

ਜ਼ਿਲ੍ਹਾ ਪੁਲੀਸ ਕਪਤਾਨ ਸੁਰਿੰਦਰ ਸਿੰਘ ਭੌਰੀਆ ਦੀਆਂ ਹਦਾਇਤਾਂ ’ਤੇ ਥਾਣਾ ਇਸਮਾਈਲਾਬਾਦ ਦੇ ਇੰਚਾਰਜ ਵਿਕਰਾਂਤ ਨੇ ਇਲਾਕੇ ਦੇ ਸਰਪੰਚਾਂ ਤੇ ਕੌਂਸਲਰਾਂ ਨਾਲ ਮੀਟਿੰਗ ਕਰਕੇ ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਵਿਚਾਰ ਵਟਾਂਦਰਾ ਕੀਤਾ। ਸਰਪੰਚਾਂ ਤੇ ਕੌਂਸਲਰਾਂ ਨੇ ਪੁਲੀਸ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਦੌਰਾਨ ਥਾਣਾ ਇਸਮਾਈਲਾਬਾਦ ਦੇ ਇੰਚਾਰਜ ਇੰਸਪੈਕਟਰ ਵਿਕਰਾਂਤ ਨੇ ਸਰਪੰਚਾਂ ਤੇ ਕੌਂਸਲਰਾਂ ਨਾਲ ਬੈਠਕ ਕਰਕ ਪਿੰਡਾਂ ਵਿੱਚ ਚੌਕੀਦਾਰ ਤੇ ਸੀਸੀਟੀਵੀ ਕੈਮਰੇ ਲਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਕੈਮਰੇ ਵਧੀਆ ਹੋਣੇ ਚਾਹੀਦੇ ਹਨ ਜਿਨ੍ਹਾਂ ਵਿਚ ਰਿਕਾਰਡਿੰਗ ਨੂੰ ਵੱਧ ਤੋਂ ਵੱਧ ਦਿਨਾਂ ਤਕ ਸੁਰੱਖਿਅਤ ਰੱਖਿਆ ਜਾ ਸਕੇ। ਕੈਮਰਿਆਂ ਦੀ ਫੁਟੇਜ ਸਾਫ ਹੋਣ ’ਤੇ ਮੁਲਜ਼ਮਾਂ ਨੂੰ ਫੜਨ ਵਿੱਚ ਆਸਾਨੀ ਹੋਵੇਗੀ। ਵਿਕਰਾਂਤ ਨੇ ਕਿਹਾ ਕਿ ਚੋਰੀਆਂ ਨੂੰ ਰੋਕਣ ਲਈ ਆਮ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਚਾਇਤਾਂ ਆਪਣੇ ਪੱਧਰ ’ਤੇ ਪਿੰਡਾਂ ਤੇ ਕਸਬਿਆਂ ਵਿਚ ਚੌਕੀਦਾਰ ਨਿਯੁਕਤ ਕਰਨ। ਉਨ੍ਹਾਂ ਕਿਹਾ ਕਿ ਜੇ ਪਿੰਡ ਵਿੱਚ ਕੋਈ ਅਣਪਛਾਤਾ ਵਿਅਕਤੀ ਦਿਸਦਾ ਹੈ ਤਾਂ ਪੁਲੀਸ ਕੰਟਰੋਲ ਰੂਮ ਜਾਂ 112 ’ਤੇ ਸੂਚਿਤ ਕੀਤਾ ਜਾਵੇ। ਇਸ ਦੌਰਾਨ ਸਰਪੰਚਾਂ ਤੇ ਕੌਂਸਲਰਾਂ ਨੇ ਪੁਲੀਸ ਨੂੰ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ।