post

Jasbeer Singh

(Chief Editor)

Latest update

ਪਟਵਾਰੀਆਂ ਵੱਲੋਂ ਜ਼ਿਮਨੀ ਚੋਣਾਂ ਵਿੱਚ ‘ਆਪ’ ਦਾ ਵਿਰੋਧ ਕਰਨ ਦੀ ਚਿਤਾਵਨੀ

post-img

ਪੰਜਾਬ ਰੈਵਨਿਊ ਪਟਵਾਰ ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਯੂਨੀਅਨ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ਨੂੰ ਤੁਰੰਤ ਪ੍ਰਵਾਨ ਨਾ ਕੀਤਾ ਗਿਆ ਤਾਂ ਜ਼ਿਮਨੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾਵੇਗਾ। ਸੂਬਾ ਪੱਧਰ ’ਤੇ ਕੀਤੇ ਜਾਣ ਵਾਲੇ ਐਕਸ਼ਨ ਦੌਰਾਨ ਪਹਿਲੀ ਜੁਲਾਈ ਨੂੰ ਡਾਇਰੈਕਟਰ ਲੈਂਡ ਰਿਕਾਰਡਜ਼ ਦੇ ਦਫ਼ਤਰ ਅੱਗੇ ਰੋਸ ਰੈਲੀ ਕਰਨ ਤੋਂ ਬਾਅਦ ਜਲੰਧਰ ਹਲਕੇ ਅਧੀਨ ਪੈਂਦੇ ਇਲਾਕਿਆਂ ਵਿੱਚ ਰੋਸ ਮਾਰਚ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਇਸੇ ਤਰ੍ਹਾਂ ਯੂਨੀਅਨ ਵੱਲੋਂ ਈਪੀਐੱਫ ਮੁਲਾਜ਼ਮ ਯੂਨੀਅਨ ਵੱਲੋਂ ਵੀਰਵਾਰ ਨੂੰ ਜਲੰਧਰ ਵਿੱਚ ਕੀਤੀ ਜਾ ਰਹੀ ਰੋਸ ਰੈਲੀ ’ਚ ਵੀ ਹਿੱਸਾ ਲਿਆ ਜਾਵੇਗਾ। ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 18 ਨਵੰਬਰ 2022 ਨੂੰ ਯੂਨੀਅਨ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਵੱਖ-ਵੱਖ ਸਮਿਆਂ ’ਤੇ ਸੰਘਰਸ਼ ਸ਼ੁਰੂ ਕਰਨ ਵਾਲੇ ਹੋਰਨਾਂ ਮੁਲਾਜ਼ਮਾਂ ਦੀਆਂ ਯੂਨੀਅਨਾਂ ਨਾਲ ਗੱਲਬਾਤ ਰਾਹੀਂ ਮੁੱਦਿਆਂ ਨੂੰ ਹੱਲ ਕਰਦੀ ਰਹੀ ਹੈ, ਪਰ ਮੁੱਖ ਮੰਤਰੀ ਅਤੇ ਮੰਤਰੀਆਂ ਨੇ ਮਾਲ ਪਟਵਾਰੀਆਂ ਦੀ ਕਿਸੇ ਵੀ ਮੰਗ ’ਤੇ ਗੌਰ ਕਰਨ ਦੀ ਖੇਚਲ ਨਹੀਂ ਕੀਤੀ। ਉਨ੍ਹਾਂ ਮੌਜੂਦਾ 4716 ਤੋਂ ਅਸਾਮੀਆਂ ਦੀ ਗਿਣਤੀ ਘਟਾਉਣ ਦੀ ਬਜਾਇ ਵਧਾਉਣਾ, ਕਾਨੂੰਨਗੋ ਦੀ ਤਰੱਕੀ ਲਈ ਯੋਗਤਾ ਦਾ ਤਜਰਬਾ ਮੌਜੂਦਾ 7 ਸਾਲਾਂ ਤੋਂ ਘਟਾ ਕੇ 5 ਸਾਲ ਕਰਨਾ, ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਦੀ ਧਾਰਾ 17 ਏ ਅਨੁਸਾਰ ਵਿਭਾਗੀ ਜਾਂਚ ਤੋਂ ਬਿਨਾਂ ਭ੍ਰਿਸ਼ਟਾਚਾਰ ਦੇ ਕੇਸ ਦਰਜ ਨਾ ਹੋਣ ਦੇਣਾ ਅਤੇ ਨਾਇਬ ਤਹਿਸੀਲਦਾਰ ਦੀ ਤਰੱਕੀ ਲਈ 100 ਫੀਸਦੀ ਕੋਟਾ ਦੇਣਾ ਆਦਿ ਜਥੇਬੰਦੀ ਦੀਆਂ ਮੁੱਖ ਮੰਗਾਂ ਦੱਸੀਆਂ। ਸ੍ਰੀ ਢੀਂਡਸਾ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਸੂਬਾ ਕਾਡਰ ਸ਼੍ਰੇਣੀ ਦੇ ਬਹਾਨੇ ਜਥੇਬੰਦੀ ਦੇ ਅਹੁਦੇਦਾਰਾਂ ਜਾਂ ਕਾਰਕੁਨਾਂ ਵਿਰੁੱਧ ਬਦਲਾਖੋਰੀ ਦੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਯੂਨੀਅਨ ਸੰਘਰਸ਼ ਹੋਰ ਤੇਜ਼ ਕਰੇਗੀ।

Related Post