
ਖ਼ਾਲਸਾ ਕਾਲਜ ਪਟਿਆਲਾ ਵੱਲੋਂ ’ਵਾਤਾਵਰਨ ਦੇ ਮਨੁੱਖੀ ਜੀਵਨ ਉੱਪਰ ਪੈਣ ਵਾਲੇ ਪ੍ਰਭਾਵ’ ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ
- by Jasbeer Singh
- September 25, 2024

ਖ਼ਾਲਸਾ ਕਾਲਜ ਪਟਿਆਲਾ ਵੱਲੋਂ ’ਵਾਤਾਵਰਨ ਦੇ ਮਨੁੱਖੀ ਜੀਵਨ ਉੱਪਰ ਪੈਣ ਵਾਲੇ ਪ੍ਰਭਾਵ’ ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਦੇ ਜੌਗਰਫ਼ੀ ਅਤੇ ਵਾਤਾਵਰਣ ਵਿਗਿਆਨ ਵਿਭਾਗ ਵੱਲੋਂ ਅੱਜ ਵਾਤਾਵਰਨ ਨੂੰ ਬਚਾਉਣ ਵਾਤਾਵਰਨ ਦੇ ਮਨੁੱਖੀ ਸਰੀਰ ਤੇ ਮਾਨਸਿਕ ਪੱਧਰ ’ਤੇ ਪੈਣ ਵਾਲੇ ਪ੍ਰਭਾਵਾਂ ਸਬੰਧੀ ਇੱਕ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਪ੍ਰਸਿੱਧ ਹੋਮਿਓਪੈਥਿਕ ਚਿਕਿਤਸਕ ਡਾ. ਕਿਰਨਪਾਲ ਸਿੰਘ ਸੇਖੋ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨਾਂ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਇੱਕ ਹੋਮਿਓਪੈਥਿਕ ਚਿਕਿਤਸਕ ਵਜੋਂ ਉਹਨਾਂ ਦਾ 33 ਸਾਲ ਦਾ ਲੰਬਾ ਤਜਰਬਾ ਹੈ ਅਤੇ ਉਹ ਇੱਕ ਸਾਇੰਟੋਲੋਜਿਸਟ (ਮਾਨਸਿਕ ਸਿਹਤ ਦਾ ਆਧੁਨਿਕ ਵਿਗਿਆਨ) ਰਿਗਰੈਸ਼ਨ ਥੈਰੇਪਿਸਟ ਅਤੇ ਵਾਤਾਵਰਣ ਪ੍ਰੇਮੀ ਹਨ। ਇਸ ਦੇ ਨਾਲ ਹੀ ਉਹ ਗਰੀਬ ਵਿਦਿਆਰਥੀ ਨੂੰ ਸਿੱਖਿਅਤ ਕਰਨ, ਪੌਦੇ ਲਗਾਉਣ ਅਤੇ ਪਾਣੀ ਦੀ ਸੰਭਾਲ ਲਈ ਇੱਕ ਚੈਰੀਟੇਬਲ ਟਰੱਸਟ ਚਲਾ ਰਹੇ ਹਨ ਅਤੇ ਪਿੰਡਾਂ ਵਿੱਚ ਮੁਫਤ ਮਿੰਨੀ ਜੰਗਲਾਂ ਨੂੰ ਉਗਾਉਣ ਲਈ ਉਹ ਗੋਲ ਗਲਾਸ ਫਾਊਂਡੇਸ਼ਨ ਨਾਲ ਵੀ ਜੁੜੇ ਹੋਏ ਹਨ। ਉਨ੍ਹਾਂ ਨੇ ਆਪਣੇ ਆਪ ਨਾਲ ਵਾਅਦਾ ਕੀਤਾ ਹੋਇਆ ਹੈ ਕਿ ਉਹ ਆਪਣੇ ਜੀਵਨ ਕਾਲ ਦੇ ਵਿੱਚ ਘੱਟੋ-ਘੱਟ 10 ਲੱਖ ਪੌਦੇ ਲਗਾਉਣਗੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੌਦੇ ਲਵਾਉਣ ਨਾਲ-ਨਾਲ ਪਾਣੀ ਦੀ ਸੰਭਾਲ ਕਰਨ, ਤੰਦਰੁਸਤ ਜੀਵਨ ਜਿਉਣ ਅਤੇ ਮੈਡੀਟੇਸ਼ਨ ਕਰਨ ਤਰੀਕੇ ਵੀ ਦੱਸੇ। ਇਸ ਮੌਕੇ ਵਾਈਸ ਪਿ੍ਰੰਸੀਪਲ ਡਾ. ਹਰਵਿੰਦਰ ਕੌਰ ਨੇ ਉਚੇਚੇ ਤੌਰ ’ਤੇ ਕਿਹਾ ਕਿ ਜੌਗਰਫੀ ਵਿਭਾਗ ਹਮੇਸ਼ਾ ਹੀ ਇਹੋ ਜਿਹੇ ਮਹੱਤਵਪੂਰਨ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਰਹਿੰਦਾ ਹੈ ਜੋ ਕਿ ਕਾਲਜ ਕਾਲਜ ਲਈ ਇੱਕ ਮਾਣ ਵਾਲੀ ਗੱਲ ਹੈ। ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ ਤੇ ਪ੍ਰੋਫੈਸਰ ਸਾਹਿਬਾਨ ਜਿਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਮਾਨ ਵਧਾਇਆ ਉਨ੍ਹਾਂ ਵਿੱਚ ਡਾ. ਇੰਦਰਬੀਰ ਕੌਰ, ਪ੍ਰੋ. ਗੁਰਪਾਲ ਸਿੰਘ, ਡਾ.ਜਗਤਾਰ ਸਿੰਘ, ਡਾ. ਬਲਜਿੰਦਰ ਕੌਰ, ਡਾ. ਗੁਰਵੀਰ ਸਿੰਘ ਅਤੇ ਡਾ. ਸਰਬਜੀਤ ਸਿੰਘ ਸ਼ਾਮਿਲ ਸਨ। ਜੌਗਰਫ਼ੀ ਵਿਭਾਗ ਦੇ ਮੁਖੀ ਡਾ. ਗੋਰਖ ਸਿੰਘ ਤੇਜਾ ਨੇ ਡਾ. ਕੇ.ਪੀ. ਐਸ. ਸੇਖੋ ਜੀ ਦਾ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨਾਂ ਦਾ ਸੈਮੀਨਾਰ ਵਿੱਚ ਆਉਣ ਤੇ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨਾਲ ਅਜੋਨ ਲੇਅਰ ਅਤੇ ਵਾਤਾਵਰਨ ਪ੍ਰਦੂਸ਼ਣ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਦਵਿੰਦਰ ਸਿੰਘ ਨੇ ਸੈਮੀਨਾਰ ਦੀ ਸਮਾਪਤੀ ’ਤੇ ਡਾ. ਕਿਰਪਾਲ ਸਿੰਘ ਸੇਖੋ ਅਤੇ ਹੋਰ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ। ਵਿਭਾਗ ਦੇ ਪ੍ਰੋ. ਦਲਜੀਤ ਕੌਰ ਵੱਲੋਂ ਮੰਚ ਦਾ ਸੰਚਾਲਨ ਬਾਖੂਬੀ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਦੀ ਭਰਵੀਂ ਗਿਣਤੀ ਤੋਂ ਇਲਾਵਾ ਜੌਗਰਫੀ ਵਿਭਾਗ ਦੇ ਸਮੂਹ ਸਟਾਫ ਮੈਂਬਰ ਹਾਜਰ ਸਨ। ਸਮਾਗਮ ਦੇ ਹਿੱਸੇ ਵਜੋਂ, ਕਾਲਜ ਦੇ ਜੌਗਰਫੀ ਅਤੇ ਹੋਰ ਵਿਭਾਗਾਂ ਵੱਲੋਂ ਓਜ਼ੋਨ ਦਿਵਸ ਦੇ ਮੌਕੇ ’ਤੇ ਪਿਛਲੇ ਹਫ਼ਤੇ ਕਰਵਾਏ ਗਏ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ।