ਖ਼ਾਲਿਸਤਾਨੀ ਅੱਤਵਾਦੀ ਦੀ ਰਾਸ਼ਟਰੀ ਗਾਨ ਨੂੰ ਲੈ ਕੇ ਧਮਕੀ ਗੁਰਦਾਸਪੁਰ, 3 ਜਨਵਰੀ 2026 : ਭਾਰਤ ਸਰਕਾਰ ਵੱਲੋਂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ 'ਸਿੱਖਸ ਫ਼ਾਰ ਜਸਟਿਸ ਦੇ ਅਖੌਤੀ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇਕ ਵਾਰ ਫਿਰ ਭੜਕਾਊ ਬਿਆਨ ਦੇ ਕੇ ਪੰਜਾਬ ਵਿਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ । ਤਾਜ਼ਾ ਜਾਰੀ ਇਕ ਵੀਡੀਓ ਵਿਚ ਪੰਨੂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ 12 ਜਨਵਰੀ ਤੋਂ ਸੂਬੇ ਦੀਆਂ ਵਿੱਦਿਅਕ ਸੰਸਥਾਵਾਂ ਵਿਚ ਰਾਸ਼ਟਰੀ ਗਾਨ 'ਜਨ-ਗਣ-ਮਨ' ਨਾ ਵੱਜਣ ਦੇਣ ਦੀ ਧਮਕੀ ਦਿੱਤੀ ਹੈ। ਪੰਜਾਬ ਦੇ ਸਕੂਲ-ਕਾਲਜਾਂ 'ਚ 'ਦੇਹ ਸਿਵਾ ਬਰੁ ਮੋਹਿ' ਗਾਓ ਵੀਡੀਓ ਸੰਦੇਸ਼ ਵਿਚ ਪੰਨੂ ਨੇ ਦਾਅਵਾ ਕੀਤਾ ਕਿ ਉਹ ਰਾਸ਼ਟਰੀ ਗਾਨ ਦੀ ਥਾਂ 'ਦੇਹ ਸਿਵਾ ਬਰੁ ਮੋਹਿ' ਚਲਵਾਉਣ ਦੀ ਯੋਜਨਾ ਬਣਾ ਰਿਹਾ ਹੈ । ਇਸ ਦੇ ਨਾਲ ਹੀ ਉਸ ਨੇ ਪੰਜਾਬ ਵਿਚੋਂ ਹਿੰਦੀ ਭਾਸ਼ਾ ਹਟਾਉਣ ਦੀ ਗੱਲ ਵੀ ਕਹੀ ਅਤੇ ਨੌਜਵਾਨਾਂ ਨੂੰ ਐੱਸ. ਐੱਫ. ਜੇ. ਦੀਆਂ ਗਤੀਵਿਧੀਆਂ ਨਾਲ ਜੁੜਨਦੀ ਅਪੀਲ ਕੀਤੀ । ਪੰਨੂ ਨੇ ਕੀਤੀ ਵੱਖ ਵਾਦੀ ਭਾਸ਼ਾ ਦੀ ਵਰਤੋ ਆਪਣੇ ਬਿਆਨ 'ਚ ਪੰਨੂ ਨੇ ਵੱਖ-ਵਾਦੀ ਭਾਸ਼ਾ ਦੀ ਵਰਤੋਂ ਕਰਦਿਆਂ ਪੰਜਾਬ ਨੂੰ ਭਾਰਤ ਦੇ ਅਧੀਨ ਦੱਸਿਆ ਅਤੇ ਸੂਬੇ ਨੂੰ ਵੱਖਰਾ ਦੇਸ਼ ਬਣਾਉਣ ਦੀ ਗੱਲ ਕਹੀ । ਨੌਜਵਾਨਾਂ ਨੂੰ ਭੜਕਾਉਣ ਦੇ ਮਕਸਦ ਨਾਲ ਪੰਨੂ ਨੇ ਇਥੋਂ ਤੱਕ ਕਿਹਾ ਕਿ ਜੇਕਰ ਪਰਿਵਾਰ ਜਾਂ ਸਰਕਾਰ ਐੱਸ. ਐੱਫ. ਜੇ. ਨਾਲ ਜੁੜਨ ਤੋਂ ਰੋਕੇ, ਤਾਂ ਉਨ੍ਹਾਂ ਨੂੰ ਸਵਾਲ ਕੀਤੇ ਜਾਣ। ਉਸ ਨੇ 2026 'ਚ ਪੰਜਾਬ ਨੂੰ ਵੱਖਰਾ ਦੇਸ਼ ਬਣਾਉਣ ਲਈ ਕਥਿਤ 'ਰੈਫਰੈਂਡਮ' ਕਰਵਾਉਣ ਦੀ ਗੱਲ ਵੀ ਦੁਹਰਾਈ।
