ਪੱਛਮੀ ਬੰਗਾਲ ਦੇ ਮੰਤਰੀ ਦੀ 3.60 ਕਰੋੜ ਦੀ ਜਾਇਦਾਦ ਜ਼ਬਤ ਕੋਲਕਾਤਾ, 3 ਜਨਵਰੀ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੱਛਮੀ ਬੰਗਾਲ 'ਚ ਪ੍ਰਾਇਮਰੀ ਅਧਿਆਪਕ ਭਰਤੀ ਘਪਲੇ ਨੂੰ ਲੈ ਕੇ ਪ੍ਰਸ਼ਾਸਨਿਕ ਸੁਧਾਰਾਂ ਬਾਰੇ ਮੰਤਰੀ ਚੰਦਰਨਾਥ ਸਿਨ੍ਹਾ ਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਲਗਭਗ 3.60 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ । ਈ. ਡੀ. ਨੇ ਦਸਤਾਵੇਜ਼ ਅਦਾਲਤ ਵਿਚ ਜਮ੍ਹਾ ਕਰਕੇ ਦਿੱਤੀ ਜਾਇਦਾਦਾਂ ਸਬੰਧੀ ਜਾਣਕਾਰੀ ਇਕ ਅਧਿਕਾਰੀ ਨੇ ਕਿਹਾ ਕਿ ਈ. ਡੀ. ਨੇ ਕੋਲਕਾਤਾ 'ਚ ਕੇਂਦਰੀ ਜਾਂਚ ਬਿਊਰੋ ਦੀ ਵਿਸ਼ੇਸ਼ ਅਦਾਲਤ 'ਚ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਵਾਏ ਤੇ ਜ਼ਬਤ ਕੀਤੀਆਂ ਜਾਇਦਾਦਾਂ ਬਾਰੇ ਜਾਣਕਾਰੀ ਦਿੱਤੀ । ਅਧਿਕਾਰੀ ਨੇ ਕਿਹਾ ਕਿ ਸਿਨ੍ਹਾ, ਉਨ੍ਹਾਂ ਦੀ ਪਤਨੀ ਤੇ 2 ਪੁੱਤਰਾਂ ਦੇ ਨਾਂ 'ਤੇ ਰਜਿਸਟਰਡ ਕੁੱਲ 10 ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ । ਇਨ੍ਹਾਂ 'ਚ ਘਰ, ਫਲੈਟ, ਜ਼ਮੀਨ ਦੇ ਪਲਾਟ ਤੇ ਇਕ ਵਪਾਰਕ ਅਦਾਰਾ ਸ਼ਾਮਲ ਹੈ । ਉਨ੍ਹਾਂ ਕਿਹਾ ਕਿ ਬੋਲਪੁਰ 'ਚ ਜ਼ਬਤ ਕੀਤੀਆਂ ਜਾਇਦਾਦਾਂ ਦੀ ਕੀਮਤ ਉਨ੍ਹਾਂ ਦੀ ਖਰੀਦ ਕੀਮਤ ਦੇ ਆਧਾਰ 'ਤੇ ਨਿਰਧਾਰਤ ਕੀਤੀ ਗਈ ਸੀ ।
