post

Jasbeer Singh

(Chief Editor)

Patiala News

ਭਾਸ਼ਾ ਵਿਭਾਗ ਪੰਜਾਬ ਨੇ ‘ਪੰਜਾਬੀ ਭਾਸ਼ਾ ਦੀਆਂ ਕੰਪਿਊਟਰੀ ਲੋੜਾਂ’ ਬਾਰੇ ਕਰਵਾਈ ਇੱਕ ਦਿਨਾ ਵਰਕਸ਼ਾਪ

post-img

ਭਾਸ਼ਾ ਵਿਭਾਗ ਪੰਜਾਬ ਨੇ ‘ਪੰਜਾਬੀ ਭਾਸ਼ਾ ਦੀਆਂ ਕੰਪਿਊਟਰੀ ਲੋੜਾਂ’ ਬਾਰੇ ਕਰਵਾਈ ਇੱਕ ਦਿਨਾ ਵਰਕਸ਼ਾਪ ਪਟਿਆਲਾ 9 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ, ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ’ਚ ਅੱਜ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਭਾਸ਼ਾ ਦੀਆਂ ਕੰਪਿਊਟਰੀ ਲੋੜਾਂ’ ਬਾਰੇ ਇੱਕ ਦਿਨਾ ਵਰਕਸ਼ਾਪ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਦੇਖ-ਰੇਖ ’ਚ ਲਗਵਾਈ ਗਈ । ਵਿਭਾਗ ਵੱਲੋਂ ਇਸ ਤੋਂ ਪਹਿਲਾ ‘ਪੰਜਾਬੀ ਕੰਪਿਊਟਰਕਾਰੀ ਅਤੇ ਮਸ਼ੀਨੀ ਬੁੱਧੀਮਾਨਤਾ’ ਵਿਸ਼ੇ ’ਤੇ ਵੀ ਵਰਕਸ਼ਾਪ ਲਗਵਾਈ ਜਾ ਚੁੱਕੀ ਹੈ । ਅੱਜ ਦੀ ਵਰਕਸ਼ਾਪ ਦੌਰਾਨ ਉੱਘੇ ਕੰਪਿਊਟਰ ਮਾਹਿਰ ਤੇ ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਲਈ ਲੰਬੇ ਅਰਸੇ ਤੋਂ ਕਾਰਜਸ਼ੀਲ ਡਾ. ਸੀ. ਪੀ. ਕੰਬੋਜ ਨੇ ਵੱਖ-ਵੱਖ ਤਕਨੀਕੀ ਨੁਕਤਿਆਂ ਬਾਰੇ ਅਭਿਆਸ ਰੂਪ ’ਚ ਜਾਣਕਾਰੀ ਸਾਂਝੀ ਕੀਤੀ । ਉਨ੍ਹਾਂ ਦੀ ਟੀਮ ’ਚ ਸੁਰਿੰਦਰ ਸਿੰਘ ਤੇ ਮਨਿੰਦਰ ਸਿੰਘ ਸ਼ਾਮਲ ਸਨ । ਇਸ ਵਰਕਸ਼ਾਪ ਵਿੱਚ ਕੰਪਿਊਟਰ ਦੀ ਸਿੱਖਿਆ ਹਾਸਲ ਕਰ ਰਹੇ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ, ਪ੍ਰੋਫੈਸਰਾਂ, ਲਿਖਾਰੀਆਂ, ਭਾਸ਼ਾ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਯਤਨਸ਼ੀਲ ਹੋਰਨਾਂ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ । ਭਾਸ਼ਾ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਸਵਾਗਤੀ ਭਾਸ਼ਨ ਦੌਰਾਨ ਵਰਕਸ਼ਾਪ ਦੀ ਰੂਪ-ਰੇਖਾ ਅਤੇ ਟੀਚਿਆਂ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਅਜੋਕੇ ਡਿਜੀਟਲ ਯੁੱਗ ਦੇ ਹਾਣ ਦੀ ਬਣਾਉਣ ਲਈ ਬਹੁਤ ਵੱਡੇ ਉਪਰਾਲਿਆਂ ਦੀ ਜ਼ਰੂਰਤ ਹੈ । ਇਸੇ ਤਹਿਤ ਹੀ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਨੂੰ ਮਸ਼ੀਨੀ ਬੁੱਧੀਮਾਨਤਾ ’ਚ ਸਥਾਪਤ ਕਰਨ ਲਈ ਯਤਨ ਆਰੰਭ ਕੀਤੇ ਹਨ, ਜਿਸ ਦਾ ਮਕਸਦ ਹੋਰਨਾਂ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਇਸ ਮਿਸ਼ਨ ਨਾਲ ਜੋੜਨਾ ਹੈ। ਉਨ੍ਹਾਂ ਪੰਜਾਬੀ ਹਿਤੈਸ਼ੀਆਂ ਨੂੰ ਅਪੀਲ ਕੀਤੀ ਕਿ ਉਹ ਜੁਝਾਰੂ ਸਿਪਾਹੀਆਂ ਵਾਂਗ ਅਜੋਕੇ ਯੁੱਗ ਦੀ ਵੱਡੀ ਲੋੜ ਮਸ਼ੀਨੀ ਬੁੱਧੀਮਾਨਤਾ ਲਈ ਸਾਂਝੇ ਤੌਰ ’ਤੇ ਹੰਭਲੇ ਮਾਰਨ । ਡਾ. ਸੀ. ਪੀ. ਕੰਬੋਜ ਨੇ ਚਾਰ ਸ਼ੈਸ਼ਨਾਂ ਵਾਲੀ ਵਰਕਸ਼ਾਪ ਦੌਰਾਨ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਕੰਪਿਊਟਰ ਤੇ ਫੋਨ ਦੀ ਵਰਤੋਂ, ਪੰਜਾਬੀ ਫੌਂਟਸ ਤੇ ਭਾਸ਼ਾ ਨਾਲ ਸਬੰਧਤ ਸਾਫਟਵੇਅਰਜ਼ ਦੀ ਸਹੀ ਤੇ ਸੁਚੱਜੀ ਵਰਤੋਂ, ਪੰਜਾਬੀ ਸਾਹਿਤ ਤੇ ਭਾਸ਼ਾ ਨਾਲ ਸਬੰਧਤ ਹੋਰ ਸਮੱਗਰੀ ਦੀ ਡਿਜੀਟਲਾਈਜੇਸ਼ਨ ਬਾਰੇ ਵੱਖ-ਵੱਖ ਸ਼ੈਸ਼ਨਾਂ ਦੌਰਾਨ ਪ੍ਰੋਜੈਕਟਰ ਦੀ ਮੱਦਦ ਨਾਲ ਅਭਿਆਸ ਰੂਪ ’ਚ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ । ਇਸ ਮੌਕੇ ਡਾ. ਕੰਬੋਜ ਨੇ ਕਿਹਾ ਕਿ ਭਾਸ਼ਾ ਵਿਭਾਗ ਨੇ ਇਸ ਵਰਕਸ਼ਾਪ ਰਾਹੀਂ ਬੜੀ ਵੱਡੀ ਸ਼ੁਰੂਆਤ ਕੀਤੀ ਹੈ। ਸਾਡੇ ਕੋਲ ਪੰਜਾਬੀ ਭਾਸ਼ਾ ’ਚ ਰਚਿਆ ਵੱਡਮੁੱਲਾ ਸਾਹਿਤਕ ਤੇ ਬਹੁਪੱਖੀ ਖਜ਼ਾਨਾ ਉਪਲਬਧ ਹੈ, ਜਿਸ ਨੂੰ ਡਿਜੀਟਲ ਰੂਪ ’ਚ ਵੱਖ-ਵੱਖ ਪਲੇਟਫਾਰਮਾਂ ’ਤੇ ਅੱਪਲੋਡ ਕਰਨ ਦੀ ਜ਼ਰੂਰਤ ਹੈ। ਜਿਸ ਨਾਲ ਸਾਡੀ ਭਾਸ਼ਾ ਆਪਣੇ-ਆਪ ਹੀ ਮਸ਼ੀਨੀ ਬੁੱਧੀਮਾਨਤਾ ਦੇ ਖੇਤਰ ’ਚ ਅਮੀਰ ਹੋ ਜਾਵੇਗੀ । ਇਸੇ ਦੌਰਾਨ ਸ਼ਿੰਦਰਪਾਲ ਸਿੰਘ ਮਾਹਲ ਨੇ ਕਿਹਾ ਕਿ ਭਾਸ਼ਾ ਵਿਭਾਗ ਦਾ ਉੱਦਮ ਸਮੇਂ ਦੀ ਮੰਗ ਅਨੁਸਾਰ ਬਹੁਤ ਢੁਕਵਾਂ ਅਤੇ ਲੋੜੀਦਾ ਹੈ । ਅਜਿਹੀਆਂ ਵਰਕਸ਼ਾਪਾਂ ਦੇ ਆਯੋਜਨ ਲਈ ਵੱਡੀ ਗਿਣਤੀ ’ਚ ਟਰੇਨਰ ਤਿਆਰ ਕੀਤੇ ਜਾਣੇ ਚਾਹੀਦੇ ਹਨ । ਮਹਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਮਿਆਰੀ ਵਰਕਸ਼ਾਪਾਂ ਦਾ ਆਯੋਜਨ ਹਰ ਜ਼ਿਲ੍ਹੇ ’ਚ ਹੋਣਾ ਚਾਹੀਦਾ ਹੈ । ਉਨ੍ਹਾਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਯਤਨਸ਼ੀਲ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ਅਜਿਹੀਆਂ ਵਰਕਸ਼ਾਪਾਂ ਕਰਵਾਉਣ ਲਈ ਹੰਭਲੇ ਮਾਰਨ । ਅਖੀਰ ਵਿੱਚ ਭਾਸ਼ਾ ਵਿਭਾਗ ਵੱਲੋਂ ਸ਼ਿੰਦਰਪਾਲ ਸਿੰਘ ਮਾਹਲ, ਮਹਿੰਦਰ ਸਿੰਘ ਸੇਖੋਂ, ਕੰਪਿਊਟਰ ਮਾਹਿਰ ਡਾ. ਸੀ. ਪੀ. ਕੰਬੋਜ ਅਤੇ ਉਨ੍ਹਾਂ ਦੀ ਟੀਮ ਦਾ ਸ਼ਾਲਾਂ ਨਾਲ ਸਨਮਾਨ ਕੀਤਾ ਗਿਆ। ਸਹਾਇਕ ਡਾਇਰੈਕਟਰ ਆਲੋਕ ਚਾਵਲਾ ਨੇ ਸਭ ਦਾ ਧੰਨਵਾਦ ਕੀਤਾ । ਇਸ ਸਮਾਗਮ ਦੀ ਸਫਲਤਾ ਲਈ ਵਿਭਾਗ ਦੇ ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ, ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ, ਸੁਪਰਡੈਂਟ ਭੁਪਿੰਦਰਪਾਲ ਸਿੰਘ ਤੇ ਹਰਪ੍ਰੀਤ ਸਿੰਘ ਨੇ ਭਰਵਾਂ ਯੋਗਦਾਨ ਪਾਇਆ। ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਨੇ ਕੀਤਾ ।

Related Post