post

Jasbeer Singh

(Chief Editor)

Entertainment

ਮਾਡਰਨ ਨੂੰਹ-ਸੱਸ ਦੀ ਕਹਾਣੀ ‘ਨੀ ਮੈਂ ਸੱਸ ਕੁੱਟਣੀ-2’

post-img

ਨੂੰਹ-ਸੱਸ ਦੇ ਰਿਸ਼ਤੇ ਨੂੰ ਸਾਡੇ ਸਮਾਜ ਨੇ ਅਕਸਰ ਇੱਟ-ਕੁੱਤੇ ਦੇ ਵੈਰ ਵਾਂਗੂ ਸਮਝਿਆ ਹੈ ਭਾਵੇਂ ਨੂੰਹ ਕਿੰਨੀ ਵੀ ਚੰਗੀ ਹੋਵੇ, ਸੱਸ ਨੇ ਉਸ ਦੇ ਕੰਮਕਾਜ ਵਿੱਚ ਕੋਈ ਨਾ ਕੋਈ ਨੁਕਸ ਕੱਢ ਕੇ ਉਸ ਨੂੰ ਆਪਣੇ ਤੋਂ ਨੀਵਾਂ ਦਿਖਾਉਣਾ ਹੀ ਹੁੰਦਾ ਹੈ। ਇਹ ਹਰ ਦੂਜੇ-ਤੀਜੇ ਘਰ ਦੀ ਕਹਾਣੀ ਹੈ। ਪੰਜਾਬੀ ਫਿਲਮਾਂ ਵਿੱਚ ਇਨ੍ਹਾਂ ਰਿਸ਼ਤਿਆਂ ਨੂੰ ਬਹੁਤ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਤਿੰਨ ਸਾਲ ਪਹਿਲਾਂ ਇੱਕ ਫਿਲਮ ਆਈ ਸੀ ‘ਨੀ ਮੈਂ ਸੱਸ ਕੁੱਟਣੀ।” ਹੁਣ ਇਸ ਫਿਲਮ ਦਾ ਅਗਲਾ ਭਾਗ ‘ਨੀ ਮੈਂ ਸੱਸ ਕੁੱਟਣੀ-2’ ਰਿਲੀਜ਼ ਹੋਇਆ ਹੈ। ਇਸ ਵਿੱਚ ਨੂੰਹ-ਸੱਸ ਦੇ ਤਾਅਨੇ ਮਿਹਣੇ, ਇੱਕ ਦੂਜੇ ’ਤੇ ਰੋਹਬ ਜਮਾਉਣ ਦੇ ਕਿੱਸਿਆਂ ਨੂੰ ਮਾਡਰਨ ਤਰੀਕੇ ਨਾਲ ਦੁਹਰਾਇਆ ਗਿਆ ਹੈ। ਪੀੜ੍ਹੀ ਦਰ ਪੀੜ੍ਹੀ ਨੂੰਹ-ਸੱਸ ਦੇ ਚੱਲਦੇ ਇਨ੍ਹਾਂ ਝਗੜੇ-ਝੇੜਿਆਂ ਵਿੱਚ ਜਦੋਂ ਮਾਡਰਨ ਖ਼ਿਆਲਾਂ ਦੀ ਪੜ੍ਹੀ ਲਿਖੀ ਵਕੀਲਣੀ ਨੂੰਹ ਆਉਂਦੀ ਹੈ ਤਾਂ ਉਹ ਸੱਸ ਨੂੰ ਤੱਕਲੇ ਵਾਂਗ ਸਿੱਧਾ ਕਰਨ ਦਾ ਪ੍ਰਣ ਕਰਦੀ ਹੈ ਪ੍ਰੰਤੂ ਤੇਜ਼ ਤਰਾਰ, ਕੱਬੀ ਸੱਸ ਇਸ ਨੂੰਹ ਨੂੰ ਕਾਬੂ ਕਰਨ ਲਈ ਅਨੇਕਾਂ ਨਵੇਂ ਨਵੇਂ ਪੈਂਤੜੇ ਅਪਣਾਉਂਦੀ ਹੈ। ਕਾਮੇਡੀ ਦੇ ਰੰਗ ਵਿੱਚ ਰੰਗੀ ਔਰਤ ਪ੍ਰਧਾਨ ਵਿਸ਼ੇ ਦੀ ਇਹ ਫਿਲਮ ਅਖੀਰ ਵਿੱਚ ਇੱਕ ਸਮਾਜਿਕ ਸੁਨੇਹਾ ਦਿੰਦੀ ਹੈ ਕਿ ਜੇਕਰ ਨੂੰਹ-ਸੱਸ ਵਿੱਚ ਮਾਵਾਂ-ਧੀਆਂ ਵਰਗਾ ਪਿਆਰ ਹੋ ਜਾਵੇ ਤਾਂ ਘਰ ਸਵਰਗ ਬਣ ਜਾਂਦਾ ਹੈ। ਬਨਵੈਤ ਫਿਲਮਜ਼ ਵੱਲੋਂ ‘ਸਾਰੇਗਾਮਾ’ ਅਤੇ ਯੂਡਲੀ ਫਿਲਮਜ਼ ਦੇ ਸਹਿਯੋਗ ਨਾਲ ਬਣਾਈ ਇਸ ਫਿਲਮ ਦੇ ਲੇਖਕ ਨਿਰਦੇਸ਼ਕ ਮੋਹਿਤ ਬਨਵੈਤ ਹਨ। ਇਸ ਫਿਲਮ ਵਿੱਚ ਅਨੀਤਾ ਦੇਵਗਨ ਨੇ ਸੱਸ ਦਾ ਮੁੱਖ ਕਿਰਦਾਰ ਨਿਭਾਇਆ ਹੈ। ਨਿਰਮਲ ਰਿਸ਼ੀ ਅੱਗੇ ਉਸ ਦੀ ਸੱਸ ਹੈ ਅਤੇ ਨੂੰਹ ਦਾ ਮੁੱਖ ਕਿਰਦਾਰ ਤਨਵੀ ਨਾਗੀ ਨੇ ਨਿਭਾਇਆ ਹੈ। ਇਸ ਫਿਲਮ ਵਿੱਚ ਮਹਿਤਾਬ ਵਿਰਕ, ਤਨਵੀ ਨਾਗੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਅਨੀਤਾ ਦੇਵਗਨ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਨਿਸ਼ਾ ਬਾਨੋ, ਅਕਸ਼ਿਤਾ ਸ਼ਰਮਾ, ਅਕਾਂਕਸ਼ਾ ਸਰੀਨ, ਹਰਬੀ ਸੰਘਾ, ਰਵਿੰਦਰ ਮੰਡ, ਦਿਲਨੂਰ ਕੌਰ ਅਤੇ ਮਲਕੀਤ ਰੌਣੀ ਅਹਿਮ ਕਿਰਦਾਰਾਂ ਵਿੱਚ ਹਨ। ਇਹ ਫਿਲਮ ਪਰਿਵਾਰਕ ਰਿਸ਼ਤਿਆਂ ਦੀ ਤਰਜਮਾਨੀ ਕਰਦੀ ਹੋਈ ਕਾਮੇਡੀ, ਰੁਮਾਂਸ ਅਤੇ ਡਰਾਮੇ ਦਾ ਸੁਮੇਲ ਅਜਿਹਾ ਪਰਿਵਾਰਕ ਡਰਾਮਾ ਹੈ ਜੋ ਦਰਸ਼ਕਾਂ ਦੇ ਮਨੋਰੰਜਨ ਦੇ ਨਾਲ ਨਾਲ ਨੂੰਹ ਅਤੇ ਸੱਸ ਦੇ ਰਿਸ਼ਤੇ ਦੀ ਮਜ਼ਬੂਤੀ ’ਤੇ ਵੀ ਜ਼ੋਰ ਦਿੰਦੀ ਹੈ ਕਿ ਜੇ ਧੀਆਂ ਸੱਸ ਨੂੰ ਮਾਂ ਅਤੇ ਸੱਸਾਂ ਨੂੰਹ ਨੂੰ ਧੀ ਬਣਾ ਲੈਣ ਤਾਂ ਸਾਰੇ ਝਗੜੇ ਵੀ ਖ਼ਤਮ ਹੋ ਜਾਣ ਅਤੇ ਇਸ ਰਿਸ਼ਤੇ ’ਤੇ ਬਣੀਆਂ ਬੋਲੀਆਂ ਦਾ ਰੰਗ ਵੀ ਬਦਲ ਜਾਵੇ, ਇਹ ਫਿਲਮ ਹਾਸੇ ਹਾਸੇ ਵਿੱਚ ਇਹੋ ਸੁਨੇਹਾ ਦਿੰਦੀ ਹੈ।

Related Post