post

Jasbeer Singh

(Chief Editor)

National

42 ਲੱਖ ਦੀ ਲੁੱਟ `ਚ ਉਤਰ ਪ੍ਰਦੇਸ਼ ਦਾ ਥਾਣੇਦਾਰ ਵੀ ਸ਼ਾਮਲ, ਵਰਦੀ `ਚ ਵਾਰਦਾਤ ਨੂੰ ਦਿੱਤਾ ਅੰਜਾਮ

post-img

42 ਲੱਖ ਦੀ ਲੁੱਟ `ਚ ਉਤਰ ਪ੍ਰਦੇਸ਼ ਦਾ ਥਾਣੇਦਾਰ ਵੀ ਸ਼ਾਮਲ, ਵਰਦੀ `ਚ ਵਾਰਦਾਤ ਨੂੰ ਦਿੱਤਾ ਅੰਜਾਮ ਵਾਰਾਣਸੀ, 25 ਜੁਲਾਈ : ਵਾਰਾਣਸੀ `ਚ ਰਾਮਨਗਰ ਪੁਲਸ ਨੇ ਵਾਰਾਣਸੀ ਦੇ ਨੀਚੀਬਾਗ ਦੀ ਕੁਡਾਖਾਨਾ ਗਲੀ ਦੇ ਰਹਿਣ ਵਾਲੇ ਜਿਊਲਰ ਜੈਪਾਲ ਕੁਮਾਰ ਦੇ ਦੋ ਕਰਮਚਾਰੀਆਂ ਤੋਂ 42.50 ਲੱਖ ਰੁਪਏ ਦੀ ਲੁੱਟ ਦੇ ਮਾਮਲੇ `ਚ ਨਡੇਸਰ (ਕੈਂਟ) ਚੌਕੀ ਦੇ ਇੰਚਾਰਜ ਸੂਰਿਆ ਪ੍ਰਕਾਸ਼ ਪਾਂਡੇ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਤਿੰਨਾਂ ਕੋਲੋਂ 8 ਲੱਖ 5 ਹਜ਼ਾਰ ਰੁਪਏ ਦੀ ਨਕਦੀ, ਦੋ ਪਿਸਤੌਲ, ਕਾਰਤੂਸ ਅਤੇ ਸਾਈਕਲ ਬਰਾਮਦ ਕੀਤੇ ਗਏ ਹਨ। ਤਿੰਨਾਂ ਨੂੰ ਬੁੱਧਵਾਰ ਨੂੰ ਜੇਲ ਭੇਜ ਦਿੱਤਾ ਗਿਆ।ਡੀ. ਸੀ. ਪੀ. ਕਾਸ਼ੀ ਗੌਰਵ ਬੰਸ਼ਵਾਲ ਨੇ ਬੁੱਧਵਾਰ ਨੂੰ ਚੇਤਗੰਜ ਪੁਲਸ ਦਫਤਰ `ਚ ਦੱਸਿਆ ਕਿ 22 ਜੂਨ ਦੀ ਰਾਤ ਨੂੰ ਹਾਈਵੇ `ਤੇ ਵਿਸ਼ਵਸੁੰਦਰੀ ਪੁਲ ਨੇੜੇ ਇਕ ਬੱਸ `ਚ ਸਫਰ ਕਰ ਰਹੇ ਸਰਾਫ ਜੈਪਾਲ ਦੇ ਦੋ ਕਰਮਚਾਰੀਆਂ ਨੂੰ ਦੋਸ਼ੀਆਂ ਨੇ ਹੇਠਾਂ ਉਤਾਰਿਆ ਅਤੇ ਕਿਸੇ ਹੋਰ ਵਾਹਨ `ਚ ਲੈ ਗਏ। ਇਸ ਤੋਂ ਬਾਅਦ ਉਨ੍ਹਾਂ ਨੇ 42.5 ਲੱਖ ਰੁਪਏ ਲੁੱਟ ਲਏ। ਲੁੱਟ ਦੇ ਮਾਮਲੇ `ਚ ਇੰਸਪੈਕਟਰ ਸੂਰਿਆ ਪ੍ਰਕਾਸ਼ ਪਾਂਡੇ, ਵਿਕਾਸ ਮਿਸ਼ਰਾ ਵਾਸੀ ਅਹਿਰੌਲੀ (ਚੋਲਾਪੁਰ), ਅਜੈ ਗੁਪਤਾ ਵਾਸੀ ਅਇਰ ਬਾਜ਼ਾਰ (ਚੋਲਾਪੁਰ) ਨੂੰ ਗ੍ਰਿਫ਼ਤਾਰ ਕੀਤਾ ਹੈ। ਘਟਨਾ ਦੇ ਸਮੇਂ ਸੂਰਯਪ੍ਰਕਾਸ਼ ਪਾਂਡੇ ਵਰਦੀ ਵਿੱਚ ਸਨ। ਇਸ ਵਾਰਦਾਤ `ਚ ਬਾਰਾਗਾਓਂ ਨਿਵਾਸੀ ਨੀਲੇਸ਼ ਯਾਦਵ, ਮੁਕੇਸ਼ ਦੂਬੇ ਉਰਫ ਹਨੀ, ਯੋਗੇਸ਼ ਪਾਠਕ ਉਰਫ ਸੋਨੂੰ ਵੀ ਸ਼ਾਮਲ ਸਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਮੁਲਜ਼ਮ ਵਿਕਾਸ ਮਿਸ਼ਰਾ ਤੋਂ 5.70 ਲੱਖ ਰੁਪਏ, ਅਜੈ ਗੁਪਤਾ ਤੋਂ 2 ਲੱਖ ਰੁਪਏ ਅਤੇ ਸੂਰਿਆ ਪ੍ਰਕਾਸ਼ ਪਾਂਡੇ ਤੋਂ 35 ਹਜ਼ਾਰ ਰੁਪਏ ਲੁੱਟੇ ਗਏ ਹਨ। ਇੰਸਪੈਕਟਰ ਸੂਰਿਆਪ੍ਰਕਾਸ਼ ਪ੍ਰਯਾਗਰਾਜ ਦੇ ਕਰਨਲਗੰਜ ਥਾਣਾ ਖੇਤਰ ਦੇ ਸ਼ੁਕਲਾ ਮਾਰਕੀਟ, ਸਲੋਰੀ ਦਾ ਰਹਿਣ ਵਾਲਾ ਹੈ।ਪੁਲਸ ਅਧਿਕਾਰੀਆਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸੂਰਿਆ ਪ੍ਰਕਾਸ਼ ਪਾਂਡੇ ਨਾ ਸਿਰਫ ਸਰਾਫ ਜੈਪਾਲ ਦੇ ਮੁਲਾਜ਼ਮਾਂ ਤੋਂ ਲੁੱਟ-ਖੋਹ `ਚ ਸ਼ਾਮਲ ਸੀ, ਸਗੋਂ ਇਸ ਤੋਂ ਪਹਿਲਾਂ ਵੀ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਪਿਛਲੀਆਂ ਵਾਰਦਾਤਾਂ ਵਿੱਚ 4 ਤੋਂ 5 ਕਰੋੜ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਪਿਛਲੀਆਂ ਲੁੱਟ-ਖੋਹ ਦੀਆਂ ਘਟਨਾਵਾਂ ਵਿੱਚ ਕਿਸੇ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ, ਇਸ ਲਈ ਸਖ਼ਤੀ ਦੇ ਬਾਵਜੂਦ ਸੂਰਿਆਪ੍ਰਕਾਸ਼ ਨੇ ਮੂੰਹ ਨਹੀਂ ਖੋਲ੍ਹਿਆ।

Related Post

Instagram