
ਨੀਟ (ਯੂਜੀ) 2024: ਪਟਨਾ ਪੁਲੀਸ ਵੱਲੋਂ 11 ਉਮੀਦਵਾਰਾਂ ਨੂੰ ਨੋਟਿਸ ਜਾਰੀ
- by Aaksh News
- June 15, 2024

ਨੀਟ (ਯੂਜੀ) 2024 ਪੇਪਰ ਲੀਕ ਮਾਮਲੇ ਦੀ ਜਾਂਚ ਕਰ ਰਹੀ ਬਿਹਾਰ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਅੱਜ ਸੱਤ ਲੜਕੀਆਂ ਸਮੇਤ 11 ਸ਼ੱਕੀ ਉਮੀਦਵਾਰਾਂ ਨੂੰ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਦੇ ਨਾਂ ਅਤੇ ਰੋਲ ਨੰਬਰ ਪ੍ਰੀਖਿਆ ਮਾਫ਼ੀਆ ਕੋਲੋਂ ਮਿਲਣ ਮਗਰੋਂ ਇਹ ਨੋਟਿਸ ਜਾਰੀ ਕੀਤਾ ਗਿਆ ਹੈ। ਇਨ੍ਹਾਂ ਉਮੀਦਵਾਰਾਂ ਦੀ ਜਾਣਕਾਰੀ ਐੱਨਟੀਏ ਨੇ ਆਰਥਿਕ ਅਪਾਰਧ ਸ਼ਾਖਾ ਨਾਲ ਸਾਂਝੀ ਕੀਤੀ ਹੈ। ਕਿੰਨੇ ਮੁਲਜ਼ਮਾਂ ਦੀ ਹੋਈ ਗ੍ਰਿਫ਼ਤਾਰੀ? ਇਸ ਮਾਮਲੇ ਵਿੱਚ ਆਰਥਿਕ ਅਪਰਾਧ ਸ਼ਾਖਾ ਹੁਣ ਤੱਕ ਪ੍ਰੀਖਿਆ ਮਾਫ਼ੀਆ ਨਾਲ ਜੁੜੇ ਛੇ ਵਿਅਕਤੀਆਂ, ਚਾਰ ਪ੍ਰੀਖਿਆਰਥੀਆਂ ਅਤੇ ਤਿੰਨ ਮਾਪਿਆਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਚੁੱਕੀ ਹੈ। ਗ੍ਰਿਫ਼ਤਾਰ ਇੱਕ ਦੋਸ਼ੀ ਵੱਲੋਂ ਦਿੱਤੀ ਜਾਣਕਾਰੀ ’ਤੇ ਪਟਨਾ ਦੇ ਰਾਮ ਕ੍ਰਿਸ਼ਨਾ ਪੁਲੀਸ ਥਾਣੇ ਅਧੀਨ ਆਉਂਦੇ ਲਰਨ ਪਲੇਅ ਸਕੂਲ ’ਚੋਂ ਕਿਤਾਬਚਾ ਨੰਬਰ 6136488 ਵਿੱਚੋਂ ਅੰਸ਼ਿਕ ਤੌਰ ’ਤੇ ਸੜੇ ਹੋਏ ਪੇਪਰ ਮਿਲੇ ਸਨ ਜੋ ਨੀਟ (ਯੂਜੀ) 2024 ਦੇ ਪੇਪਰ ਵਾਂਗ ਹੀ ਸਨ। ਆਰਥਿਕ ਅਪਰਾਧ ਸ਼ਾਖਾ ਨੇ ਲਗਪਗ ਇੱਕ ਮਹੀਨਾ ਪਹਿਲਾਂ ਕਿਤਾਬਚਾ ਨੰਬਰ 6136488 ਦੀ ਅਸਲ ਕਾਪੀ ਨੈਸ਼ਨਲ ਟੈਸਟਿੰਗ ਏਜੰਸੀ ਤੋਂ ਮੰਗੀ ਸੀ, ਪਰ ਤਿੰਨ ਵਾਰ ਯਾਦ ਪੱਤਰ ਭੇਜਣ ਦੇ ਬਾਵਜੂਦ ਅਸਲ ਕਾਪੀ ਮੁਹੱਈਆ ਨਹੀਂ ਕਰਵਾਈ ਗਈ। ਉੱਧਰ, ਗ੍ਰਿਫ਼ਤਾਰ ਕੀਤੇ ਗਏ ਉਮੀਦਵਾਰਾਂ ਨੇ ਬਿਆਨ ਵਿੱਚ ਦੱਸਿਆ ਕਿ ਉਨ੍ਹਾਂ ਨੂੰ ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ 4 ਮਈ ਨੂੰ ਪੇਪਰ ਮਿਲਿਆ ਸੀ ਤੇ ਇਹ ਓਹੀ ਪੇਪਰ ਸੀ। ਪ੍ਰੀਖਿਆ ਦਾ ਨਤੀਜਾ ਆਉਣ ਤੋਂ ਬਾਅਦ… ਐੱਨਟੀਏ ਵੱਲੋਂ 5 ਮਈ ਨੂੰ 4750 ਕੇਂਦਰਾਂ ਵਿੱਚ ਲਈ ਪ੍ਰੀਖਿਆ ’ਚ ਕਰੀਬ 24 ਲੱਖ ਉਮੀਦਵਾਰ ਬੈਠੇ ਸਨ। ਪ੍ਰੀਖਿਆ ਦਾ ਨਤੀਜਾ ਪਹਿਲਾਂ 14 ਜੂਨ ਨੂੰ ਐਲਾਨਿਆ ਜਾਣਾ ਸੀ, ਪਰ ਉੱਤਰ ਪੱਤਰੀਆਂ ਦੇ ਮੁਲਾਂਕਣ ਦਾ ਅਮਲ ਪਹਿਲਾਂ ਮੁੱਕਣ ਕਰਕੇ 4 ਜੂਨ ਨੂੰ ਹੀ ਨਤੀਜੇ ਐਲਾਨ ਦਿੱਤੇ ਗਏ। ਇਨ੍ਹਾਂ ਨਤੀਜਿਆਂ ਵਿੱਚ 67 ਵਿਦਿਆਰਥੀਆਂ ਨੇ ਪਰਫੈਕਟ 720 ਦੇ ਸਕੋਰ ਨਾਲ ਟੌਪ ਰੈਂਕ ਹਾਸਲ ਕੀਤਾ ਸੀ। ਸਿਖਰਲਾ ਰੈਂਕ ਹਾਸਲ ਕਰਨ ਵਾਲਿਆਂ ਦੀ ਸੂਚੀ ਵਿੱਚ ਛੇ ਵਿਦਿਆਰਥੀ ਹਰਿਆਣਾ ਦੇ ਫਰੀਦਾਬਾਦ ਦੇ ਇੱਕੋ ਸੈਂਟਰ ਨਾਲ ਸਬੰਧਤ ਸਨ, ਜਿਸ ਕਰਕੇ ਨਤੀਜਿਆਂ ਵਿੱਚ ਬੇਨਿਯਮੀਆਂ ਨੂੰ ਲੈ ਕੇ ਸ਼ੱਕੇ ਖੜ੍ਹੇ ਹੋਏ। ਨਤੀਜੇ ਵਿੱਚ 1563 ਪ੍ਰੀਖਿਆਰਥੀਆਂ ਨੂੰ ਗਰੇਸ ਅੰਕ ਵੀ ਦਿੱਤੇ ਗਏ, ਜਿਸ ਬਾਰੇ ਨੋਟੀਫਿਕੇਸ਼ਨ ਵਿੱਚ ਅਜਿਹਾ ਕੁੱਝ ਵੀ ਨਹੀਂ ਦੱਸਿਆ ਗਿਆ ਸੀ। ਨੀਟ 2024 ਦੇ ਨਤੀਜਿਆਂ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਸਿੱਖਿਆ ਮੰਤਰਾਲੇ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀ। PTI ਪੇਪਰ ਲੀਕ ਦਾ ਕੋਈ ਸਬੂਤ ਨਹੀਂ: ਸਿੱਖਿਆ ਮੰਤਰੀ ਸਿੱਖਿਆ ਮੰਤਰੀ ਵਜੋਂ ਦੂਜੀ ਵਾਰ ਅਹੁਦਾ ਸੰਭਾਲਣ ਮੌਕੇ ਮੰਤਰੀ ਧਰਮੇਂਦਰ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ, ‘‘ਨੀਟ ਯੂਜੀ ਵਿੱਚ ਪੇਪਰ ਲੀਕ ਦਾ ਕੋਈ ਸਬੂਤ ਨਹੀਂ ਹੈ। ਐੱਨਟੀਏ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਵੀ ਬੇਬੁਨਿਆਦ ਹਨ, ਇਹ ਬਹੁਤ ਭਰੋਸੇਮੰਦ ਸੰਸਥਾ ਹੈ।’’ ਉਨ੍ਹਾਂ ਕਿਹਾ, ‘‘ਜੇ ਕੋਈ ਉਮੀਦਵਾਰ ਮੁੜ ਪ੍ਰੀਖਿਆ ਨਹੀਂ ਦੇਣਾ ਚਾਹੁੰਦਾ ਤਾਂ ਉਸ ਵੱਲੋਂ ਪਹਿਲਾਂ ਲਏ ਅੰਕਾਂ, ਜਿਸ ਵਿੱਚ ਗਰੇਸ ਅੰਕ ਸ਼ਾਮਲ ਨਹੀਂ ਹੋਣਗੇ, ਦੇ ਆਧਾਰ ’ਤੇ ਨਤੀਜਾ ਐਲਾਨਿਆ ਜਾਵੇਗਾ। ਪਹਿਲਾਂ ਵੀ ਜਿਹੜੇ ਗਰੇਸ ਅੰਕ ਦਿੱਤੇ ਜਾਂਦੇ ਸਨ, ਉਹ ਐੱਨਟੀਏ ਆਪਣੀ ਮਨਮਰਜ਼ੀ ਨਾਲ ਨਹੀਂ ਬਲਕਿ ਸੁਪਰੀਮ ਕੋਰਟ ਦੇ ਫਾਰਮੂਲੇ ਦੇ ਆਧਾਰ ’ਤੇ ਦਿੰਦੀ ਸੀ। ਜੇ ਕਿਤੇ ਕੋਈ ਬੇਨਿਯਮੀਆਂ ਹਨ ਤਾਂ ਉਨ੍ਹਾਂ ਨੂੰ ਦੂਰ ਕੀਤਾ ਜਾਵੇਗਾ।’’ ਪ੍ਰੀਖਿਆਰਥੀਆਂ ਵੱਲੋਂ ਕੋਰਟ ਦਾ ਰੁਖ਼ ਨੀਟ ਪ੍ਰੀਖਿਆ ਵਿੱਚ ਕਥਿਤ ਤੌਰ ’ਤੇ ਗੜਬੜੀਆਂ ਸਾਹਮਣੇ ਆਉਣ ਤੋਂ ਬਾਅਦ ਪ੍ਰੀਖਿਆਰਥੀਆਂ ਵੱਲੋਂ ਵਿਰੋਧ ਜਤਾਉਂਦਿਆਂ ਹਾਈ ਕੋਰਟ ਦਾ ਰੁਖ਼ ਕੀਤਾ ਗਿਆ ਹੈ। ਉਹ ਪ੍ਰੀਖਿਆ ਰੱਦ ਕਰਨ ਅਤੇ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਨ। ਸੁਪਰੀਮ ਕੋਰਟ ਨੇ ਇਸ ਸਬੰਧੀ ਕੇਂਦਰ ਅਤੇ ਕੌਮੀ ਪ੍ਰੀਖਿਆ ਏਜੰਸੀ ਤੋਂ ਜਵਾਬ ਮੰਗਿਆ ਹੈ ਤੇ ਨਾਲ ਹੀ ਸੀਬੀਆਈ ਅਤੇ ਬਿਹਾਰ ਸਰਕਾਰ ਤੋਂ ਵੀ ਜਵਾਬ ਤਲਬ ਕੀਤਾ ਗਿਆ ਹੈ। ਐੱਨਟੀਏ ਨੇ ਕੋਰਟ ਵਿੱਚ ਕਿਹਾ ਹੈ ਕਿ ਪ੍ਰੀਖਿਆਰਥੀਆਂ ਨੂੰ ਦਿੱਤੇ ਗਰੇਸ ਅੰਕ ਰੱਦ ਕਰ ਦਿੱਤੇ ਗਏ ਹਨ, ਇਹ ਵਿਦਿਆਰਥੀ 23 ਜੂਨ ਨੂੰ ਦੁਬਾਰਾ ਪ੍ਰੀਖਿਆ ਦੇਣਗੇ ਜਿਸਦਾ ਨਤੀਜਾ 30 ਜੂਨ ਆਵੇਗਾ। ਹਾਲਾਂਕਿ, ਪਟੀਸ਼ਨਰ ਸਿਰਫ਼ ਗਰੇਸ ਅੰਕ ਖ਼ਤਮ ਕੀਤੇ ਜਾਣ ਤੋਂ ਸੰਤੁਸ਼ਟ ਨਹੀਂ ਹੈ। ਕਥਿਤ ਬੇਨਿਯਮੀਆਂ ਦੇ ਵਿਰੋਧ ਵਿੱਚ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ਼੍ਰੀਨਿਵਾਸ ਬੀਵੀ ਕਾਰਕੁਨਾਂ ਸਮੇਤ ਨਾਅਰੇਬਾਜ਼ੀ ਕਰਦੇ ਹੋਏ। PTI ਸਿਆਸੀ ਪਾਰਟੀਆਂ ਨੇ ਵੀ ਚੁੱਕੇ ਸਵਾਲ ਬੀਤੇ ਦਿਨੀਂ ਕਾਂਗਰਸ ਨੇ ਨੀਟ-ਯੂਜੀ ਪ੍ਰੀਖਿਆ ਵਿਵਾਦ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਪਾਰਟੀ ਨੇ ਜ਼ੋਰ ਦੇ ਕੇ ਆਖਿਆ ਕਿ ਇਸ ਮਸਲੇ ਨੂੰ ਲੈ ਕੇ ਦੇਸ਼ ਦਾ ਗੁੱਸਾ ‘ਸੰਸਦ ਦੇ ਅੰਦਰ ਵੀ ਗੂੰਜੇਗਾ’। ਵਿਰੋਧੀ ਪਾਰਟੀ ਨੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਦੇ ਡਾਇਰੈਕਟਰ ਨੂੰ ਹਟਾਉਣ ਦੀ ਮੰਗ ਵੀ ਕੀਤੀ ਹੈ। ਇਸੇ ਤਰ੍ਹਾਂ ਟੀਐੱਮਸੀ ਦੇ ਤਰਜਮਾਨ ਸ਼ਾਂਤਨੂੰ ਸੇਨ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿਦਿਆਰਥੀਆਂ ਦੇ ਭਵਿੱਖ ਨਾਲ ਖੇਡ ਰਹੀ ਹੈ। ਤਾਮਿਲਨਾਡੂ ਦੀ ਸੱਤਾਧਾਰੀ ਪਾਰਟੀ ਡੀਐੱਮਕੇ ਨੇ ਸ਼ਨੀਵਾਰ ਨੂੰ ਨੈਸ਼ਨਲ ਟੈਸਟਿੰਗ ਏਜੰਸੀ ’ਤੇ ਨੀਟ ਦੀ ਪਵਿੱਤਰਤਾ ਭੰਗ ਕਰਨ ਅਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ’ਤੇ ਮੂਕ ਦਰਸ਼ਕ ਬਣਨ ਦਾ ਦੋਸ਼ ਲਾਇਆ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.