
ਅਫਗਾਨਿਸਤਾਨ 'ਚ ਹੜ੍ਹ ਕਾਰਨ 300 ਤੋਂ ਵੱਧ ਲੋਕਾਂ ਦੀ ਮੌਤ, ਇਕ ਹਜ਼ਾਰ ਤੋਂ ਵੱਧ ਘਰ ਢੇਰੀ
- by Aaksh News
- May 12, 2024

ਅਫਗਾਨਿਸਤਾਨ 'ਚ ਭਾਰੀ ਮੀਂਹ ਕਾਰਨ ਆਏ ਭਿਆਨਕ ਹੜ੍ਹ 'ਚ 300 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਉੱਤਰੀ ਸੂਬੇ ਬਘਲਾਨ ਵਿੱਚ ਹੜ੍ਹ ਕਾਰਨ 1000 ਤੋਂ ਵੱਧ ਘਰ ਤਬਾਹ ਹੋ ਗਏ ਹਨ। ਸੰਯੁਕਤ ਰਾਸ਼ਟਰ ਦੀ ਖੁਰਾਕ ਏਜੰਸੀ ਨੇ ਸ਼ਨੀਵਾਰ ਨੂੰ ਕਿਹਾ ਕਿ ਅਫਗਾਨਿਸਤਾਨ 'ਚ ਪਿਛਲੇ ਕੁਝ ਹਫਤਿਆਂ ਦੌਰਾਨ ਅਸਧਾਰਨ ਤੌਰ 'ਤੇ ਭਾਰੀ ਬਾਰਿਸ਼ ਹੋਈ ਹੈ। ਦੇਸ਼ ਦਾ ਉੱਤਰੀ ਖੇਤਰ ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਸ਼ੁੱਕਰਵਾਰ ਨੂੰ ਸਭ ਤੋਂ ਵੱਧ ਪ੍ਰਭਾਵਿਤ ਬਘਲਾਨ ਸੂਬੇ ਵਿੱਚ 50 ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਮੀਡੀਆ ਨੇ ਦੱਸਿਆ ਕਿ ਗੁਆਂਢੀ ਤਖਾਰ ਸੂਬੇ ਵਿੱਚ 20 ਲੋਕ ਮਾਰੇ ਗਏ। ਤਾਲਿਬਾਨ ਸਰਕਾਰ ਦੇ ਮੁੱਖ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਸ਼ਨੀਵਾਰ ਨੂੰ ਟਵਿੱਟਰ 'ਤੇ ਪੋਸਟ ਕੀਤਾ ਕਿ ਵਿਨਾਸ਼ਕਾਰੀ ਹੜ੍ਹਾਂ ਨੇ ਸੈਂਕੜੇ ਲੋਕਾਂ ਦੀ ਜਾਨ ਲੈ ਲਈ ਹੈ, ਜਦਕਿ ਕਈ ਲੋਕ ਜ਼ਖਮੀ ਵੀ ਹੋਏ ਹਨ। ਮੁਜਾਹਿਦ ਨੇ ਬਦਖਸ਼ਾਨ, ਬਘਲਾਨ, ਘੋਰ ਅਤੇ ਹੇਰਾਤ ਨੂੰ ਸਭ ਤੋਂ ਵੱਧ ਪ੍ਰਭਾਵਿਤ ਦੱਸਿਆ। ਮੁਜਾਹਿਦ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਬਚਾਉਣ, ਜ਼ਖਮੀਆਂ ਨੂੰ ਲਿਜਾਣ ਅਤੇ ਲਾਸ਼ਾਂ ਦੀ ਭਾਲ ਲਈ ਸਾਰੇ ਉਪਲਬਧ ਸਾਧਨਾਂ ਦੀ ਵਰਤੋਂ ਕਰਨ ਦੇ ਹੁਕਮ ਦਿੱਤੇ ਹਨ। ਉਧਰ ਰੱਖਿਆ ਮੰਤਰਾਲੇ ਨੇ ਕਿਹਾ ਕਿ ਦੇਸ਼ ਦੀ ਹਵਾਈ ਸੈਨਾ ਨੇ ਬਘਲਾਨ 'ਚ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਹੜ੍ਹ 'ਚ ਫਸੇ ਵੱਡੀ ਗਿਣਤੀ 'ਚ ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਜ਼ਖਮੀਆਂ ਨੂੰ ਇਲਾਕੇ ਦੇ ਫੌਜੀ ਹਸਪਤਾਲ 'ਚ ਪਹੁੰਚਾਇਆ ਗਿਆ ਹੈ।