

ਇਰਾਨ ਦੀ ਅਲ-ਮੁਸਤਫ਼ਾ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਜ਼ਾ ਸੇਕਰੀ ਨੇ ਗੁਰਮੁਖੀ (ਪੰਜਾਬੀ ਬੋਲੀ) ਤੇ ਫਾਰਸੀ ਵਿੱਚ ਆਪਸੀ ਸਾਂਝ ਹੋਰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਬੀਤੇ ਦਿਨ ਇੱਥੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਵੱਖਰੇ ਤੌਰ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਵਿਰਾਸਤ ਸਿੱਖੀਜ਼ਮ ਟਰੱਸਟ ਦੇ ਚੇਅਰਮੈਨ ਅਤੇ ਦਿੱਲੀ ਕਮੇਟੀ ਦੇ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦੇ ਕਨਵੀਨਰ ਰਜਿੰਦਰ ਸਿੰਘ ਵਿਰਾਸਤ ਵੀ ਮੌਜੂਦ ਸਨ। ਉਨ੍ਹਾਂ ਇਸ ਮੁਲਾਕਾਤ ਦੌਰਾਨ ਗੁਰਮੁਖੀ ਅਤੇ ਫਾਰਸੀ ਭਾਸ਼ਾ ਵਿੱਚ ਆਪਸੀ ਸਾਂਝ ਹੋਰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਦੌਰਾਨ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਗੁਰਬਾਣੀ, ਗੁਰੂ ਇਤਿਹਾਸ ਅਤੇ ਸਿੱਖ ਇਤਿਹਾਸ ਵਿੱਚ ਫਾਰਸੀ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਵੱਲੋਂ ਲਿਖਿਆ ਗਿਆ ਜ਼ਫ਼ਰਨਾਮਾ ਫਾਰਸੀ ਭਾਸ਼ਾ ’ਚ ਲਿਖੀ ਰਚਨਾ ਹੈ ਜਿਸ ਦੀ ਮਿਸਾਲ ਕਿਤੇ ਹੋਰ ਨਹੀਂ ਮਿਲਦੀ। ਇਸ ਮੌਕੇ ਵਾਈਸ ਚਾਂਸਲਰ ਡਾ. ਸੇਕਰੀ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਫਾਰਸੀ ਅਤੇ ਪੰਜਾਬੀ ਦੀ ਸਾਂਝ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਯੂਨੀਵਰਸਿਟੀ ਵਿੱਚ ਸਿੱਖ ਇਤਿਹਾਸ ਦੇ ਫਾਰਸੀ ਸਰੋਤਾਂ ਦੇ ਅਧਿਐਨ ਨੂੰ ਸੁਖਾਲਾ ਬਣਾਉਣ ਲਈ ਸਿੱਖ ਇਤਿਹਾਸ ਦੇ ਖੋਜਕਾਰਾਂ ਨੂੰ ਫਾਰਸੀ ਸਿਖਾਉਣ ਦਾ ਉਪਰਾਲਾ ਵੀ ਕੀਤਾ ਜਾਵੇਗਾ। ਸਿੱਖ ਆਗੂਆਂ ਨੂੰ ਇਰਾਨ ਆਉਣ ਦਾ ਸੱਦਾ ਦਿੱਤਾ ਅਲ ਮੁਸਤਫ਼ਾ ਯੂਨੀਵਰਸਿਟੀ ਦੇ ਆਗੂ ਡਾ. ਅੱਬਾਸੀ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ, ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਜਨਰਲ ਸਕੱਤਰ ਰਜਿੰਦਰ ਸਿੰਘ ਮਹਿਤਾ ਨੂੰ ਇਰਾਨ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਸਿੱਖ ਆਗੂਆਂ ਨੇ ਸੱਦਾ ਦੇਣ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਗੁਰਮੁਖੀ ਅਤੇ ਫਾਰਸੀ ਬੋਲੀ ਦੀ ਆਪਸੀ ਸਾਂਝ ਹੋਰ ਮਜ਼ਬੂਤ ਕਰਨ ਲਈ ਉਪਰਾਲੇ ਕੀਤੇ ਜਾਣਗੇ।