
ਇੰਪਰੂਵਮੈਂਟ ਟਰੱਸਟ ਦੀ ਬੇਰੁਖੀ ਦੀ ਸ਼ਿਕਾਰ ਨਾਭਾ ਰੋਡ ਸਥਿਤ ਯਾਦਵਿੰਦਰਾ ਮਾਰਕੀਟ
- by Jasbeer Singh
- April 11, 2024

ਪਟਿਆਲਾ, 11 ਅਪ੍ਰੈਲ (ਜਸਬੀਰ)-ਪਟਿਆਲਾ-ਨਾਭਾ ਰੋਡ ’ਤੇ ਸਥਿਤ ਯਾਦਵਿੰਦਰਾ ਕਲੋਨੀ ਦੇ ਨਾਲ ਲਗਦੀ ਇੰਪਰੂਵਮੈਂਟ ਟਰੱਸਟ ਦੀ ਵਪਾਰਕ ਮਾਰਕੀਟ ਵਿਚ ਪਿਛਲੇ ਕਈ ਸਾਲਾਂ ਤੋਂ ਨਾ ਤਾਂ ਕੋਈ ਵਿਕਾਸ ਕਾਰਜ ਹੋਇਆ, ਨਾ ਹੀ ਮੈਂਟੀਨੈਂਸ ਤੇ ਨਾ ਹੀ ਸਾਫ ਸਫਾਈ। ਇਹ ਮਾਰਕੀਟ ਯਾਦਵਿੰਦਰਾ ਕਲੋਨੀ ਵਿਚ ਸਥਿਤ ਸ਼ਹਿਰੀਆਂ ਦੀ ਸਹੂਲਤ ਲਈ ਬਣਾਈ ਗਈ ਸੀ ਪਰ ਇੰਪਰੂਵਮੈਂਟ ਟਰੱਸਟ ਦੀ ਬੇਰੁਖੀ ਕਾਰਨ ਇਸ ਮਾਰਕੀਟ ਵਿਚ ਸਥਿਤ ਦੁਕਾਨਦਾਰਾਂ ਦਾ ਕਾਰੋਬਾਰ ਲਗਾਤਾਰ ਘਟਦਾ ਜਾ ਰਿਹਾ ਹੈ। ਇਸੇ ਮਾਰਕੀਟ ਵਿਚ ਸ਼ਰਾਬ ਦਾ ਠੇਕਾ ਅਤੇ ਹਾਤਾ ਖੁੱਲ੍ਹਿਆ ਹੋਇਆ ਹੈ ਜੋ ਅਕਸਰ ਤੜਕ ਸਾਰ ਹੀ ਖੁੱਲ ਜਾਂਦੇ ਹਨ ਅਤੇ ਸਵੇਰ ਤੋਂ ਲੈ ਕੇ ਅੱਧੀ ਰਾਤ ਤੱਕ ਖੁੱਲੇ ਰਹਿੰਦੇ ਹਨ, ਜਿਸ ਕਾਰਨ ਹਰ ਵੇਲੇ ਲੜਾਈ-ਝਗੜੇ ਦਾ ਮਾਹੌਲ ਬਣਿਆ ਰਹਿੰਦਾ ਹੈ, ਦੂਜਾ ਹਾਤੇ ਵਾਲਿਆਂ ਵੱਲੋਂ ਵਰਾਂਡੇ ਦੀ ਸਿੱਧੀ ਵਰਤੋਂ ਹਾਤੇ ਦੇ ਰੂਪ ਵਿਚ ਹੀ ਕੀਤੇ ਜਾਣ ਕਾਰਨ ਸਮੁੱਚੇ ਨਸ਼ੇੜੀ ਵਰਾਂਡੇ ਵਿਚ ਜਾਂ ਸ਼ਾਮ ਸਮੇਂ ਮਾਰਕੀਟ ਦੀ ਖੁੱਲੀ ਥਾਂ ’ਤੇ ਹੀ ਬੈਠ ਕੇ ਸ਼ਰਾਬ ਪੀਂਦੇ ਆਮ ਦੇਖੇ ਜਾ ਸਕਦੇ ਹਨ। ਠੇਕੇ ਅਤੇ ਹਾਤੇ ਦੇ ਕਰਿੰਦੇ ਖਾਣ ਪੀਣ ਦੀਆਂ ਵਸਤਾਂ ਤਿਆਰ ਕਰਦੇ ਸਮੇਂ ਸ਼ਰੇਆਮ ਬੀੜ੍ਹੀਆਂ, ਸਿਗਰੇਟਾਂ ਅਤੇ ਤੰਬਾਕੂ ਦੀ ਵਰਤੋਂ ਕਰਦੇ ਹਨ, ਜਿਸ ਕਾਰਨ ਤੰਬਾਕੂਨੋਸ਼ੀ ਐਕਟ ਦੀ ਸ਼ਰੇਆਮ ਉਲੰਘਣਾ ਹੁੰਦੀ ਹੈ। ਇਸੇ ਕਾਰਨ ਹੀ ਆਮ ਗਾਹਕ ਇਸ ਮਾਰਕੀਟ ਵਿਚ ਸਥਿਤ ਹੋਰਨਾਂ ਦੁਕਾਨਾਂ ’ਤੇ ਜਾਣ ਤੋਂ ਗੁਰੇਜ਼ ਕਰਦੇ ਹਨ। ਭਾਵੇਂ ਕਿ ਯਾਦਵਿੰਦਰਾ ਕਲੋਨੀ ਸ਼ਹਿਰ ਦੀ ਇੱਕ ਪੋਸ਼ ਕਲੋਨੀ ਮੰਨੀ ਜਾਂਦੀ ਹੈ ਪਰ ਇਥੋਂ ਦੀ ਵਸਨੀਕਾਂ ਦੀ ਸਹੂਲਤ ਲਈ ਬਣਾਈ ਮਾਰਕੀਟ ਦੀ ਵਰਤੋਂ ਸਹੀ ਢੰਗ ਨਾਲ ਨਾ ਹੋਣ ਕਾਰਨ ਦੁਕਾਨਦਾਰਾਂ ਵੱਲੋਂ ਖਰਚਿਆਂ ਲੱਖਾਂ ਰੁਪਈਆ ਮਿੱਟੀ ਹੋਇਆ ਪਿਆ ਹੈ, ਦੂਜੇ ਪਾਸੇ ਨਸ਼ੇ ਕਰਨ ਦੇ ਆਦੀਆਂ ਨੂੰ ਮੌਜਾਂ ਲੱਗੀਆਂ ਹੋਈਆਂ ਹਨ। ਸਟਰੀਟ ਲਾਈਟਾਂ ਦੇ ਖੰਭਿਆਂ ’ਤੇ ਲੱਗੇ ਬਿਜਲੀ ਦੇ ਬਕਸੇ ਟੁੱਟੇ ਹੋਏ, ਤਾਰਾਂ ਦੇ ਜੋੜ ਨੰਗੇ ਹਨ, ਜਿਸ ਕਾਰਨ ਕਿਸੇ ਵੇਲੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਆਮ ਨਾਗਰਿਕਾਂ ਲਈ ਬੈਠਣ ਲਈ ਰੱਖੇ ਸੀਮਿੰਟਡ ਬੈਂਚ ਵੀ ਟੁੱਟੇ ਪਏ ਹਨ, ਖਾਲੀ ਥਾਂ ’ਤੇ ਰੇਤਾ, ਬਜਰੀ, ਕੂੜ੍ਹਾ-ਕਰਕਟ ਆਮ ਹੀ ਖਿਲਰਿਆ ਰਹਿੰਦਾ ਹੈ