post

Jasbeer Singh

(Chief Editor)

Entertainment

ਪੰਜਾਬੀ ਯੂਨੀਵਰਸਿਟੀ ਵਿੱਚ 'ਟੂੰਮਾਂ ' ਨਾਟਕ ਨਾਲ਼ ਹੋਈ '10 ਵੇਂ ਨੋਰ੍ਹਾ ਰਿਚਰਡ ਥੀਏਟਰ ਫੈਸਟੀਵਲ ਦੀ ਸ਼ੁਰੂਆਤ

post-img

ਪੰਜਾਬੀ ਯੂਨੀਵਰਸਿਟੀ ਵਿੱਚ 'ਟੂੰਮਾਂ ' ਨਾਟਕ ਨਾਲ਼ ਹੋਈ '10 ਵੇਂ ਨੋਰ੍ਹਾ ਰਿਚਰਡ ਥੀਏਟਰ ਫੈਸਟੀਵਲ ਦੀ ਸ਼ੁਰੂਆਤ -ਸਿਹਤ ਮੰਤਰੀ ਬਲਬੀਰ ਸਿੰਘ ਪਹੁੰਚੇ ਨਾਟਕ ਵੇਖਣ ਪਹਿਲੇ ਦਿਨ ਦਿਨ ਸਮੇਂ ਸਰਦਾਰ ਸੋਹੀ ਦਾ ਰੂ-ਬ-ਰੂ ਕਰਵਾਇਆ ਪਟਿਆਲਾ, 3 ਦਸੰਬਰ : ਪੰਜਾਬੀ ਯੂਨੀਵਰਸਿਟੀ ਵਿਖੇ ਯੁਵਕ ਭਲਾਈ ਵਿਭਾਗ ਅਤੇ ਪੰਜਾਬ ਸੰਗੀਤ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਸਾਰਥਕ ਰੰਗਮੰਚ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ,ਪਟਿਆਲਾ ਵਲੋਂ ਕਰਵਾਏ ਜਾ ਰਹੇ 10 ਵੇਂ ਨੋਰਾ ਰਿਚਰਡ ਥੀਏਟਰ ਫੈਸਟੀਵਲ ਦੀ ਸ਼ੁਰੂਆਤ ਪ੍ਰਸਿੱਧ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੇ ਲਿਖੇ ਅਤੇ ਡਾ. ਲੱਖਾ ਲਹਿਰੀ ਦੁਆਰਾ ਨਿਰਦੇਸ਼ਤ ਕੀਤਾ ਗਿਆ ਨਾਟਕ 'ਟੂੰਮਾਂ ' ਨਾਲ ਹੋਈ । ਇਸ ਨਾਟਕ ਨੂੰ ਦੇਖਣ ਲਈ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ। ਨਾਟਕ ਦੇ ਅੰਤ ਉੱਤੇ ਡਾ. ਬਲਵੀਰ ਸਿੰਘ ਨੇ ਕਲਾਕਾਰਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਰੰਗਮੰਚ ਦੇ ਕਲਾਕਾਰ ਅਸਲੀ ਕਲਾਕਾਰ ਹੁੰਦੇ ਹਨ, ਜੋ ਬਿਨਾਂ ਕਿਸੇ ਰੀਟੇਕ ਦੇ ਲਗਾਤਾਰ ਡੇਢ ਘੰਟਾ ਪੇਸ਼ਕਾਰੀ ਕਰਦੇ ਹਨ। ਨਾਟਕ ਮੇਲੇ ਦੀ ਮਹੱਤਤਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਸੱਭਿਆਚਾਰਕ ਮੇਲੇ ਨੌਜਵਾਨਾਂ ਵਿੱਚ ਚੇਤਨਾ, ਆਤਮ ਵਿਸ਼ਵਾਸ ਤੇ ਊਰਜਾ ਪੈਦਾ ਕਰਦੇ ਹਨ । ਰਜਿਸਟਰਾਰ ਪੰਜਾਬੀ ਯੂਨੀਵਰਸਿਟੀ ਡਾ. ਸੰਜੀਵ ਪੁਰੀ ਨੇ ਡਾ. ਬਲਵੀਰ ਸਿੰਘ ਨੂੰ ਜੀ ਆਇਆਂ ਕਿਹਾ ਅਤੇ ਸਾਰਥਕ ਰੰਗਮੰਚ ਤੇ ਯੂਥ ਵੈਲਫੇਅਰ ਵਿਭਾਗ ਦੀ ਇਸ ਕਾਰਜ ਲਈ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਇਸ ਮੇਲੇ ਦੀ ਲਗਾਤਾਰਤਾ ਬਣੀ ਰਹਿਣੀ ਚਾਹੀਦੀ ਹੈ । ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਨਰਿੰਦਰ ਕੌਰ ਮੁਲਤਾਨੀ ਵੀ ਸ਼ਾਮਲ ਹੋਏ । ਡਾ. ਇੰਦਰਜੀਤ ਸਿੰਘ(ਸਾਬਕਾ ਡੀਨ ਅਕਾਦਮਿਕ ਮਾਮਲੇ),ਡਾ. ਕੁਲਦੀਪ ਕੌਰ ਅਤੇ ਸ਼੍ਰੀ ਪ੍ਰਾਣ ਸੱਭਰਵਾਲ ਨੇ ਦਰਸ਼ਕਾਂ ਵਜੋਂ ਸ਼ਮੂਲੀਅਤ ਕੀਤੀ । ਫੈਸਟੀਵਲ ਡਾਇਰੈਕਟਰ ਡਾ. ਇੰਦਰਜੀਤ ਗੋਲਡੀ ਨੇ ਨੋਰ੍ਹਾ ਰਿਚਰਡ ਅਤੇ ਪ੍ਰੋ. ਅਜਮੇਰ ਸਿੰਘ ਔਲਖ ਦੀ ਪੰਜਾਬੀ ਸਾਹਿਤ ਤੇ ਥੀਏਟਰ ਨੂੰ ਮਹਾਨ ਦੇਣ ਬਾਰੇ ਚਾਨਣਾ ਪਾਇਆ । ਇਹ ਨਾਟਕ ਪੰਜਾਬ ਦੇ ਮਾਲਵਾ ਖੇਤਰ ਦੀ ਇੱਕ ਮਸ਼ਹੂਰ ਲੋਕ ਕਹਾਣੀ ਕੇਹਰ ਸਿੰਘ ਦੀ ਮੌਤ 'ਤੇ ਆਧਾਰਿਤ ਹੈ, ਜਿਸ ਨੂੰ ਸੱਚੀ ਕਹਾਣੀ ਮੰਨਿਆ ਜਾਂਦਾ ਹੈ। ਇਹ ਨਾਟਕ ਮੁੱਖ ਪਾਤਰ ਕੇਹਰ ਸਿੰਘ ਦੇ ਆਲੇ-ਦੁਆਲੇ ਘੁੰਮਦਾ ਹੈ ਜੋ ਮਾਪਿਆਂ ਦਾ ਇੱਕ ਮਾਸੂਮ ਸਮਝਦਾਰ ਪੁੱਤਰ ਹੈ । ਦਿਹਾਤੀ ਪੰਜਾਬ ਵਿੱਚ ਜਮੀਨ ਤੋਂ ਬਾਹਰਲੇ ਅਤੇ ਮਜ਼ਦੂਰ ਵਰਗ ਦੇ ਲੋਕ ਜੋ ਖੇਤਾਂ ਵਿੱਚ ਸਹਾਇਕ ਵਜੋਂ ਕੰਮ ਕਰਦੇ ਸਨ, ਨੂੰ ਵਿਆਹ ਦੇ ਪ੍ਰਸਤਾਵ ਪ੍ਰਾਪਤ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਅਤੇ ਕਈ ਵਾਰ ਅਜਿਹਾ ਮੇਲ ਮਿਲਦਾ ਹੈ ਜੋ ਪਤੀ ਜਾਂ ਪਤਨੀ ਨਾਲ ਸਫਲ ਸਬੰਧਾਂ ਨਾਲ ਖਤਮ ਨਹੀਂ ਹੁੰਦਾ । ਨਾਟਕ ਦੀ ਕਹਾਣੀ ਵਿੱਚ ਕੇਹਰ ਸਿੰਘ ਨਾਲ ਵੀ ਅਜਿਹਾ ਹੀ ਹੋਇਆ। ਉਸ ਨੇ ਇੱਕ ਔਰਤ ਨਾਲ ਵਿਆਹ ਕਰਵਾ ਲਿਆ, ਜਿਸ ਨੂੰ ਉਸ ਦੇ ਮਾਪਿਆਂ ਨੇ ਪੈਸੇ ਦੇ ਕੇ ਖਰੀਦਿਆ ਸੀ । ਆਮ ਤੌਰ 'ਤੇ ਇਸ ਤਰ੍ਹਾਂ ਦੇ ਰਿਸ਼ਤੇ ਜ਼ਿਆਦਾ ਦੇਰ ਨਹੀਂ ਚੱਲਦੇ, ਪਰ ਕੇਹਰ ਸਿੰਘ ਅਤੇ ਉਸਦੀ ਪਤਨੀ ਪਿਆਰ ਵਿੱਚ ਪੈ ਜਾਂਦੇ ਹਨ । ਉਨ੍ਹਾਂ ਦੇ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਕੇਹਰ ਸਿੰਘ ਦਾ ਜੀਜਾ ਉਸ ਦੀ ਮਾਂ ਦੀ ਬੀਮਾਰੀ ਦਾ ਬਹਾਨਾ ਬਣਾ ਕੇ ਆਪਣੀ ਭੈਣ ਨੂੰ ਘਰ ਵਾਪਸ ਲਿਆਉਣ ਲਈ ਆ ਜਾਂਦਾ ਹੈ। ਜਦੋਂ ਕੇਹਰ ਸਿੰਘ ਆਪਣੀ ਪਤਨੀ ਨੂੰ ਵਾਪਸ ਲਿਆਉਣ ਲਈ ਆਪਣੇ ਸਹੁਰੇ ਗਿਆ ਤਾਂ ਉਸ ਦੀ ਸੱਸ ਅਤੇ ਜੀਜਾ ਨੇ ਉਸਦੀ ਕੁੱਟਮਾਰ ਕਰਦੇ ਹਨ ਅਤੇ ਪਤਨੀ ਦੇ ਬਦਲੇ ਹੋਰ ਪੈਸਿਆਂ ਅਤੇ ਗਹਿਣਿਆਂ ਦੀ ਮੰਗ ਕਰਦੇ ਹਨ । ਨਿਰਾਸ਼ ਕੇਹਰ ਸਿੰਘ ਫੌਜ ਵਿੱਚ ਭਰਤੀ ਹੋ ਜਾਂਦਾ ਹੈ ਅਤੇ ਸਾਲਾਂ ਤੱਕ ਕੰਮ ਕਰਨ ਤੋਂ ਬਾਅਦ ਉਹ ਆਪਣੀ ਬਚਤ ਕਮਾਈ ਦੇ ਬਦਲੇ ਆਪਣੀ ਪਤਨੀ ਨੂੰ ਸਹੁਰੇ ਤੋਂ ਵਾਪਸ ਲਿਆਉਣ ਲਈ ਵਾਪਸ ਚਲਾ ਜਾਂਦਾ ਹੈ । ਉਸ ਦੇ ਬੇਰਹਿਮ ਸਹੁਰਿਆਂ ਵੱਲੋਂ ਪੈਸਿਆਂ ਦੇ ਲਾਲਚ ‘ਚ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ । ਨਾਟਕ ਦੇ ਅੰਤ ਵਿੱਚ ਕੇਹਰ ਸਿੰਘ ਦੀ ਪਤਨੀ ਰਾਮ ਕੌਰ ਆਪਣੇ ਪਤੀ ਦੇ ਪਿਆਰ ਅਤੇ ਇਨਸਾਫ਼ ਲਈ ਲੜਦੀ ਹੈ ਤੇ ਸਜ਼ਾ ਦਿਵਾਉਂਦੀ ਹੈ। ਨਾਟਕ ਵਿਚ ਦਮਨਪ੍ਰੀਤ ਸਿੰਘ ਨੇ ਕਿਹਰ ਸਿੰਘ, ਕਮਲ ਨਜ਼ਮ ਨੇ ਰਾਮੀ, ਫਤਹਿ ਸੋਹੀ ਨੇ ਪਿਓ ਅਤੇ ਕਿਹਰ ਦੀ ਸੱਸ ਦਾ, ਭੁਪਿੰਦਰ ਕੌਰ ਨੇ ਮਾਂ , ਉੱਤਮ ਦਰਾਲ ਨੇ ਗਿੰਦਰ ਤੇ ਬੂਟਾ, ਗੁਰਦਿੱਤ ਪਹੇਸ਼ ਨੇ ਪਾਖਰ, ਸੰਜੀਵ ਰਾਏ ਨੇ ਜੈ਼ਲਾ, ਸਿਧਾਰਥ ਓਹਰੀ ਨੇ ਅੰਗਰੇਜ਼ ਦਾ ਅਭਿਨੈ ਕੀਤਾ । ਨਾਟਕ ਦੇ ਗੀਤ ਸ਼ਬਦੀਸ਼,ਬਾਬਾ ਬੇਲੀ ਅਤੇ ਪ੍ਰੋ. ਅਜਮੇਰ ਸਿੰਘ ਔਲਖ ਵੱਲੋਂ ਲਿਖੇ ਹਨ ਜਿਹਨਾਂ ਨੂੰ ਲਵ ਪੰਨੂੰ ਨੇ ਗਾ ਕੇ ਨਾਟਕ ਨੂੰ ਚਾਰ ਚੰਨ ਲਾਏ। ਕੋਮਲਪ੍ਰੀਤ ਸਿੰਘ ਨੇ ਢੋਲਕ , ਕੋਰਸ ਵਿੱਚ ਸਹਿਰਾਬ, ਦਿਲ ਸਿੱਧੂ, ਵਿਸ਼ਾਲ, ਸਿਮਰਜੀਤ ਕੌਰ, ਨੈਨਸੀ, ਟਾਪੁਰ ਸ਼ਰਮਾ ਨੇ ਪੂਰਨ ਸਹਿਯੋਗ ਦਿੱਤਾ ਅਤੇ ਮਨਪ੍ਰੀਤ ਸਿੰਘ ਨੇ ਨਾਟਕ ਨੂੰ ਲਾਈਟਿੰਗ ਦਿੱਤੀ । ਥੀਏਟਰ ਫੈਸਟੀਵਲ ਦੌਰਾਨ ਇਸ ਵਾਰ ਵੱਖ-ਵੱਖ ਨਾਮੀ ਕਲਾਕਾਰਾਂ ਦੇ ਰੂ-ਬ-ਰੂ ਵੀ ਕਰਵਾਏ ਜਾ ਰਹੇ ਹਨ । ਇਸ ਲੜੀ ਤਹਿਤ ਪਹਿਲੇ ਦਿਨ ਉੱਘੇ ਅਦਾਕਰ ਸਰਦਾਰ ਸੋਹੀ ਦਾ ਰੂ-ਬ-ਰੂ ਕਰਵਾਇਆ ਗਿਆ । ਇਸ ਮੌਕੇ ਟਵੰਟੀ ਫ਼ਸਟ ਸੈਂਚਰੀ ਵੱਲੋਂ ਪ੍ਰਕਾਸ਼ਿਤ ਰਾਜੇਸ਼ ਸਿਰੀਵਾਸਤਵਾ ਦੀ ਪੁਸਤਕ 'ਜਿੰਦਗੀ ਬਦਲਣ ਦੇ 10 ਨਵੇਂ ਹੁਨਰ' ਨੂੰ ਸਰਦਾਰ ਸੋਹੀ ਵੱਲੋਂ ਰਿਲੀਜ਼ ਕੀਤਾ ਗਿਆ ।

Related Post