post

Jasbeer Singh

(Chief Editor)

Patiala News

ਖ਼ਾਲਸਾ ਕਾਲਜ ਪਟਿਆਲਾ ਵੱਲੋਂ ਵੁਮੈਨ ਇੰਮਪਾਵਰਮੈਂਟ : ਇਸੂ ਐਂਡ ਚੈਲੰਜ ਵਿਸ਼ੇ ’ਤੇ ਕਰਵਾਇਆ ਗਿਆ ਰਾਸ਼ਟਰੀ ਸੈਮੀਨਾਰ

post-img

ਖ਼ਾਲਸਾ ਕਾਲਜ ਪਟਿਆਲਾ ਵੱਲੋਂ ਵੁਮੈਨ ਇੰਮਪਾਵਰਮੈਂਟ : ਇਸੂ ਐਂਡ ਚੈਲੰਜ ਵਿਸ਼ੇ ’ਤੇ ਕਰਵਾਇਆ ਗਿਆ ਰਾਸ਼ਟਰੀ ਸੈਮੀਨਾਰ ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਦੇ ਆਈ. ਕਿਊ. ਏ. ਸੀ. ਸੈੱਲ ਅਤੇ ਪੋਸਟ ਗਰੈਜੂਏਟ ਇੰਗਲਿਸ਼ ਅਤੇ ਵਿਦੇਸ਼ੀ ਭਾਸ਼ਾਵਾਂ ਵਿਭਾਗ ਵੱਲੋਂ ਅੱਜ ਵੁਮੈਨ ਇੰਮਪਾਵਰਮੈਂਟ : ਇਸੂ ਐਂਡ ਚੈਲੰਜ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾ. ਜੀ. ਐਸ. ਚੌਹਾਨ ਜੁਆਇੰਟ ਸੈਕਟਰੀ, ਯੂਨੀਵਰਸਿਟੀ ਗਰਾਂਟ ਕਮਿਸ਼ਨ ਨਵੀਂ ਦਿੱਲੀ ਸ਼ਾਮਿਲ ਹੋਏ ਅਤੇ ਰਿਸੋਰਸ ਪਰਸਨ ਵਜੋਂ ਡਾ. ਮੀਰਾ ਗੌਤਮ ਸਾਬਕਾ ਮੁਖੀ ਹਿੰਦੀ ਵਿਭਾਗ ਅਤੇ ਡੀਨ ਫੈਕਲਟੀ ਆਫ ਆਰਟਸ ਐਂਡ ਲੈਂਗੁਏਜ ਕੁਰੂਕਸ਼ੇਤਰ ਯੂਨੀਵਰਸਿਟੀ, ਡਾ. ਅਸ਼ੋਕ ਕੁਮਾਰ ਪ੍ਰੋਫੈਸਰ ਅਤੇ ਮੁਖੀ ਹਿੰਦੀ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ, ਡਾ. ਅਜੇ ਸ਼ਰਮਾ ਪਿ੍ਰੰਸੀਪਲ ਜੀ. ਜੀ. ਡੀ. ਐਸ. ਡੀ. ਕਾਲਜ ਚੰਡੀਗੜ੍ਹ ਅਤੇ ਪ੍ਰੋ. ਕੇ. ਐਲ. ਸੋਢੀ ਸਾਬਕਾ ਡੀਨ ਅਕਾਦਮਿਕ, ਗੌਰਮੈਂਟ ਕਾਲਜ ਆਫ ਐਜੂਕੇਸ਼ਨ, ਚੰਡੀਗੜ ਨੇ ਸ਼ਿਰਕਤ ਕੀਤੀ । ਮੁੱਖ ਮਹਿਮਾਨ ਡਾ. ਜੀ. ਐੱਸ. ਚੌਹਾਨ ਨੇ ਇਸ ਮੌਕੇ ’ਵਿਸ਼ਵ ਦੇ ਨਵ-ਨਿਰਮਾਣ ਵਿੱਚ ਨਾਰੀ ਦਾ ਯੋਗਦਾਨ : ਭਾਰਤ ਦੇ ਵਿਸ਼ੇਸ਼ ਸੰਦਰਭ ਵਿੱਚ’ ਵਿਸ਼ੇ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਅਨੇਕਾਂ ਔਰਤਾਂ ਨੇ ਭਾਰਤ ਦੀ ਆਜ਼ਾਦੀ ਅਤੇ ਪ੍ਰਭੂਸੱਤਾ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ । ਉਨ੍ਹਾਂ ਇਹ ਵੀ ਕਿਹਾ ਕਿ ਅੱਜ-ਕੱਲ੍ਹ ਭਾਰਤ ਦੀ ਔਰਤ ਪੜ੍ਹ-ਲਿਖ ਗਈ ਹੈ ਅਤੇ ਅਤੇ ਉਸਨੇ ਅਨੇਕਾਂ ਖੇਤਰਾਂ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਉਨਾਂ ਇਹ ਵੀ ਦੱਸਿਆ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ 797 ਔਰਤਾਂ ਨੇ ਭਾਗ ਲਿਆ ਜੋ ਕਿ ਔਰਤਾਂ ਵਿੱਚ ਰਾਜਨੀਤਿਕ ਤੌਰ ਤੇ ਆ ਰਹੀ ਜਾਗਰਤੀ ਦਾ ਪ੍ਰਤੀਕ ਹੈ । ਉਨ੍ਹਾਂ ਸਿਨੇਮਾ, ਖੇਡ ਖੇਤਰ, ਰਾਜਨੀਤਿਕ ਖੇਤਰ, ਸਿੱਖਿਆ ਖੇਤਰ, ਅਧਿਆਤਮਕ ਖੇਤਰ, ਅਰਥ ਸ਼ਾਸਤਰ, ਸਿਹਤ ਸਿੱਖਿਆ ਅਤੇ ਨੌਕਰਸ਼ਾਹੀ ਵਿੱਚ ਔਰਤਾਂ ਦੀ ਵਧ ਰਹੀ ਭਾਗੀਦਾਰੀ ਦੀ ਗੱਲ ਵੀ ਕੀਤੀ। ਅੰਤ ’ਤੇ ਉਨ੍ਹਾਂ ਮਹਿਲਾਵਾਂ ਸਬੰਧੀ ਕੁੱਝ ਮੁੱਦੇ ਜਿਵੇਂ ਕਿ ਸਿੱਖਿਆ, ਰੁਜ਼ਗਾਰ, ਸੁਰੱਖਿਆ, ਦਹੇਜ ਪ੍ਰਥਾ, ਮਹਿਲਾ ਅਧਿਕਾਰ, ਸਾਰੇ ਖੇਤਰਾਂ ਵਿੱਚ ਸਮਾਨਤਾ, ਲਿੰਗਕ ਬਰਾਬਰੀ, ਭੇਦਭਾਵ, ਜਾਗਰੂਕਤਾ ਦੀ ਕਮੀ, ਘਰੇਲੂ ਹਿੰਸਾ ਅਤੇ ਮਹਿਲਾਵਾਂ ਦੇ ਅਧਿਕਾਰਾਂ ਸਬੰਧੀ ਵੀ ਵਿਚਾਰ ਸਾਂਝੇ ਕੀਤੇ । ਡਾ. ਮੀਰਾ ਗੌਤਮ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਨਾਰੀ ਅਥਵਾ ਔਰਤਾਂ ਸਬੰਧੀ ਚਿੰਤਨ ਪਹਿਲੀ ਵਾਰ ਸਿਹਤ ਪ੍ਰਣਾਲੀ ਵਿੱਚ ਵਰਤਿਆ ਗਿਆ ਸੀ। ਸਮੇਂ ਦੇ ਨਾਲ ਇਹ ਵਿਸਥਾਰ ਕਰਦਾ ਹੋਇਆ ਨਾਰੀਵਾਦ ਦਾ ਰੂਪ ਧਾਰਨ ਕਰ ਗਿਆ । ਇਸ ਮੌਕੇ ਉਨ੍ਹਾਂ ਉਦਾਰ ਨਾਰੀਵਾਦ, ਉਗਰ ਨਾਰੀਵਾਦ, ਮਾਰਕਸਵਾਦੀ ਨਾਰੀਵਾਦ, ਅਸ਼ਵੇਤ ਨਾਰੀਵਾਦ ਅਤੇ ਸਮਾਜਵਾਦੀ ਨਾਰੀਵਾਦ ਸਬੰਧੀ ਵੀ ਆਪਣੇ ਵਿਚਾਰ ਸਾਂਝੇ ਕੀਤੇ । ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਭਾਰਤ ਵਿੱਚ ਪੱਛਮ ਦੀ ਰੀਸ ਵਜੋਂ ਨਾਰੀਵਾਦ ਦਾ ਜੋ ਰੂਪ ਪ੍ਰਚੱਲਤ ਹੋ ਰਿਹਾ ਹੈ ਉਸ ਨੂੰ ਪੱਛਮ ਵੀ ਹੁਣ ਤਿਆਗਦਾ ਜਾ ਰਿਹਾ ਹੈ । ਉਨ੍ਹਾਂ ਇਹ ਵੀ ਕਿਹਾ ਕਿ ਔਰਤ ਦੀ ਆਜ਼ਾਦੀ ਘਰ ਤੋੜਨ ਵਿੱਚ ਨਹੀਂ ਸਗੋਂ ਸਾਂਝੇ ਰੂਪ ਵਿੱਚ ਇਸ ਦੀ ਸੰਭਾਲ ਕਰਨ ਵਿੱਚ ਹੈ । ਡਾ. ਅਜੇ ਸ਼ਰਮਾ ਨੇ ਦੱਸਿਆ ਕਿ ਮਹਿਲਾ ਸਸ਼ਕਤੀਕਰਨ ਤੋਂ ਭਾਵ ਇਹ ਹੈ ਕਿ ਔਰਤ ਆਪਣੀ ਮਰਜ਼ੀ ਅਨੁਸਾਰ ਕੰਮ ਦੀ ਚੋਣ ਕਰੇ ਅਤੇ ਆਪਣੇ ਫੈਸਲੇ ਲੈਣ ਦੀ ਸਮਰੱਥਾ ਪੈਦਾ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਪੜ੍ਹਾਈ ਅਤੇ ਕੰਮਕਾਜੀ ਜ਼ਿੰਦਗੀ ਵਿੱਚ ਔਰਤ ਮਰਦ ਦੇ ਫਰਕ ਘੱਟ ਰਹੇ ਹਨ । ਡਾ. ਕੇ. ਐਲ. ਸੋਢੀ ਨੇ ਜੋਤੀ ਬਾਈ ਫੂਲੇ ਦੇ ਸ਼ਬਦਾਂ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਆਦਮੀ ਨੂੰ ਪੜਾਉਣ ਦਾ ਮਤਲਬ ਕਿਸੇ ਇੱਕ ਵਿਅਕਤੀ ਨੂੰ ਸਿਆਣਾ ਬਣਾਉਣਾ ਹੈ ਜਦਕਿ ਔਰਤ ਨੂੰ ਪੜਾਉਣ ਦਾ ਮਤਲਬ ਸਮੁੱਚੇ ਸਮਾਜ ਨੂੰ ਸਿਆਣਾ ਕਰਨਾ ਹੁੰਦਾ ਹੈ। ਸੈਸ਼ਨ ਦੇ ਆਰੰਭ ਵਿੱਚ ਡਿਪਟੀ ਪਿ੍ਰੰਸੀਪਲ ਡਾ. ਜਸਲੀਨ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਉਨਾਂ ਨੂੰ ਰੋਬ ਆਫ ਆਨਰ ਦੇ ਕੇ ਸਨਮਾਨਿਤ ਕੀਤਾ । ਉਨ੍ਹਾਂ ਆਪਣੇ ਸੰਬੋਧਨ ਵਿੱਚ ਇਹ ਵੀ ਕਿਹਾ ਕਿ ਸੈਮੀਨਾਰ ਦਾ ਵਿਸ਼ਾ ਬਹੁਤ ਦਿਸ਼ਾਵੀ ਹੈ। ਇਹ ਕੇਵਲ ਔਰਤ ਨੂੰ ਨਹੀਂ ਬਲਕਿ ਸਮੁੱਚੇ ਸਮਾਜ ਨੂੰ ਪ੍ਰਭਾਵਿਤ ਕਰਨ ਵਾਲਾ ਹੈ। ਡਾ. ਜਸਪ੍ਰੀਤ ਕੌਰ ਮੁਖੀ ਪੋਸਟ ਗ੍ਰੈਜੂਏਟ ਇੰਗਲਿਸ਼ ਅਤੇ ਵਿਦੇਸ਼ੀ ਵਿਭਾਵਾਂ ਭਾਸ਼ਾਵਾਂ ਵਿਭਾਗ ਨੇ ਆਏ ਹੋਏ ਮਹਿਮਾਨਾਂ ਦਾ ਤੁਆਰਫ ਸਰੋਤਿਆਂ ਨਾਲ ਕਰਵਾਇਆ ਅਤੇ ਸੈਮੀਨਾਰ ਦੇ ਵਿਸ਼ੇ ਸਬੰਧੀ ਚਾਨਣਾ ਪਾਉਂਦਿਆਂ ਕਿਹਾ ਕਿ ਔਰਤ ਸਸ਼ਕਤੀਕਰਨ ਅੱਜ ਦੇ ਸਮੇਂ ਦੀ ਪ੍ਰਮੁੱਖ ਲੋੜ ਹੈ ਸਮਾਜ ਤਾਂ ਹੀ ਤਰੱਕੀ ਕਰ ਸਕਦਾ ਹੈ ਜੇਕਰ ਮਰਦ ਤੇ ਔਰਤ ਇਸ ਵਿੱਚ ਬਰਾਬਰ ਹਿੱਸੇਦਾਰੀ ਪਾਉਂਦੇ ਹਨ । ਅੰਤ ਤੇ ਉਨਾਂ ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਵੀ ਕੀਤਾ। ਸੈਮੀਨਾਰ ਦੇ ਪ੍ਰਬੰਧਕੀ ਸਕੱਤਰ ਡਾ. ਦਵਿੰਦਰ ਸਿੰਘ ਅਤੇ ਪ੍ਰਬੰਧਕੀ ਕਮੇਟੀ ਡਾ. ਰੂਬਲ ਬਰਾੜ ਅਤੇ ਡਾ. ਭਰਤ ਗੋਇਲ ਨੇ ਇਸ ਸਮੁੱਚੇ ਸੈਮੀਨਾਰ ਦਾ ਪ੍ਰਬੰਧ ਬਾਖੂਬੀ ਕੀਤਾ। ਡਾ. ਜਸਲੀਨ ਨੰਦਾ ਵੱਲੋਂ ਮੰਚ ਸੰਚਾਲਨ ਦਾ ਕਾਰਜ ਨਿਭਾਇਆ ਗਿਆ । ਇਹ ਵੀ ਵਰਨਣਯੋਗ ਹੈ ਕਿ ਮੁੱਖ ਸੈਸ਼ਨ ਦੇ ਨਾਲ-ਨਾਲ ਟੈਕਨੀਕਲ ਸੈਸ਼ਨ ਵੀ ਚਲਾਇਆ ਗਿਆ, ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਆਪੋ-ਆਪਣੇ ਖੋਜ ਪੱਤਰ ਪੇਸ਼ ਕੀਤੇ ਗਏ । ਡਾ. ਰੂਬਲ ਬਰਾੜ ਨੇ ਇਸ ਟੈਕਨੀਕਲ ਸੈਸ਼ਨ ਨੂ ਚੇਅਰ ਵੀ ਕੀਤਾ । ਅੰਤ ’ਤੇ ਵਿਦਿਆਰਥੀਆਂ ਅਤੇ ਭਾਗੀਦਾਰਾਂ ਵੱਲੋਂ ਵੀ ਸੈਮੀਨਾਰ ਸਬੰਧੀ ਆਪਣੇ ਵਿਚਾਰ ਮਹਿਮਾਨਾਂ ਨਾਲ ਸਾਂਝੇ ਕੀਤੇ ਗਏ। ਇਸ ਮੌਕੇ ਵਾਈਸ ਪਿ੍ਰੰਸੀਪਲ ਡਾ. ਹਰਵਿੰਦਰ ਕੌਰ, ਆਈ. ਕਿਊ. ਏ. ਸੀ. ਦੇ ਕੁਆਰਡੀਨੇਟਰ ਡਾ. ਰਵਿੰਦਰਜੀਤ ਸਿੰਘ ਸੰਗੀਤ ਗਾਇਨ ਵਿਭਾਗ ਦੇ ਮੁਖੀ ਡਾ. ਜਗਜੀਤ ਸਿੰਘ ਤੋਂ ਇਲਾਵਾ ਕਾਲਜ ਦਾ ਸਟਾਫ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।

Related Post