post

Jasbeer Singh

(Chief Editor)

Sports

ਭਾਰਤ ਵਿੱਚ ਖੇਡ ਢਾਂਚੇ ਦੀ ਡੂੰਘੀ ਸਮਝ ਰੱਖਣ ਵਾਲੇ ਕੋਚ ਦੀ ਜ਼ਰੂਰਤ: ਜੈ ਸ਼ਾਹ

post-img

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਕੱਤਰ ਜੈ ਸ਼ਾਹ ਨੇ ਅੱਜ ਭਾਰਤ ਦੇ ਮੁੱਖ ਕੋਚ ਲਈ ਬੋਰਡ ਵੱਲੋਂ ਆਸਟਰੇਲੀਆ ਦੇ ਸਾਬਕਾ ਕ੍ਰਿਕਟਰਾਂ ਨਾਲ ਸੰਪਰਕ ਕੀਤੇ ਜਾਣ ਦੇ ਦਾਅਵੇ ਰੱਦ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਨਵੇਂ ਕੋਚ ਨੂੰ ਦੇਸ਼ ਵਿਚ ਖੇਡ ਢਾਂਚੇ ਦੀ ਡੂੰਘੀ ਸਮਝ ਹੋਣੀ ਚਾਹੀਦੀ ਹੈ। ਸੂਤਰਾਂ ਅਨੁਸਾਰ ਭਾਰਤ ਦੇ ਮੌਜੂਦਾ ਕੋਚ ਰਾਹੁਲ ਦ੍ਰਾਵਿੜ ਨੇ ਬੋਰਡ ਨੂੰ ਦੱਸ ਦਿੱਤਾ ਹੈ ਕਿ ਉਹ ਆਪਣੇ ਕਾਰਜਕਾਲ ’ਚ ਹੋਰ ਵਾਧਾ ਨਹੀਂ ਚਾਹੁੰਦੇ। ਉਧਰ ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਰਿਕੀ ਪੌਂਟਿੰਗ ਤੇ ਜਸਟਿਨ ਲੈਂਗਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਸ ਅਹੁਦੇ ਦੀ ਪੇਸ਼ਕਸ਼ ਠੁਕਰਾ ਦਿੱਤੀ ਹੈ। ਕੋਲਕਾਤਾ ਨਾਈਟ ਰਾਈਡਰਜ਼ ਦੇ ਮੈਂਟਰ ਤੇ ਸਾਬਕਾ ਬੱਲੇਬਾਜ਼ ਗੌਤਮ ਗੰਭੀਰ ਨੂੰ ਵੀ ਇਸ ਅਹੁਦੇ ਲਈ ਮੁੱਖ ਦਾਅਵੇਦਾਰਾਂ ’ਚ ਗਿਣਿਆ ਜਾ ਰਿਹਾ ਹੈ। ਸ਼ਾਹ ਨੇ ਕਿਹਾ, “ਮੈਂ ਜਾਂ ਬੀਸੀਸੀਆਈ ’ਚੋਂ ਕਿਸੇ ਨੇ ਵੀ ਕੋਚ ਦੇ ਅਹੁਦੇ ਲਈ ਕਿਸੇ ਸਾਬਕਾ ਆਸਟਰੇਲਿਆਈ ਕ੍ਰਿਕਟਰ ਨਾਲ ਸੰਪਰਕ ਨਹੀਂ ਕੀਤਾ। ਮੀਡੀਆ ’ਚ ਚੱਲ ਰਹੀਆਂ ਖਬਰਾਂ ਗਲਤ ਹਨ।’’ ਬੀਸੀਸੀਆਈ ਨੇ ਕੋਚ ਲਈ ਅਪਲਾਈ ਕਰਨ ਦੀ ਆਖਰੀ ਤਰੀਕ 27 ਮਈ ਰੱਖੀ ਹੈ।

Related Post