ਬੀਜੇਪੀ ਪੰਜਾਬ ਦੀਆਂ ਸਾਰੀਆਂ 13 ਲੋਕਸਭਾ ਸੀਟਾਂ ’ਤੇ ਜਿੱਤ ਦਰਜ ਕਰੇਗੀ : ਸੁਸ਼ੀਲ ਨਈਅਰ
- by Jasbeer Singh
- March 26, 2024
ਪਟਿਆਲਾ, 26 ਮਾਰਚ (ਜਸਬੀਰ) : ਪੰਜਾਬ ਵਿਚ ਅਕਾਲੀ ਦਲ ਅਤੇ ਬੀਜੇਪੀ ਦੇ ਗੱਠਜੋੜ ਨਾ ਹੋਣ ਕਰਕੇ ਹੁਣ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਦੋਵੇਂ ਪਾਰਟੀਆਂ ਇਕੱਲੀਆਂ ਹੀ ਚੋਣ ਲੜਨਗੀਆਂ। ਇਸ ਫੈਸਲੇ ਤੋਂ ਬਾਅਦ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੇ ਹਰ ਵਰਕਰ ਦੇ ਚਿਹਰੇ ’ਤੇ ਮੁਸਕਾਨ ਅਤੇ ਦਿਲਾਂ ਵਿਚ ਜਜ਼ਬਾ ਵਧਦਾ ਹੋਇਆ ਨਜ਼ਰ ਆ ਰਿਹਾ ਹੈ। ਜਿਸ ਗੱਲ ਦਾ ਬੀਜੇਪੀ ਦੇ ਵਰਕਰ ਕਈ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸਨ, ਉਹ ਮੌਕਾ ਆ ਗਿਆ ਹੈ। ਇਹ ਗੱਲਾਂ ਇੱਥੇ ਗੱਲਬਾਤ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੁਸ਼ੀਲ ਨਈਅਰ ਨੇ ਕਹੀ। ਨਈਅਰ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਨਿਘਾਰ ਪੰਜਾਬ ਵਿਚ ਤੇਜੀ ਨਾਲ ਹੋ ਰਿਹਾ ਹੈ ਅਤੇ ਉਨ੍ਹਾਂ ਦੇ ਆਗੂ ਪਾਰਟੀ ਛੱਡ ਛੱਡ ਕੇ ਭੱਜ ਰਹੇ ਹਨ ਅਤੇ ਆਮ ਆਦਮੀ ਪਾਰਟੀ ਵੱਲੋਂ ਦਿੱਤੇ ਗਏ ਜਨਤਾ ਨੂੰ ਲਾਲੀਪਾਪ ਦੀ ਵੀ ਪੋਲ ਖੁੱਲ ਗਈ ਹੈ। ਇਸ ਕਰਕੇ ਇਸ ਲੋਕ ਸਭਾ ਸੀਟਾਂ ਵਿਚ ਪੰਜਾਬ ਦੀਆਂ 13 ਦੀਆਂ 13 ਸੀਟਾਂ ’ਤੇ ਪੰਜਾਬ ਦੀ ਜਨਤਾ ਭਾਜਪਾ ਨੂੰ ਜਿਤਾਏਗੀ, ਕਿਉਕਿ ਪੰਜਾਬ ਦੀ ਜਨਤਾ ਹੁਣ ਜਾਣ ਚੁੱਕੀ ਹੈ ਕਿ ਦੇਸ਼ ਪ੍ਰਧਾਨਮੰਤਰੀ ਮੋਦੀ ਦੀ ਅਗਵਾਈ ਹੇਠ ਤਰੱਕੀ ਦੀਆਂ ਲੀਹਾਂ ’ਤੇ ਦੌੜ ਰਿਹਾ ਹੈ ਅਤੇ ਹੁਣ ਪੰਜਾਬ ਵੀ ਇਸ ਦੌੜ ਵਿਚ ਸ਼ਾਮਲ ਹੋਣ ਜਾ ਰਿਹਾ ਹੈ।

