July 6, 2024 01:46:29
post

Jasbeer Singh

(Chief Editor)

Patiala News

ਹੜ੍ਹਾਂ ਦੇ ਟਾਕਰੇ ਲਈ ਪਟਿਆਲਾ ਪ੍ਰਸ਼ਾਸਨ ਨੇ ਕੀਤੇ ਅਗਾਊਂ ਪ੍ਰਬੰਧ

post-img

ਪਟਿਆਲਾ ਦੇ ਚੌਗਿਰਦੇ ਵਿੱਚ ਬਰਸਾਤੀ ਨਦੀਆਂ ਹੋਣ ਕਰਕੇ ਹੜ੍ਹਾਂ ਦਾ ਖ਼ਤਰਾ ਸਿਰ ’ਤੇ ਮੰਡਰਾ ਰਿਹਾ ਹੈ ਪਰ ਪਟਿਆਲਾ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਅਗਾਊਂ ਪ੍ਰਬੰਧ ਨਹੀਂ ਕੀਤੇ। ਦੂਜੇ ਪਾਸੇ ਸਰਕਾਰ ਤੋਂ ਝਾਕ ਛੱਡਦਿਆਂ ਕਿਸਾਨਾਂ ਨੇ ਆਪਣੇ ਪੱਧਰ ’ਤੇ ਹੀ ਹੜ੍ਹਾਂ ਤੋਂ ਬਚਾਅ ਲਈ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਟਿਆਲਾ ਜ਼ਿਲ੍ਹੇ ਦੇ ਪਿਹੋਵਾ ਨੂੰ ਜਾਂਦੇ ਪਿੰਡ ਬੁਧਮੌਰ ਵਿਚ ਮਾਰਕੰਡਾ, ਟਾਂਗਰੀ ਤੇ ਘੱਗਰ ਦਾ ਮਿਲਾਪ ਹੁੰਦਾ ਹੈ ਉਸ ਤੋਂ ਪਹਿਲਾਂ ਤੇ ਉਸ ਤੋਂ ਅੱਗੇ ਘੱਗਰ ਦੀ ਮਾਰ ਕਾਰਨ ਕਿਸਾਨਾਂ ਸਣੇ ਹੋਰ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਕਰਨਾ ਪੈਂਦਾ ਹੈ। ਪਟਿਆਲਾ ਬਰਸਾਤੀ ਨਦੀ ਨੇ ਪਿਛਲੇ ਸਾਲ ਕਾਫ਼ੀ ਕਹਿਰ ਮਚਾਇਆ ਸੀ, ਇਸ ਦਾ ਖ਼ਤਰਾ ਪਟਿਆਲਾ ਹੀ ਨਹੀਂ ਸਗੋਂ ਇਸ ਨਾਲ ਲੱਗਦੇ ਪਿੰਡਾਂ ਨੂੰ ਝੱਲਣਾ ਪੈਂਦਾ ਹੈ। ਹੜ੍ਹਾਂ ਤੋਂ ਬਚਾਉਣ ਲਈ ਅਜੇ ਤੱਕ ਸਰਕਾਰ ਨੇ ਕੋਈ ਪੁਖ਼ਤਾ ਕਦਮ ਨਹੀਂ ਚੁੱਕਿਆ, ਇਸੇ ਤਰ੍ਹਾਂ ਮੀਰਾਂਪੁਰ ਚੋਅ ਵੀ ਪੁਆਧ ਦੇ ਕਈ ਸਾਰੇ ਪਿੰਡਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਬਾਰੇ ਵੀ ਅਜੇ ਕੋਈ ਕੰਮ ਨਹੀਂ ਹੋਇਆ, ਝੰਬੋ ਚੋਅ ਵੀ ਹਰ ਸਾਲ ਕਾਫ਼ੀ ਵਿਕਰਾਲ ਰੂਪ ਧਾਰਨ ਕਰਦੀ ਹੈ, ਉਸ ਬਾਰੇ ਵੀ ਕੋਈ ਖ਼ਾਸ ਤਵੱਜੋ ਦੇਖਣ ਨੂੰ ਨਹੀਂ ਮਿਲੀ। ਦੂਜੇ ਪਾਸੇ ਕਿਸਾਨਾਂ ਨੇ ਪ‌ਟਿਆਲਾ ਨਦੀ ਦੇ ਕਹਿਰ ਤੋਂ ਬਚਾਉਣ ਲਈ ਖ਼ੁਦ ਹੀ ਨਦੀ ਦੇ ਕਿਨਾਰਿਆਂ ਤੇ ਮਿੱਟੀ ਸੁੱਟਣੀ ਸ਼ੁਰੂ ਕਰ ਦਿੱਤੀ ਹੈ। ਕਿਸਾਨ ਬਲਦੇਵ ਸਿੰਘ ਨੇ ਕਿਹਾ ਕਿ ਅਜੇ ਤੱਕ ਨਦੀ ਦੇ ਹੜ੍ਹਾਂ ਤੋਂ ਬਚਾਉਣ ਲਈ ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆ ਜਿਸ ਕਰਕੇ ਕਿਸਾਨ ਆਪਣੇ ਆਪ ਹੀ ਆਪਣਾ ਬਚਾਅ ਕਰਨ ਲੱਗੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਅਵੇਸਲਾਪਣ ਕਾਫ਼ੀ ਨੁਕਸਾਨਦੇਹ ਹੈ। ਇਸੇ ਤਰ੍ਹਾਂ ਗੁਰਧਿਆਨ ਸਿੰਘ ਭਾਨਰੀ ਨੇ ਕਿਹਾ ਕਿ ਸਾਡੇ ਪਟਿਆਲਾ ਨਦੀ ਤੋਂ ਇਲਾਵਾ ਮੈਣ ਵਾਲੀ ਨਦੀ ਵੀ ਕਾਫ਼ੀ ਨੁਕਸਾਨ ਕਰਦੀ ਹੈ, ਅਜੇ ਤੱਕ ਸਰਕਾਰ ਨੇ ਇਸ ਬਾਰੇ ਕੋਈ ਪੁਖ਼ਤਾ ਇੰਤਜ਼ਾਮ ਨਹੀਂ ਕੀਤੇ। ਜਿਸ ਕਰਕੇ ਕਿਸਾਨਾਂ ਤੇ ਆਮ ਲੋਕਾਂ ਨੂੰ ਡਰ ਸਤਾ ਰਿਹਾ ਹੈ।

Related Post