ਲੋਕ ਫ਼ਤਵੇ ਦਾ ਨਿਰਾਦਰ ਕਰਨ ਵਾਲਿਆਂ ਨੂੰ ਪੰਜਾਬੀ ਸਬਕ ਸਿਖਾਉਣਗੇ: ਭਗਵੰਤ ਮਾਨ
- by Aaksh News
- April 28, 2024
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਲੋਕਾਂ ਦੇ ਫ਼ਤਵੇ ਦਾ ਨਿਰਾਦਰ ਕਰਨ ਵਾਲਿਆਂ ਨੂੰ ਪੰਜਾਬੀ ਹੁਣ ਲੋਕ ਸਭਾ ਚੋਣਾਂ ’ਚ ਵੀ ਸਬਕ ਸਿਖਾਉਣਗੇ। ਉਨ੍ਹਾਂ ਦਾਅਵਾ ਕੀਤਾ ਕਿ ਚੋਣਾਂ ਤੋਂ ਬਾਅਦ ਦਿੱਲੀ ’ਚ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ ਜਿਸ ਵਿਚ ‘ਆਪ’ ਦੀ ਸ਼ਮੂਲੀਅਤ ਵੀ ਹੋਵੇਗੀ। ਫ਼ਰੀਦਕੋਟ ਤੋਂ ‘ਆਪ’ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ’ਚ ਬਾਘਾਪੁਰਾਣਾ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਸਿਆਸੀ ਟੋਟਕਿਆਂ ਨਾਲ ਵਿਰੋਧੀ ਧਿਰਾਂ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ‘ਆਪ’ ਦੀ ਲਹਿਰ ਨੂੰ ਦੇਖ ਕੇ ਭਾਜਪਾ ਡਰ ਗਈ ਅਤੇ ਉਸ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ’ਚ ਡੱਕ ਦਿੱਤਾ ਹੈ ਪਰ ਉਨ੍ਹਾਂ ਦੀ ਸੋਚ ਨੂੰ ਬੰਦ ਨਹੀਂ ਕੀਤਾ ਜਾ ਸਕਦਾ ਹੈ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ, ਅਦਾਕਾਰ ਬੀਨੂੰ ਢਿੱਲੋਂ, ਅਦਾਕਾਰ ਦੇਵ ਖਰੌੜ, ਡਾ. ਅਮਨਦੀਪ ਕੌਰ ਅਰੋੜਾ, ਦਵਿੰਦਰਜੀਤ ਸਿੰਘ ਲਾਡੀ ਢੋਸ, ਮਨਜੀਤ ਸਿੰਘ ਬਿਲਾਸਪੁਰ, ਅੰਮ੍ਰਿਤਪਾਲ ਸਿੰਘ ਸੁਖਾਨੰਦ, ਅਮਲੋਕ ਸਿੰਘ ਅਤੇ ਹੋਰ ਪਾਰਟੀ ਆਗੂ ਮੌਜੂਦ ਸਨ। ਰੈਲੀ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ,‘‘13 ਬਾਹਾਂ ਅਤੇ 13 ਜ਼ੁਬਾਨਾਂ ਮੈਨੂੰ ਦੇ ਦਿਓ, ਸੂਬੇ ਦੇ ਵਿਕਾਸ ਦੀ ਜ਼ਿੰਮੇਵਾਰੀ ਮੇਰੀ ਹੋਵੇਗੀ। ਲੋਕਾਂ ਦੇ ਫ਼ਤਵੇ ਦਾ ਨਿਰਾਦਰ ਕਰਨ ਵਾਲਿਆਂ ਨੂੰ ਹੁਣ ਇਨ੍ਹਾਂ ਚੋਣਾਂ ਵਿਚ ਵੀ ਪੰਜਾਬੀ ਸਬਕ ਸਿਖਾਉਣਗੇ। ਰਵਾਇਤੀ ਪਾਰਟੀਆਂ ਨੂੰ ਸਾਡੀ ਨਹੀਂ ਸਗੋਂ ਲੋਕਾਂ ਦੀ ਹਾਅ ਲੱਗੀ ਹੈ।’’ ਉਨ੍ਹਾਂ ਰਵਾਇਤੀ ਪਾਰਟੀਆਂ ਦੀ ਹਕੂਮਤ ਦੌਰਾਨ ਬੇਰੁਜ਼ਗਾਰੀ ਅਤੇ ਨਸ਼ਿਆਂ ਨਾਲ ਮੌਤਾਂ ਦਾ ਮੁੱਦਾ ਵੀ ਜ਼ੋਰਦਾਰ ਢੰਗ ਨਾਲ ਚੁੱਕਿਆ। ਫ਼ਰੀਦਕੋਟ ’ਚ ਭਾਜਪਾ ਉਮੀਦਵਾਰ ਹੰਸਰਾਜ ਹੰਸ ਦਾ ਨਾਮ ਲਏ ਬਿਨਾਂ ਉਨ੍ਹਾਂ ਆਖਿਆ ਕਿ ਢਾਈ ਕਿਲੋ ਦੇ ਹੱਥ ਵਾਲੇ ਸੰਸਦ ਮੈਂਬਰ ਸਨੀ ਦਿਓਲ ਨੇ ਗੁਰਦਾਸਪੁਰ ’ਚ ਲੋਕਾਂ ਨੂੰ ਮੂੰਹ ਤੱਕ ਨਹੀਂ ਵਿਖਾਇਆ ਸੀ ਅਤੇ ਇਸੇ ਤਰ੍ਹਾਂ ਭਾਜਪਾ ਦੇ ਇਥੋਂ ਉਮੀਦਵਾਰ ਤੋਂ ਵੀ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਬੇਸ਼ੁਮਾਰ ਪਿਆਰ ਅਤੇ ਬਜ਼ੁਰਗਾਂ ਦਾ ਆਸ਼ੀਰਵਾਦ ਮਿਲਦਾ ਹੈ ਤਾਂ ਥਕੇਵਾਂ ਲੱਥ ਜਾਂਦਾ ਹੈ। ਇਸ ਵਾਰ ਲੋਕ ਪੰਜਾਬ ਦੀਆਂ ਸਾਰੀਆਂ 13 ਸੀਟਾਂ ’ਤੇ ਰਿਕਾਰਡ ਤੋੜ ਜਿੱਤ ਦਿਵਾ ਕੇ ‘ਆਪ’ ਨੂੰ ਹੋਰ ਮਜ਼ਬੂਤ ਬਣਾਉਣਗੇ। ਉਨ੍ਹਾਂ ਸਰਕਾਰ ਦੇ ਦੋ ਸਾਲ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ‘ਆਪ’ ਉਮੀਦਵਾਰ ਅਦਾਕਾਰ ਕਰਮਜੀਤ ਅਨਮੋਲ ਨੂੰ ਜਿਤਾਉਣ ਦੀ ਅਪੀਲ ਕੀਤੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਵਾਰ ਦੀਆਂ ਚੋਣਾਂ ਜਿੱਤ-ਹਾਰ ਦੀ ਲੜਾਈ ਨਹੀਂ, ਸਗੋਂ ਸੱਤਾ, ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਨਫ਼ਰਤ ਫੈਲਾਉਣ ਵਾਲੇ ਸੱਤਾ ਵਿਚ ਮੁੜ ਆਏ ਤਾਂ ਉਹ ਲੋਕਤੰਤਰ ਖ਼ਤਮ ਕਰ ਦੇਣਗੇ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ, ਕਰਤਾਰ ਸਿੰਘ ਸਰਾਭਾ ਵਰਗੇ ਨੌਜਵਾਨਾਂ ਨੇ ਆਪਣੇ ਹੱਕ ਲੈਣ ਲਈ ਹੀ ਸ਼ਹਾਦਤਾਂ ਦਿੱਤੀਆਂ ਸਨ। ਉਨ੍ਹਾਂ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਿੰਮੇਵਾਰੀ ਨਾਲ ਕਰਨ ਦਾ ਸੱਦਾ ਦਿੰਦਿਆਂ ਆਖਿਆ ਕਿ ਇਸ ਵਾਰ ‘ਇੰਡੀਆ’ ਗੱਠਜੋੜ ਦੀ ਕੇਂਦਰ ’ਚ ਸਰਕਾਰ ਬਣਨ ਤੋਂ ਬਾਅਦ ਪੰਜਾਬ ਤਰੱਕੀ ਦੀ ਰਾਹ ’ਤੇ ਹੋਰ ਅਗਾਂਹ ਵਧੇਗਾ। ਭਗਵੰਤ ਮਾਨ ਵੱਲੋਂ ਫ਼ਿਰੋਜ਼ਪੁਰ ਵਿੱਚ ਕਾਕਾ ਬਰਾੜ ਦੇ ਹੱਕ ’ਚ ਰੋਡ ਸ਼ੋਅ
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.