
ਮਜੀਠਾ ਰੋਡ ਬਾਈਪਾਸ ਸਥਿਤ ਡੀਸੈਂਟ ਐਵਿਨਿਊ ਕਾਲੋਨੀ ਦੇ ਬਾਹਰ ਹੋਏ ਬੰਬ ਧਮਾਕੇ ਵਿਚ ਇਕ ਦੀ ਮੌਤ
- by Jasbeer Singh
- May 27, 2025

ਮਜੀਠਾ ਰੋਡ ਬਾਈਪਾਸ ਸਥਿਤ ਡੀਸੈਂਟ ਐਵਿਨਿਊ ਕਾਲੋਨੀ ਦੇ ਬਾਹਰ ਹੋਏ ਬੰਬ ਧਮਾਕੇ ਵਿਚ ਇਕ ਦੀ ਮੌਤ ਅੰਮ੍ਰਿਤਸਰ, 27 ਮਈ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਦੇ ਮਜੀਠਾ ਰੋਡ ਬਾਈਪਾਸ ਵਿਖੇ ਬਣੀ ਡੀਸੈਂਟ ਐਵਿਨਿਊ ਕਾਲੋਨੀ ਦੇ ਬਾਹਰ ਹੋਏ ਇਕ ਬੰਬ ਧਮਾਕੇ ਵਿਚ ਜਿਸ ਵਿਅਕਤੀ ਦੇ ਹੱਥਾਂ ਪੈਰਾਂ ਤੇ ਚੀਥੜੇ ਤੱਕ ਉਡ ਗਏ ਉਥੇ ਉਸਦੀ ਹਸਪਤਾਲ ਲਿਜਾਉਣ ਤੋਂ ਬਾਅਦ ਮੌਤ ਵੀ ਹੋ ਗਈ ਹੈ। ਪੰਜਾਬ ਦੇ ਜਿ਼ਲਾ ਅੰਮ੍ਰਿਤਸਰ ਦੇ ਐਸ. ਐਸ. ਪੀ. ਮਨਿੰਦਰ ਸਿੰਘ ਨੇ ਮੰਨਿਆ ਕਿ ਉਕਤ ਧਾਮਕੇ ਨੂੰ ਬੰਬ ਧਮਾਕਾ ਮੰਨਦਿਆਂ ਅੱਤਵਾਦੀ ਹਮਲੇ ਦਾ ਖਦਸ਼ਾ ਪ੍ਰਗਟ ਕਰਦਿਆਂ ਆਖਿਆ ਕਿ ਪਾਕਿਸਤਾਨ ਮਾਹੌਲ ਖ਼ਰਾਬ ਕਰਨ ਦੀ ਸਾਜ਼ਿਸ਼ਾਂ ਘੜ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਖ਼ਮੀ ਵਿਅਕਤੀ ਹਥਿਆਰਾਂ ਦੀ ਖੇਪ ਲੈਣ ਆਇਆ ਸੀ ਕਿ ਇਸ ਦੌਰਾਨ ਇੱਕ ਧਮਾਕਾ ਹੋਇਆ ਅਤੇ ਉਸ ਦੇ ਖ਼ੁਦ ਦੇ ਹੀ ਚੀਥੜੇ ਉਡ ਗਏ। ਮਜੀਠਾ ਬਾਈਪਾਸ ਰੋਡ ਤੇ ਡੀਸੈਂਟ ਕਾਲੋਨੀ ਦੇ ਬਾਹਰ ਹੋਏ ਬੰਬ ਧਮਾਕੇ ਦੇ ਇਕ ਪ੍ਰਤੱਖ ਦਰਸ਼ੀ ਨੇ ਦੱਸਿਆ ਕਿ ਸਵੇਰੇ ਹੋਣ ਵਾਲਾ ਇਕ ਜੋਰਦਾਰ ਧਮਾਕਾ ਸੀ ਤੇ ਜਦੋਂ ਧਮਾਕੇ ਦੀ ਆਵਾਜ਼ ਸੁਣਨ ਤੇ ਉਸ ਵੱਲ ਭੱਜੇ ਤਾਂ ਮੌਕੇ ਤੇ ਦੇਖਣ ਵਿਚ ਆਇਆ ਕਿ ਧਮਾਕਾ ਹੋਣ ਨਾਲ ਇਕ ਵਿਅਕਤੀ ਬਹੁਤ ਜਿ਼ਆਦਾ ਚੀਖ ਰਿਹਾ ਸੀ ਤੇ ਹਾਲਾਤ ਅਜਿਹੇ ਹੋਏ ਪਏ ਸਨ ਕਿ ਧਮਾਕੇ ਦਾ ਸਿ਼ਕਾਰ ਵਿਅਕਤੀ ਦੇ ਹੱਥ ਅਤੇ ਲੱਤਾਂ ਉੱਡ ਗਈਆਂ ਸਨ। ਉਕਤ ਬੰਬ ਧਮਾਕੇ ਦੀ ਘਟਨਾ ਸਬੰਧੀ ਬਾਰਡਰ ਰੇਂਜ ਦੇ ਡੀ. ਆਈ. ਜੀ. ਸਤਿੰਦਰ ਸਿੰਘ ਨੇ ਆਖਿਆ ਕਿ ਇਹ ਵਿਅਕਤੀ ਲਾਜ਼ਮੀ ਤੌਰ `ਤੇ ਕਿਸੇ ਅੱਤਵਾਦੀ ਸੰਗਠਨ ਦੁਆਰਾ ਰੱਖੇ ਗਏ ਹਥਿਆਰਾਂ ਦੀ ਖੇਪ ਲੈਣ ਲਈ ਇੱਥੇ ਆਇਆ ਸੀ ।ਉਕਤ ਧਮਾਕਾ ਜੋ ਖੰਭੇ ਦੇ ਨੇੜੇ ਹੋਇਆ ਹੈ ਦੇ ਚਲਦਿਆਂ ਹੋ ਸਕਦਾ ਹੈ ਕਿ ਅੱਤਵਾਦੀਆਂ ਨੇ ਇਸ ਖੰਭੇ ਨੂੰ ਹੀ ਆਪਣਾ ਟਿਕਾਣਾ ਬਣਾਇਆ ਹੋਵੇ ਅਤੇ ਇੱਥੇ ਹਥਿਆਰਾਂ ਦੀ ਖੇਪ ਛੁਪਾਈ ਹੋਵੇ ।ਉਨ੍ਹਾਂ ਮੁਤਾਬਕ ਮ੍ਰਿਤਕ ਵਿਅਕਤੀ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਉਸਦੀ ਜੇਬ ਵਿੱਚੋਂ ਵੀ ਕੁਝ ਸਬੂਤ ਮਿਲੇ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਕਿਸੇ ਅੱਤਵਾਦੀ ਸੰਗਠਨ ਲਈ ਕੰਮ ਕਰ ਰਿਹਾ ਸੀ ਪਰ ਹਾਲੇ ਕਲੀਅਰ ਨਹੀਂ ਹੋ ਸਕਿਆ ਹੈ ਕਿ ਇਹ ਕਿਸ ਸੰਗਠਨ ਨਾਲ ਜੁੜਿਆ ਹੋਇਆ ਹੈ।