
ਨੌਸਰਬਾਜ ਨੇ ਠੱਗਣ ਲਈ ਕੀਤਾ ਕੈਨੇਡਾ ਬੈਠੇ ਬੱਚੇ ਦੇ ਕੈਨੇਡਾ ਵਿਚ ਜਬਰ ਜਨਾਹ ਦੇ ਕੇਸ ਵਿਚ ਫੜੇ ਜਾਣ ਲਈ ਫੋਨ
- by Jasbeer Singh
- September 6, 2024

ਨੌਸਰਬਾਜ ਨੇ ਠੱਗਣ ਲਈ ਕੀਤਾ ਕੈਨੇਡਾ ਬੈਠੇ ਬੱਚੇ ਦੇ ਕੈਨੇਡਾ ਵਿਚ ਜਬਰ ਜਨਾਹ ਦੇ ਕੇਸ ਵਿਚ ਫੜੇ ਜਾਣ ਲਈ ਫੋਨ ਜਲੰਧਰ : ਕੈਨੇਡਾ ਵਿਚ ਪੜ੍ਹ ਰਹੇ ਬੇਟੇ ਦੇ ਜਬਰ-ਜ਼ਨਾਹ ਦੇ ਕੇਸ ਵਿਚ ਫੜੇ ਜਾਣ ਦਾ ਫੋਨ ਕਰ ਕੇ ਇਕ ਨੌਸਰਬਾਜ਼ ਨੇ ਗੈਰਾਜ ਮਾਲਕ ਦੀ ਪਤਨੀ ਤੋਂ ਪੈਸੇ ਠੱਗਣ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਫੋਨ ਆਇਆ ਤਾਂ ਪੂਰਾ ਪਰਿਵਾਰ ਸਹਿਮ ਗਿਆ ਪਰ ਕੁਝ ਸਮੇਂ ਬਾਅਦ ਜਦੋਂ ਉਨ੍ਹਾਂ ਨੇ ਆਪਣੇ ਬੇਟੇ ਨੂੰ ਫੋਨ ਕੀਤਾ ਤਾਂ ਉਕਤ ਫੋਨ ਝੂਠਾ ਸਾਬਿਤ ਹੋਇਆ। ਜਾਣਕਾਰੀ ਦਿੰਦਿਆਂ ਗੈਰੇਜ ਦੇ ਮਾਲਕ ਅਤੇ ਸਮਾਜ-ਸੇਵਕ ਸੰਜੀਵ ਦੇਵ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਇਕ ਸਕੂਲ ਵਿਚ ਟੀਚਰ ਹੈ। ਉਨ੍ਹਾਂ ਨੂੰ ਕਿਸੇ ਅਣਜਾਣ ਮੋਬਾਈਲ ਨੰਬਰ ਤੋਂ ਫੋਨ ਆਇਆ ਕਿ ਉਨ੍ਹਾਂ ਦਾ ਬੇਟਾ, ਜੋ ਕੈਨੇਡਾ ਵਿਚ ਪੜ੍ਹ ਰਿਹਾ ਹੈ, ਉਥੋਂ ਦੀ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫੋਨ ਕਰਨ ਵਾਲੇ ਵਿਅਕਤੀ ਨੂੰ ਉਨ੍ਹਾਂ ਦੇ ਬੇਟੇ ਦਾ ਨਾਂ ਵੀ ਪਤਾ ਸੀ। ਜਿਉਂ ਹੀ ਬੇਟੇ ਨੂੰ ਲੈ ਕੇ ਔਰਤ ਨੂੰ ਫੋਨ ਆਇਆ ਤਾਂ ਉਹ ਸਹਿਮ ਗਈ ਅਤੇ ਸਕੂਲ ਤੋਂ ਛੁੱਟੀ ਲੈ ਕੇ ਘਰ ਆਈ ਤੇ ਸੰਜੀਵ ਦੇਵ ਸ਼ਰਮਾ ਨੂੰ ਵੀ ਸੂਚਨਾ ਦਿੱਤੀ। ਇਸੇ ਦੌਰਾਨ ਘਰ ਵਿਚ ਗੁਆਂਢ ਦਾ ਪਰਿਵਾਰ ਵੀ ਆ ਗਿਆ। ਉਕਤ ਵਿਅਕਤੀ ਨੇ ਦੁਬਾਰਾ ਫੋਨ ਕੀਤਾ ਤਾਂ ਖੁਦ ਨੂੰ ਵਕੀਲ ਦੱਸਣ ਲੱਗਾ ਅਤੇ ਬਿਨਾਂ ਸਮਾਂ ਗੁਆਏ ਬੇਟੇ ਨੂੰ ਬਚਾਉਣ ਦੀ ਗੱਲ ਕਰਨ ਲੱਗਾ। ਸ਼ੱਕ ਹੋਇਆ ਤਾਂ ਪਰਿਵਾਰ ਨੇ ਆਪਣੇ ਬੇਟੇ ਨੂੰ ਫੋਨ ਕੀਤਾ, ਜਿਸ ਨਾਲ ਗੱਲ ਹੋਣ ’ਤੇ ਪਤਾ ਲੱਗਾ ਕਿ ਉਕਤ ਫੋਨ ਉਨ੍ਹਾਂ ਕੋਲੋਂ ਪੈਸੇ ਠੱਗਣ ਲਈ ਸੀ। ਸੰਜੀਵ ਦੇਵ ਸ਼ਰਮਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਫੋਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾਵੇ। ਜੇਕਰ ਫੋਨ ਆਉਂਦਾ ਹੈ ਤਾਂ ਪਹਿਲਾਂ ਆਪਣੇ ਬੱਚਿਆਂ ਨਾਲ ਗੱਲ ਕਰੋ।