
ਪੰਜਾਬੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀਆਂ ਮੈਰਿਟ ਵਿੱਚ ਆਈਆਂ ਵਿਦਿਆਰਥਣਾਂ ਦਾ ਸਨਮਾਨ ਕੀਤਾ
- by Jasbeer Singh
- June 13, 2025

ਪੰਜਾਬੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀਆਂ ਮੈਰਿਟ ਵਿੱਚ ਆਈਆਂ ਵਿਦਿਆਰਥਣਾਂ ਦਾ ਸਨਮਾਨ ਕੀਤਾ ਪਟਿਆਲਾ, 13 ਜੂਨ : ਪੰਜਾਬੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀਆਂ ਮੈਰਿਟ ਵਿੱਚ ਆਈਆਂ ਦੋ ਵਿਦਿਆਰਥਣਾਂ ਨੂੰ ਸਪੀਕਰ ਵਿਧਾਨ ਸਭਾ ਵੱਲੋਂ ਪ੍ਰਸ਼ੰਸਾ ਪੱਤਰ ਦਿੱਤੇ ਜਾਣ ਉੱਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਸਨਮਾਨਿਤ ਕੀਤਾ ਗਿਆ। ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਦਸਵੀਂ ਜਮਾਤ ਦੀਆਂ ਦੋ ਵਿਦਿਆਰਥਣਾਂ ਗੁਰਜੋਤ ਕੌਰ ਅਤੇ ਜਸਲੀਨ ਕੌਰ ਨੇ ਕ੍ਰਮਵਾਰ 96.92% ਅਤੇ 96.62% ਅੰਕ ਹਾਸਿਲ ਕਰ ਕੇ ਪੰਜਾਬ ਮੈਰਿਟ ਵਿੱਚ ਕ੍ਰਮਾਂਕ 20 ਅਤੇ 22 ਉੱਤੇ ਆਪਣਾ ਨਾਮ ਦਰਜ ਕਰਵਾਇਆ। ਵਾਈਸ ਚਾਂਸਲਰ ਸਾਹਿਬ ਡਾ. ਜਗਦੀਪ ਸਿੰਘ ਨੇ ਕਿਹਾ ਕਿ ਵਿਦਿਆਰਥਣਾਂ ਨੇ ਸਕੂਲ ਦਾ ਮਾਣ ਵਧਾਇਆ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਆਉਣ ਸਮੇਂ ਵਿੱਚ ਵਧੀਆ ਪੜ੍ਹਾਈ ਕਰਨ ਲਈ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ। ਜ਼ਿਕਰਯੋਗ ਹੈ ਕਿ ਮਾਣਯੋਗ ਸਪੀਕਰ ਵਿਧਾਨ ਸਭਾ, ਸ੍ਰ. ਕੁਲਤਾਰ ਸਿੰਘ ਸੰਧਵਾਂ ਵੱਲੋਂ ਦੋਵੇਂ ਵਿਦਿਆਰਥਣਾਂ ਨੂੰ ਪ੍ਰਸ਼ੰਸਾ ਪੱਤਰ ਭੇਜਿਆ ਗਿਆ ਹੈ ਜਿਸ ਵਿੱਚ ਵਿਦਿਆਰਥੀ ਦੀ ਸ਼ਾਨਦਾਰ ਪ੍ਰਾਪਤੀ, ਪੜ੍ਹਾਈ ਪ੍ਰਤੀ ਲਗਨ, ਮਿਹਨਤ, ਦਿ੍ੜਤਾ, ਇਰਾਦੇ ਦਾ ਪ੍ਰਤੀਕ, ਮੈਰਿਟ ਵਿੱਚ ਆਉਣ ਬਾਰੇ ਅਤੇ ਭਵਿੱਖ ਵਿੱਚ ਹੋਰ ਬੁਲੰਦੀਆਂ ਤੇ ਜਾਣ ਸਬੰਧੀ ਲਿਖਿਆ ਗਿਆ ਹੈ। ਡੀਨ ਕਾਲਜ ਵਿਕਾਸ ਕੌਂਸਲ ਡਾ. ਬਲਰਾਜ ਸਿੰਘ ਵੱਲੋਂ ਵੀ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਵੱਲੋਂ ਵਿਦਿਆਰਥਣਾਂ ਨੂੰ ਇੱਕ–ਇੱਕ ਕਿਤਾਬ ਵੀ ਭੇਂਟ ਕੀਤੀ ਗਈ। ਇਸ ਮੌਕੇ ਸਕੂਲ ਇੰਚਾਰਜ ਸ੍ਰ ਸਤਵੀਰ ਸਿੰਘ ਗਿੱਲ ਨੇ ਸਪੀਕਰ ਵਿਧਾਨ ਸਭਾ, ਸ੍ਰ. ਕੁਲਤਾਰ ਸਿੰਘ ਸੰਧਵਾਂ, ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਜੀ ਅਤੇ ਡੀਨ ਕਾਲਜ ਵਿਕਾਸ ਕੌਂਸਲ ਡਾ. ਬਲਰਾਜ ਸਿੰਘ ਦਾ ਧੰਨਵਾਦ ਕੀਤਾ।