post

Jasbeer Singh

(Chief Editor)

ਗੁਰੂ ਤੇਗ ਬਹਾਦਰ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

post-img

ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਸਾਹਿਬ ਦੇ ਜਨਮ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਨਗਰ ਕੀਰਤਨ ਸਜਾਇਆ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਸਜਾਏ ਗਏ ਨਗਰ ਕੀਰਤਨ ਵਿੱਚ ਗਤਕਾ ਪਾਰਟੀਆਂ ਨੇ ਕਲਾ ਦੇ ਜੌਹਰ ਦਿਖਾਏ ਤੇ ਬੈਂਡ ਪਾਰਟੀਆਂ ਨੇ ਸ਼ਬਦ ਗਾਇਨ ਕੀਤਾ। ਰਸਤੇ ਵਿੱਚ ਸੰਗਤ ਵੱਲੋਂ ਥਾਂ-ਥਾਂ ’ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਸੰਗਤ ਲਈ ਲੰਗਰ ਲਾਏ ਗਏ। ਅੱਜ ਗੁਰੂਘਰ ਵਿੱਚ ਵੱਡੀ ਗਿਣਤੀ ਸੰਗਤ ਨੇ ਮੱਥਾ ਟੇਕਿਆ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਸੰਗਤ ਨੂੰ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਦਾ ਜੀਵਨ ਅਤੇ ਉਨ੍ਹਾਂ ਦੀ ਸ਼ਹਾਦਤ ਧਰਮ ਦੀ ਰਖਵਾਲੀ ਲਈ ਅਜਿਹੀ ਮਿਸਾਲ ਹੈ ਜਿਸ ਨੂੰ ਅੱਜ ਵੀ ਸਾਰਾ ਸੰਸਾਰ ਨਤਮਸਤਕ ਹੁੰਦਾ ਹੈ। ਉਨ੍ਹਾਂ ਸੰਗਤ ਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਅਪੀਲ ਕੀਤੀ। ਸ੍ਰੀ ਅਕਾਲ ਤਖ਼ਤ ਤੋਂ ਆਰੰਭ ਹੋਇਆ ਨਗਰ ਕੀਰਤਨ ਸ੍ਰੀ ਗੁਰੂ ਰਾਮਦਾਸ ਜੀ ਨਿਵਾਸ, ਚੌਕ ਪਰਾਗਦਾਸ, ਚੌਕ ਬਾਬਾ ਸਾਹਿਬ, ਚੌਕ ਕਰੋੜੀ, ਰਾਮਸਰ ਰੋਡ, ਚੌਕ ਜੈ ਸਿੰਘ, ਬਾਜ਼ਾਰ ਲੁਹਾਰਾਂ, ਚੌਕ ਲਛਮਣਸਰ, ਢਾਬ ਬਸਤੀ ਰਾਮ, ਚੌਕ ਛੱਤੀ ਖੂਹੀ, ਬਾਜ਼ਾਰ ਬਾਂਸਾਂ, ਬਾਜ਼ਾਰ ਪਾਪੜਾਂ, ਬਾਜ਼ਾਰ ਕਾਠੀਆਂ ਤੇ ਗੁਰੂ ਬਾਜ਼ਾਰ ਤੋਂ ਹੁੰਦਾ ਹੋਇਆ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸਮਾਪਤ ਹੋਇਆ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਨੌਵੇਂ ਪਾਤਸ਼ਾਹ ਦੇ ਪ੍ਰਕਾਸ਼ ਗੁਰਪੁਰਬ ਸਬੰਧੀ ਗੁਰਦੁਆਰਾ ਗੁਰੂ ਕੇ ਮਹਿਲ ਵਿਚ 29 ਅਪਰੈਲ ਨੂੰ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ।

Related Post