July 6, 2024 01:23:14
post

Jasbeer Singh

(Chief Editor)

Latest update

ਗੋਲੀ ਮਾਰ ਕੇ ਵਿਅਕਤੀ ਦਾ ਕਤਲ

post-img

ਇੱਥੇ ਮੈਕਸ ਸਿਟੀ ਕਲੋਨੀ ਨੇੜੇ ਅੱਜ ਗੋਲੀ ਮਾਰ ਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਜਿਸ ਵਿਅਕਤੀ ਦਾ ਕਤਲ ਕੀਤਾ ਗਿਆ ਹੈ, ਉਹ ਸੇਵਾਮੁਕਤ ਏਐੱਸਆਈ ਦਾ ਪੁੱਤਰ ਸੀ। ਮ੍ਰਿਤਕ ਦੀ ਸ਼ਨਾਖਤ ਰੁਪਿੰਦਰ ਸਿੰਘ ਵਜੋਂ ਹੋਈ ਹੈ ਅਤੇ ਉਹ ਹਾਲ ਹੀ ਵਿੱਚ ਕਤਲ ਦੇ ਇੱਕ ਕੇਸ ਵਿੱਚ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਜਦੋਂ ਇਹ ਘਟਨਾ ਵਾਪਰੀ ਤਾਂ ਉਹ ਆਪਣੇ ਦੋਸਤ ਨਾਲ ਇੰਡੀਆ ਗੇਟ ਵਾਲੇ ਪਾਸਿਓਂ ਆ ਰਿਹਾ ਸੀ। ਜ਼ਖਮੀ ਰੁਪਿੰਦਰ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਸਹਾਇਕ ਪੁਲੀਸ ਕਮਿਸ਼ਨਰ ਸੁਖਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਕਥਿਤ ਦੋਸ਼ੀਆਂ ਬਾਰੇ ਸੁਰਾਗ ਲੱਭਣ ਲਈ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਨੂੰ ਘੋਖ ਰਹੀ ਹੈ ਅਤੇ ਜਾਂਚ ਜਾਰੀ ਹੈ। ਮ੍ਰਿਤਕ ਦੇ ਦੋਸਤ ਹਰਪ੍ਰੀਤ ਸਿੰਘ ਉਰਫ਼ ਹੈਪੀ ਨੇ ਪੁਲੀਸ ਨੂੰ ਦੱਸਿਆ ਕਿ ਰੁਪਿੰਦਰ ਸਿੰਘ ਦੇ ਪਿਤਾ ਕੁਲਦੀਪ ਸਿੰਘ ਪੰਜਾਬ ਪੁਲੀਸ ਵਿੱਚ ਏਐੱਸਆਈ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਉਸ ਨੇ ਕਿਹਾ ਕਿ ਰੁਪਿੰਦਰ ਸਿੰਘ ਬੁਰੀ ਸੰਗਤ ਵਿਚ ਪੈ ਗਿਆ ਸੀ ਅਤੇ ਪਰਿਵਾਰਕ ਮੈਂਬਰ ਉਸ ਨੂੰ ਅਜਿਹੀਆਂ ਹਰਕਤਾਂ ਤੋਂ ਹਟਾਉਂਦੇ ਸਨ। ਕਰੋਨਾ ਮਹਾਂਮਾਰੀ ਦੌਰਾਨ ਉਸ ਨੇ ਕਾਲੇ ਪਿੰਡ ਦੇ ਰਹਿਣ ਵਾਲੇ ਪ੍ਰਿੰਸ ਦੀ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ ਸੀ ਤੇ ਉਸ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਕਰੀਬ ਡੇਢ ਮਹੀਨਾ ਪਹਿਲਾਂ ਉਹ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਉਸ ਨੇ ਦੱਸਿਆ ਕਿ ਅੱਜ ਉਹ ਆਪਣੇ ਦੋਸਤਾਂ ਨਾਲ ਛੇਹਰਟਾ ਵੱਲ ਜਾ ਰਿਹਾ ਸੀ ਅਤੇ ਜਦੋਂ ਉਸਦੀ ਕਾਰ ਮੈਕਸ ਸਿਟੀ ਨੇੜੇ ਪਹੁੰਚੀ ਤਾਂ ਇੱਕ ਐਸਯੂਵੀ ’ਤੇ ਸਵਾਰ ਚਾਰ ਨੌਜਵਾਨ ਆਏ ਤੇ ਚੱਲਦੀ ਗੱਡੀ ਤੋਂ ਉਸ ਨੂੰ ਗੋਲੀ ਮਾਰ ਕੇ ਫ਼ਰਾਰ ਹੋ ਗਏ। ਏਸੀਪੀ ਨੇ ਦੱਸਿਆ ਕਿ ਪੁਲੀਸ ਇਸ ਮਾਮਲੇ ਵਿੱਚ ਨਸ਼ਾ ਤਸਕਰਾਂ ਦੀ ਸ਼ਮੂਲੀਅਤ ਸਮੇਤ ਵੱਖ-ਵੱਖ ਥਿਊਰੀਆਂ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਅਨੁਸਾਰ ਮ੍ਰਿਤਕ ਨਸ਼ੇ ਦਾ ਆਦੀ ਸੀ। ਕਤਲ ਪਿੱਛੇ ਕੋਈ ਪੁਰਾਣੀ ਦੁਸ਼ਮਣੀ ਵੀ ਹੋ ਸਕਦੀ ਹੈ। ਕਾਦੀਆਂ: ਨਾਲੇ ’ਚੋਂ ਨੌਜਵਾਨ ਦੀ ਲਾਸ਼ ਬਰਾਮਦ ਕਾਦੀਆਂ (ਮਕਬੂਲ ਅਹਿਮਦ): ਇੱਥੇ ਬਟਾਲਾ-ਕਾਦੀਆਂ ਰੋਡ ’ਤੇ ਇੱਕ ਗੰਦੇ ਨਾਲੇ ਤੋਂ ਨੌਜਵਾਨ ਦੀ ਲਾਸ਼ ਮਿਲੀ ਹੈ। ਸਥਾਨਕ ਪੁਲੀਸ ਨੂੰ ਲਗਪਗ 11 ਵਜੇ ਸੂਚਨਾ ਮਿਲੀ ਕਿ ਇੱਕ ਨੌਜਵਾਨ ਦੀ ਲਾਸ਼ ਰਜਾਈ ਵਿੱਚ ਲਪੇਟ ਕੇ ਗੰਦੇ ਨਾਲੇ ਵਿੱਚ ਪਈ ਮਿਲੀ ਹੈ। ਮ੍ਰਿਤਕ ਦੀ ਸ਼ਨਾਖ਼ਤ ਸਾਹਿਲ (24) ਪੁੱਤਰ ਜੀਤਾ ਵਾਸੀ ਵਾਲਮੀਕਿ ਮੁਹੱਲਾ ਕਾਦੀਆਂ ਵਜੋਂ ਹੋਈ। ਐੱਸਐੱਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਲਈ ਹੈ ਅਤੇ ਪੋਸਟਮਾਰਟਮ ਲਈ ਬਟਾਲਾ ਭੇਜੀ ਜਾ ਰਹੀ ਹੈ ਤੇ ਪੋਸਟਮਾਰਟਮ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਚੱਲ ਸਕੇਗਾ। ਇਸ ਦੌਰਾਨ ਮ੍ਰਿਤਕ ਦੇ ਪਿਤਾ ਜੀਤਾ ਦੇ ਬਿਆਨਾਂ ’ਤੇ ਕਾਦੀਆਂ ਪੁਲੀਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਸਾਹਿਲ ਨੂੰ ਜ਼ਹਿਰ ਦੇ ਕੇ ਅਤੇ ਗੁੱਝੀਆਂ ਸੱਟਾਂ ਮਾਰ ਕੇ ਕਤਲ ਕਰ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਸਾਹਿਲ ਦੇ ਪਿਤਾ ਜੀਤਾ ਨੇ ਪੁਲੀਸ ਨੂੰ ਬਿਆਨ ਦਿੱਤਾ ਸੀ ਕਿ ਵਿਸ਼ਾਲ ਉਰਫ਼ ਖੁੱਡਾ, ਸੁਮਿਤ ਉਰਫ਼ ਚੁੰਗ ਵਾਸੀਆਨ ਬਾਲਮੀਕ ਮੁਹੱਲਾ ਕਾਦੀਆਂ ਅਤੇ ਜੈਜੀ, ਐਮੀ ਅਤੇ ਪਵਿੱਤਰ ਵਾਸੀਆਨ ਗੋਤਖੁਰਦ ਕਰੀਬ 5/6 ਮਹੀਨੇ ਵਾਲਮੀਕਿ ਮੁਹੱਲਾ ਕਾਦੀਆਂ ’ਚ ਕਿਸੇ ਦੇ ਘਰ ਕਿਰਾਏ ਉੱਤੇ ਰਹਿ ਕੇ ਗਏ ਸਨ। ਇਹ ਸਾਰੇ ਜਣੇ ਉਸ ਦੇ ਘਰ ਦੇ ਬਾਹਰ ਆਏ ਅਤੇ ਸਾਹਿਲ ਨੂੰ ਆਵਾਜ਼ ਮਾਰ ਕੇ ਬਾਹਰ ਲੈ ਗਏ। ਇਨ੍ਹਾਂ ਵਿਅਕਤੀਆਂ ਦਾ ਉਸਦੇ ਪੁੱਤਰ ਨਾਲ ਪੈਸਿਆਂ ਦਾ ਲੈਣ ਦੇਣ ਸੀ। ਜੀਤਾ ਨੇ ਦੋਸ਼ ਲਾਇਆ ਕਿ ਉਕਤ ਪੰਜ ਕਥਿਤ ਦੋਸ਼ੀਆਂ ਨੇ ਕੋਈ ਜ਼ਹਿਰੀਲੀ ਚੀਜ਼ ਦੇ ਕੇ ਅਤੇ ਸੱਟਾਂ ਮਾਰ ਕੇ ਕਿਸੇ ਹੋਰ ਜਗ੍ਹਾ ਮਾਰਕੁੱਟ ਕਰ ਕੇ ਉਸਦੇ ਪੁੱਤਰ ਦੀ ਲਾਸ਼ ਰਾਤ ਦੇ ਸਮੇਂ ਡੋਗਰਾ ਕੰਡੇ ਨੇੜੇ ਨਾਲੇ ਵਿੱਚ ਸੁੱਟ ਦਿੱਤੀ। ਪੁਲੀਸ ਨੇ ਮੁਲਜ਼ਮਾਂ ਵਿਰੁੱਧ ਥਾਣਾ ਕਾਦੀਆਂ ਵਿੱਚ ਕੇਸ ਦਰਜ ਕਰ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੁਲੀਸ ਨੇ ਕੁੱਝ ਮੁਲਜ਼ਮਾਂ ਨੂੰ ਪੁਲੀਸ ਹਿਰਾਸਤ ਵਿੱਚ ਵੀ ਲੈ ਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਨਸ਼ਾ ਦੇ ਮਾਮਲੇ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਇਹ ਕਤਲ ਕੀਤਾ ਗਿਆ ਹੈ।

Related Post