post

Jasbeer Singh

(Chief Editor)

Patiala News

ਪਟਿਆਲਾ ਵਿੱਚ ਦੋ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ

post-img

ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਦੀ ਪੜਤਾਲ ਦੌਰਾਨ ਅੱਜ ਪਟਿਆਲਾ ਵਿੱਚ 2 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਰੁਸਤ ਨਾ ਹੋਣ ਕਰਕੇ ਰੱਦ ਹੋ ਗਏ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ-ਕਮ-ਰਿਟਰਨਿੰਗ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਪਹਿਲੀ ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ 34 ਉਮੀਦਵਾਰਾਂ ਵੱਲੋਂ 49 ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਸਨ। ਪੜਤਾਲ ਦੌਰਾਨ ਲੋਕਤੰਤਰਿਕ ਲੋਕ ਰਾਜਿਅਮ ਪਾਰਟੀ ਦੇ ਉਮੀਦਵਾਰ ਸੁੱਖਾ ਰਾਮ ਵੱਲੋਂ ਭਰੀਆਂ ਦੋਵੇਂ ਨਾਮਜ਼ਦਗੀਆਂ ਅਤੇ ਆਜ਼ਾਦ ਉਮੀਦਵਾਰ ਜਗਮਿੰਦਰ ਸਿੰਘ ਸਵਾਜਪੁਰ ਦੇ ਨਾਮਜ਼ਦਗੀ ਪੱਤਰ ਦਰੁਸਤ ਨਾ ਪਾਏ ਜਾਣ ਕਰਕੇ ਰੱਦ ਹੋ ਗਏ ਹਨ ਜਦਕਿ 27 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਰੁੱਸਤ ਪਾਏ ਗਏ ਹਨ। ਇਸ ਤੋਂ ਬਿਨ੍ਹਾਂ ਕਵਰਿੰਗ ਉਮੀਦਵਾਰਾਂ ਵਜੋਂ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਚੇਤਨ ਸਿੰਘ ਜੌੜਾਮਾਜਰਾ, ਬਬੀਤਾ ਸ਼ਰਮਾ ਤੇ ਸੁਖਜੀਤ ਸਿੰਘ ਦੇ ਇੱਕ-ਇੱਕ ਸੈਟ ਸਮੇਤ ਨਰਿੰਦਰ ਸਿੰਘ ਸੰਧੂ ਦੇ ਨਾਮਜ਼ਦਗੀਆਂ ਦੇ 3 ਅਤੇ ਜੈਇੰਦਰ ਕੌਰ ਦੇ 4 ਸੈੱਟ ਵੀ ਰੱਦ ਕੀਤੇ ਗਏ ਹਨ। ਅਜਿਹਾ ਇਨ੍ਹਾਂ ਨਾਲ਼ ਸਬੰਧਤ ਮੁੱਖ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਰੁਸਤ ਪਾਏ ਜਾਣ ਦੀ ਸੂਰਤ ’ਚ ਕੀਤਾ ਜਾਂਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਮੀਦਵਾਰ 17 ਮਈ ਤੱਕ ਆਪਣੇ ਨਾਮਜ਼ਦਗੀ ਵਾਪਸ ਲੈ ਸਕਣਗੇ। ਇਸੇ ਦਿਨ ਸਾਰੇ ਉਮੀਦਵਾਰਾਂ ਦੀ ਸੂਚੀ ਫਾਈਨਲ ਹੋ ਜਾਵੇਗੀ ਅਤੇ ਆਜ਼ਾਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ ਹੇਠ ਲੋਕ ਸਭਾ ਹਲਕਾ 12-ਸੰਗਰੂਰ ਵਿੱਚ ਪਹਿਲੀ ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੀ ਅੰਤਿਮ ਤਾਰੀਖ 14 ਮਈ ਤੱਕ ਕੁੱਲ 43 ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਸਨ ਜਿਨ੍ਹਾਂ ਦੀ ਅੱਜ ਹੋਈ ਪੜਤਾਲ ਦੌਰਾਨ 14 ਨਾਮਜ਼ਦਗੀ ਪੱਤਰ ਅਧੂਰੇ ਜਾਂ ਅਯੋਗ ਪਾਏ ਜਾਣ ਕਾਰਨ ਰੱਦ ਕਰ ਦਿੱਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ ਸੰਗਰੂਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਤਾਇਨਾਤ ਜਨਰਲ ਅਬਜ਼ਰਵਰ ਦਿਨੇਸ਼ਨ ਐਚ. ਦੀ ਨਿਗਰਾਨੀ ਹੇਠ 43 ਨਾਮਜ਼ਦਗੀ ਪੱਤਰਾਂ ਦੀ ਹੋਈ ਪੜਤਾਲ ਪ੍ਰਕਿਰਿਆ ਦੌਰਾਨ 29 ਨਾਮਜ਼ਦਗੀ ਪੱਤਰ ਯੋਗ ਮਿਲੇ ਜਦਕਿ 14 ਨਾਮਜ਼ਦਗੀ ਪੱਤਰਾਂ ਨੂੰ ਵੱਖ-ਵੱਖ ਕਮੀਆਂ ਮਿਲਣ ਕਾਰਨ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਮੀਦਵਾਰ 17 ਮਈ ਤੱਕ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਹਨ। ਜ਼ਿਕਰਯੋਗ ਹੈ ਕਿ 7 ਮਈ ਤੋਂ 14 ਮਈ ਤੱਕ ਸੰਗਰੂਰ ਲੋਕ ਸਭਾ ਹਲਕੇ ਦੀ ਚੋਣ ਲਈ ਕੁੱਲ 43 ਨਾਮਜ਼ਦਗੀ ਪੱਤਰ ਦਾਖਲ ਹੋਏ ਸਨ ਜਿਨ੍ਹਾਂ ਦੀ ਪੜਤਾਲ ਦੌਰਾਨ ਅੱਜ 14 ਨਾਮਜ਼ਦਗੀ ਪੱਤਰ ਅਯੋਗ ਪਾਏ ਜਾਣ ਕਾਰਨ ਰੱਦ ਕਰ ਦਿੱਤੇ ਗਏ ਹਨ ਜਦੋਂ ਕਿ 29 ਨਾਮਜ਼ਦਗੀ ਪੱਤਰ ਦਰੁੱਸਤ ਪਾਏ ਗਏ ਹਨ।

Related Post