

ਚੰਡੀਗੜ੍ਹ ਨਗਰ ਨਿਗਮ ਮੌਨਸੂਨ ਸੀਜਨ ਦੇ ਮੱਦੇਨਜ਼ਰ ਸ਼ਹਿਰ ਵਿੱਚ ਬਰਸਾਤੀ ਪਾਣੀ ਦੇ ਨਿਕਾਸੀ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਪੱਬਾਂ ਭਾਰ ਹੋ ਗਿਆ ਹੈ। ਨਗਰ ਨਿਗਮ ਦੇ ਚੀਫ਼ ਇੰਜਨੀਅਰ ਨਰਿੰਦਰ ਪਾਲ ਸ਼ਰਮਾ ਨੇ ਸਬੰਧਤ ਇੰਜਨੀਅਰਾਂ ਦੀ ਟੀਮ ਨਾਲ ਸ਼ਨਿਚਰਵਾਰ ਨੂੰ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਨੇ ਸਫ਼ਾਈ ਸੇਵਾਵਾਂ ਨੂੰ ਯਕੀਨੀ ਬਣਾਉਣ ਅਤੇ ਆਉਣ ਵਾਲੇ ਮੌਨਸੂਨ ਸੀਜਨ ਦੌਰਾਨ ਬਰਸਾਤੀ ਪਾਣੀ ਦੇ ਨਿਕਾਸ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਸੜਕਾਂ ਕਿਨਾਰੇ ਬਣਾਈਆਂ ਗਈਆਂ ਰੋਡ ਗਲੀਆਂ ਦੀ ਤਾਜ਼ਾ ਸਥਿਤੀ ਦਾ ਮੁਆਇਨਾ ਕੀਤਾ। ਨਿਰੀਖਣ ਦੌਰਾਨ ਉਨ੍ਹਾਂ ਨੇ ਨਿਗਮ ਦੀ ਟੀਮ ਨੂੰ ਰੋਡ ਗਲੀਆਂ ਦੇ ਐਂਟਰੀ ਪੁਆਇੰਟਾਂ ’ਤੇ 25 ਮਿਲੀਮੀਟਰ ਤਾਰ ਦਾ ਜਾਲ ਲਗਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਕੂੜੇ ਦੇ ਵਹਾਅ ਨੂੰ ਸਹੀ ਗਰਾਊਟਿੰਗ ਨਾਲ ਰੋਕਿਆ ਜਾ ਸਕੇ। ਉਨ੍ਹਾਂ ਮੌਕੇ ’ਤੇ ਹੀ ਨਿਗਮ ਦੇ ਇੰਜਨੀਅਰ ਵਿਭਾਗ ਦੇ ਅਧਿਕਾਰੀਆਂ ਨੂੰ ਖਸਤਾ ਹਾਲਤ ਰੋਡ ਗਲੀਆਂ ਦੀ ਤੁਰੰਤ ਮੁਰੰਮਤ ਅਤੇ ਬੰਦ ਹੋਈਆਂ ਰੋਡ ਗਲੀਆਂ ਦੀ ਸਫ਼ਾਈ ਨੂੰ ਮਿਥੀ ਗਈ ਮਿਆਦ ਅੰਦਰ ਪੂਰੇ ਕਰਨ ਦੇ ਨਿਰਦੇਸ਼ ਦਿੱਤੇ। ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਕਈ ਥਾਵਾਂ ’ਤੇ ਰੋਡ ਗਲੀਆਂ ਦੇ ਖਸਤਾ ਹਾਲਤ ਅਤੇ ਬੰਦ ਹੋਣ ਦੀਆਂ ਸ਼ਿਕਾਇਤ ਮਿਲ ਰਹੀਆਂ ਸਨ। ਪਿਛਲੇ ਸਾਲ 2023 ਵਿੱਚ ਮੌਨਸੂਨ ਦੌਰਾਨ ਬਾਰਸ਼ ਦੇ ਪਾਣੀ ਕਾਰਨ ਸ਼ਹਿਰ ਵਿੱਚ ਹੋਏ ਨੁਕਸਾਨ ਕਾਰਨ ਨਿਗਮ ਪ੍ਰਸ਼ਾਸਨ ਇਸ ਬਾਰ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤਣਾ ਚਾਹੁੰਦਾ। ਇਸ ਤੋਂ ਪਹਿਲਾਂ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਵੱਲੋਂ ਬਰਸਾਤੀ ਪਾਣੀ ਦੇ ਨਿਕਾਸ ਪ੍ਰਬੰਧਨ ਸਬੰਧੀ ਕੱਲ੍ਹ ਵਿਸ਼ੇਸ਼ ਮੀਟਿੰਗ ਕੀਤੀ ਗਈ। ਉਨ੍ਹਾਂ ਸ਼ਹਿਰ ਵਿੱਚ ਸੜਕਾਂ ਕਿਨਾਰੇ ਪਾਣੀ ਦੀ ਨਿਕਾਸੀ ਲਈ ਕੀਤੇ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਪਾਣੀ ਦੇ ਢੁੱਕਵੇਂ ਨਿਕਾਸ ਲਈ ਸਫ਼ਾਈ ਦੇ ਕਾਰਜ ਇਸੇ ਮਹੀਨੇ ਪੂਰੇ ਕੀਤੇ ਜਾਣ ਤਾਂ ਜੋ ਮੌਨਸੂਨ ਸਮੇਂ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਪਟਿਆਲਾ ਕੀ ਰਾਓ ਦੀ ਸਫ਼ਾਈ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਚੰਡੀਗੜ੍ਹ ਦੇ ਚੀਫ ਇੰਜਨੀਅਰ ਸੀਬੀ ਓਝਾ ਨੇ ਮੌਨਸੂਨ ਦੀਆਂ ਤਿਆਰੀਆਂ ਲਈ ਚੱਲ ਰਹੇ ਕੰਮਾਂ ਦਾ ਨਿਰੀਖਣ ਕਰਨ ਲਈ ਪਟਿਆਲਾ ਕੀ ਰਾਓ ਦਾ ਦੌਰਾ ਕੀਤਾ। ਉਨ੍ਹਾਂ ਨਾਲ ਸੁਪਰਡੈਂਟ ਇੰਜਨੀਅਰ, ਕਾਰਜਕਾਰੀ ਇੰਜਨੀਅਰ ਅਤੇ ਇੰਜਨੀਅਰਿੰਗ ਵਿਭਾਗ ਦੇ ਹੋਰ ਅਧਿਕਾਰੀਆਂ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮੌਨਸੂਨ ਦੇ ਪ੍ਰਭਾਵਸ਼ਾਲੀ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਅਹਿਮ ਹਦਾਇਤਾਂ ਜਾਰੀ ਕੀਤੀਆਂ। ਖੁੱਡਾ ਲਾਹੌਰਾ ਵਿੱਚ ਪੁਲ ਦੇ ਪਟਿਆਲਾ ਕੀ ਰਾਓ ਦੇ ਉੱਪਰਲੇ ਹਿੱਸੇ ਨੂੰ ਡੀਸਿਲਟ ਕਰ ਕੇ ਬਰਸਾਤੀ ਪਾਣੀ ਦੇ ਨਿਰਵਿਘਨ ਵਹਾਅ ਲਈ ਸਮਰਪਿਤ ਚੈਨਲ ਬਣਾਇਆ ਗਿਆ ਸੀ। ਫ਼ਿਲਹਾਲ ਡੱਡੂਮਾਜਰਾ ਪੁਲ ’ਤੇ ਹੇਠਾਂ ਤੋਂ ਗਾਰ ਕੱਢਣ ਦਾ ਕੰਮ ਚੱਲ ਰਿਹਾ ਹੈ। ਦੌਰੇ ਦੌਰਾਨ ਮੁੱਖ ਇੰਜਨੀਅਰ ਨੇ ਇੰਜਨੀਅਰਿੰਗ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪਟਿਆਲਾ ਕੀ ਰਾਓ ਵਿੱਚ ਸਫ਼ਾਈ ਦੇ ਕੰਮ ਵਿੱਚ ਤੇਜ਼ੀ ਲਿਆਉਣ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.