post

Jasbeer Singh

(Chief Editor)

Punjab

ਨਵੇਂ ਕਾਨੂੰਨ ਬਸਤੀਵਾਦੀ ਯੁੱਗ ਦੇ ਕਾਨੂੰਨਾਂ ਦਾ ਅੰਤ ਦਰਸਾਉਂਦੇ ਹਨ : ਮੋਦੀ

post-img

ਨਵੇਂ ਕਾਨੂੰਨ ਬਸਤੀਵਾਦੀ ਯੁੱਗ ਦੇ ਕਾਨੂੰਨਾਂ ਦਾ ਅੰਤ ਦਰਸਾਉਂਦੇ ਹਨ : ਮੋਦੀ ਚੰਡੀਗੜ੍ਹ, 3 ਦਸੰਬਰ : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਇੱਥੇ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦੇ ਸਫਲਤਾਪੂਰਵਕ ਲਾਗੂ ਹੋਣ ’ਤੇ ਦੇਸ਼ ਨੂੰ ਸਮਰਪਿਤ ਕੀਤੇ । ਇਹ ਕਾਨੂੰਨ ਭਾਰਤੀ ਨਿਆ ਸੰਹਿਤਾ, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਾਕਸ਼ਯ ਅਧਿਨਿਯਮ ਕ੍ਰਮਵਾਰ ਬ੍ਰਿਟਿਸ਼-ਯੁੱਗ ਦੇ ਭਾਰਤੀ ਦੰਡ ਸੰਹਿਤਾ, ਕੋਡ ਆਫ ਕ੍ਰਿਮੀਨਲ ਪ੍ਰੋਸੀਜ਼ਰ ਅਤੇ ਭਾਰਤੀ ਸਬੂਤ ਐਕਟ ਦੀ ਥਾਂ ਲੈ ਕੇ 1 ਜੁਲਾਈ ਨੂੰ ਲਾਗੂ ਹੋਏ ਸਨ । ਚੰਡੀਗੜ੍ਹ ਦੇਸ਼ ਦੀ ਪਹਿਲੀ ਅਜਿਹੀ ਪ੍ਰਸ਼ਾਸਨਿਕ ਇਕਾਈ ਬਣ ਗਈ ਹੈ ਜਿੱਥੇ ਤਿੰਨਾਂ ਕਾਨੂੰਨਾਂ ਨੂੰ 100 ਫੀਸਦੀ ਲਾਗੂ ਕੀਤਾ ਗਿਆ ਹੈ । ਇਸ ਮੌਕੇ ’ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਅਪਰਾਧਿਕ ਕਾਨੂੰਨ ਸਾਰੇ ਨਾਗਰਿਕਾਂ ਦੇ ਲਾਭ ਲਈ ਸੰਵਿਧਾਨ ਵਿੱਚ ਦਰਜ ਆਦਰਸ਼ਾਂ ਨੂੰ ਸਾਕਾਰ ਕਰਨ ਵੱਲ ਇੱਕ ਠੋਸ ਕਦਮ ਦਰਸਾਉਂਦੇ ਹਨ । ਉਨ੍ਹਾਂ ਕਿਹਾ ਕਿ ਇਹ ਕਾਨੂੰਨ ਬਸਤੀਵਾਦੀ ਯੁੱਗ ਦੇ ਕਾਨੂੰਨਾਂ ਦੇ ਅੰਤ ਨੂੰ ਦਰਸਾਉਂਦੇ ਹਨ । ਮੋਦੀ ਨੇ ਅੱਗੇ ਕਿਹਾ ਕਿ ਬਸਤੀਵਾਦੀ ਯੁੱਗ ਦੇ ਕਾਨੂੰਨ ਅੰਗਰੇਜ਼ਾਂ ਵੱਲੋਂ ਭਾਰਤ ’ਤੇ ਰਾਜ ਕਰਨ ਵੇਲੇ ਕੀਤੇ ਅੱਤਿਆਚਾਰਾਂ ਅਤੇ ਸ਼ੋਸ਼ਣ ਦਾ ਮਾਧਿਅਮ ਸਨ । ਉਨ੍ਹਾਂ ਕਾਨੂੰਨਾਂ ਦਾ ਉਦੇਸ਼ ਭਾਰਤੀਆਂ ਨੂੰ ਸਜ਼ਾ ਦੇਣਾ ਅਤੇ ਉਨ੍ਹਾਂ ਨੂੰ ਗੁਲਾਮ ਬਣਾ ਕੇ ਰੱਖਣਾ ਸੀ । ਇਸ ਮੌਕੇ ਬੋਲਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਤਿੰਨ ਨਵੇਂ ਕਾਨੂੰਨ ਪੂਰੀ ਤਰ੍ਹਾਂ ਲਾਗੂ ਹੋ ਗਏ ਹਨ, ਐਫਆਈਆਰ ਦਰਜ ਹੋਣ ਦੇ ਤਿੰਨ ਸਾਲਾਂ ਦੇ ਅੰਦਰ ਹਰ ਕਿਸੇ ਨੂੰ ਨਿਆਂ ਮਿਲੇਗਾ ਅਤੇ ਸਾਡੀ ਅਪਰਾਧਿਕ ਨਿਆਂ ਪ੍ਰਣਾਲੀ ਦੁਨੀਆ ਦੀ ਸਭ ਤੋਂ ਆਧੁਨਿਕ ਪ੍ਰਣਾਲੀ ਹੋਵੇਗੀ । ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਨੇ ਨਵੇਂ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਦੀ ਵੀ ਸ਼ਲਾਘਾ ਕੀਤੀ । ਇਸ ਤੋਂ ਪਹਿਲਾਂ ਮੋਦੀ ਨੇ ਨਵੇਂ ਕਾਨੂੰਨਾਂ ਦੇ ਤਹਿਤ ਅਪਰਾਧ ਸੀਨ ਜਾਂਚ ਦੀ ਨਕਲ ਕਰਦੇ ਹੋਏ ਲਾਈਵ ਪ੍ਰਦਰਸ਼ਨ ਦੇਖਿਆ। ਇਸ ਮੌਕੇ ਸਬੂਤ ਇਕੱਠੇ ਕਰਨ ਅਤੇ ਬਿਆਨ ਦਰਜ ਕਰਨ ਦੀ ਪ੍ਰਕਿਰਿਆ ਬਾਰੇ ਚੰਡੀਗੜ੍ਹ ਪੁਲਸ ਵੱਲੋਂ ਇੱਥੇ ਪੰਜਾਬ ਇੰਜਨੀਅਰਿੰਗ ਕਾਲਜ ਵਿੱਚ ਬਣਾਏ ਗਏ ਪ੍ਰਦਰਸ਼ਨੀ ਹਾਲ ਵਿੱਚ ਕੀਤਾ ਗਿਆ। ਇਸ ਮੌਕੇ ਚੰਡੀਗੜ੍ਹ ਦੀ ਸੀਨੀਅਰ ਪੁਲਸ ਕਪਤਾਨ ਕੰਵਰਦੀਪ ਕੌਰ ਨੇ ਵੀ ਮੋਦੀ ਨੂੰ ਜਾਣਕਾਰੀ ਦਿੱਤੀ । ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਨਾਲ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ, ਯੂਟੀ ਚੰਡੀਗੜ੍ਹ ਦੇ ਸਲਾਹਕਾਰ ਰਾਜੀਵ ਵਰਮਾ ਅਤੇ ਚੰਡੀਗੜ੍ਹ ਪੁਲਿਸ ਦੇ ਡਾਇਰੈਕਟਰ ਜਨਰਲ ਸੁਰਿੰਦਰ ਸਿੰਘ ਯਾਦਵ ਵੀ ਮੌਜੂਦ ਸਨ ।

Related Post