ਮਜੀਠੀਆ ਦੀ ਜੁਡੀਸ਼ੀਅਲ ਹਿਰਾਸਤ ਵਿਚ ਹੋਇਆ 23 ਤੱਕ ਦਾ ਵਾਧਾ ਮੋਹਾਲੀ, 11 ਦਸੰਬਰ 2025 : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ `ਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਵਧੀਕ ਜ਼ਿਲਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ `ਚ ਪੇਸ਼ੀ ਭੁਗਤੀ। ਇਸ ਦੌਰਾਨ ਅਦਾਲਤ `ਚ ਸਰਕਾਰੀ ਧਿਰ ਵੱਲੋਂ ਪ੍ਰੀਤਇੰਦਰ ਪਾਲ ਸਿੰਘ ਵਿਸ਼ੇਸ਼ ਸਰਕਾਰੀ ਵਕੀਲ ਜਦਕਿ ਮਜੀਠੀਆ ਵੱਲੋਂ ਐਡਵੋਕੇਟ ਐੱਚ. ਐੱਸ. ਧਨੋਆ ਪੇਸ਼ ਹੋਏ। ਅਦਾਲਤ ਵੱਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 23 ਦਸੰਬਰ ਦੀ ਤਰੀਕ ਤੈਅ ਕੀਤੀ ਗਈ ਹੈ । ਇਸ ਮਾਮਲੇ `ਚ ਦੋਸ਼ ਤੈਅ ਕਰਨ ਲਈ 23 ਦਸੰਬਰ ਨੂੰ ਦੋਵਾਂ ਧਿਰਾਂ `ਚ ਬਹਿਸ ਹੋਣ ਦੀ ਵੀ ਸੰਭਾਵਨਾ ਹੈ। ਕੀ ਤੇ ਕਦੋਂ ਦਰਜ ਕੀਤਾ ਗਿਆ ਸੀ ਮਜੀਠੀਆ ਖਿਲਾਫ਼ ਕੇਸ ਮਜੀਠੀਆ ਖਿ਼ਲਾਫ਼ 25 ਜੂਨ ਨੂੰ ਭ੍ਰਿਸ਼ਟਾਚਾਰ ਰੋਕਥਾਮ ਐਕਟ-1988 ਦੀ ਧਾਰਾ 13 (1) (ਬੀ) ਅਤੇ 13(2) ਦੇ ਤਹਿਤ ਪੁਲਸ ਸਟੇਸ਼ਨ ਵਿਜੀਲੈਂਸ ਬਿਊਰੋ, ਫਲਾਇੰਗ ਸਕੁਐਡ-1 ਨੂੰ ਮੋਹਾਲੀ ਵਿਖੇ ਐੱਫ. ਆਈ. ਆਰ. ਦਰਜ ਕੀਤੀ ਗਈ ਸੀ ਅਤੇ ਬਾਅਦ `ਚ ਇਸ ਮਾਮਲੇ `ਚ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਤੇ ਨਜ਼ਦੀਕੀ ਹਰਪ੍ਰੀਤ ਸਿੰਘ ਗੁਲਾਟੀ ਨੂੰ ਨਾਮਜ਼ਦ ਕਰ ਕੇ ਗੁਲਾਟੀ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ। ਗਜਪਤ ਨੂੰ ਭਗੌੜਾ ਕਰਾਰ ਦੇਣ ਵਾਲੀ ਅਰਜ਼ੀ `ਤੇ ਅਗਲੀ ਸੁਣਵਾਈ 23 ਨੂੰ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਦਰਜ ਮਾਮਲੇ `ਚ ਉਨ੍ਹਾਂ ਦੇ ਸਾਲੇ ਗਜਪਤ ਸਿੰਘ ਗਰੇਵਾਲ ਨੂੰ ਭਗੌੜਾ ਕਰਾਰ ਦੇਣ ਲਈ ਵਧੀਕ ਜ਼ਿਲਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ `ਚ ਦਾਇਰ ਅਰਜ਼ੀ `ਤੇ ਹਾਈ ਕੋਰਟ ਵੱਲੋਂ 18 ਦਸੰਬਰ ਤੱਕ ਲਾਈ ਗਈ ਰੋਕ ਬਾਰੇ ਵਕੀਲ ਐੱਚ. ਐੱਸ. ਧਨੋਆ ਵੱਲੋਂ ਹੇਠਲੀ ਅਦਾਲਤ ਨੂੰ ਜਾਣਕਾਰੀ ਦਿੱਤੀ ਗਈ । ਵਧੀਕ ਜ਼ਿਲਾ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਉਕਤ ਅਰਜ਼ੀ `ਤੇ ਅਗਲੀ ਸੁਣਵਾਈ ਲਈ 23 ਦਸੰਬਰ ਦੀ ਤਰੀਕ ਤੈਅ ਕੀਤੀ ਗਈ ਹੈ। ਪੰਜਾਬ ਸਰਕਾਰ ਨੂੰ 18 ਤੱਕ ਜਵਾਬ ਦਾਇਰ ਕਰਨ ਲਈ ਗਿਆ ਹੈ ਕਿਹਾ ਹੇਠਲੀ ਅਦਾਲਤ ਵੱਲੋਂ ਗਜਪਤ ਸਿੰਘ ਗਰੇਵਾਲ ਦੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਅਤੇ ਗਜਪਤ ਨੂੰ ਭਗੌੜਾ ਕਰਾਰ ਦੇਣ ਵਾਲੀ ਅਰਜ਼ੀ `ਤੇ ਕਾਰਵਾਈ ਸਬੰਧੀ ਹਾਈ ਕੋਰਟ ਵੱਲੋਂ ਗਜਪਤ ਗਰੇਵਾਲ ਨੂੰ ਰਾਹਤ ਦਿੰਦਿਆਂ ਭਗੌੜਾ ਕਰਾਰ ਦੇਣ ਵਾਲੀ ਅਰਜ਼ੀ `ਤੇ ਰੋਕ ਲਾਉਂਦਿਆਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ 18 ਦਸੰਬਰ ਤੱਕ ਜਵਾਬ ਦਾਇਰ ਕਰਨ ਲਈ ਕਿਹਾ ਗਿਆ ਹੈ।
