਜਦੋਂ ਜਸਬੀਰ ਸਿੰਘ ਨੂੰ ਨਦੀ ਕਿਨਾਰੇ ਸੈਰ-ਸਪਾਟਾ ਲਈ ਪ੍ਰਸਿੱਧ ਸਥਾਨ ਕਲਾਰਕ ਕੁਏ ਵਿਖੇ ਨਦੀ ਵਿਚ ਧੱਕਾ ਦੇ ਦਿਤਾ ਗਿਆ ਤਾਂ ਨੇੜਲੇ ਜੋੜੇ ਨੇ ਰੌਲਾ ਪਾ ਦਿਤਾ। ਬਚਾਅ ਗੋਤਾਖੋਰਾਂ ਨੂੰ ਕੁੱਝ ਘੰਟਿਆਂ ਬਾਅਦ ਉਸ ਦੀ ਲਾਸ਼ ਮਿਲੀ।ਅਦਾਲਤ ਵਿਚ ਪੇਸ਼ ਕੀਤੀ ਰਿਪੋਰਟ ਵਿਚ ਦੱਸਿਆ ਗਿਆ ਕਿ ਲੇਘਾ ਮੌਕੇ ਤੋਂ ਭੱਜ ਗਿਆ ਅਤੇ ਗ੍ਰਿਫਤਾਰੀ ਤੋਂ ਬਚਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਅਗਲੀ ਸਵੇਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਵੈ-ਇੱਛਾ ਨਾਲ ਸੱਟ ਪਹੁੰਚਾਉਣ ਲਈ ਲੇਘਾ ਨੂੰ ਪੰਜ ਸਾਲ ਤਕ ਦੀ ਜੇਲ, 10,000 ਸਿੰਗਾਪੁਰੀ ਡਾਲਰ ਤਕ ਦਾ ਜੁਰਮਾਨਾ ਜਾਂ ਦੋਵੇਂ ਵੀ ਹੋ ਸਕਦੇ ਸਨ।