
ਪੰਜਾਬੀ ਯੂਨੀਵਰਸਿਟੀ ਵਿਖੇ 'ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ' ਬਾਰੇ ਪ੍ਰੋ. ਹਰਪਾਲ ਪੰਨੂ ਨੇ ਦਿ

ਪੰਜਾਬੀ ਯੂਨੀਵਰਸਿਟੀ ਵਿਖੇ 'ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ' ਬਾਰੇ ਪ੍ਰੋ. ਹਰਪਾਲ ਪੰਨੂ ਨੇ ਦਿੱਤਾ ਵਿਸ਼ੇਸ਼ ਭਾਸ਼ਣ ਪਟਿਆਲਾ, 24 ਦਸੰਬਰ : ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ 'ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਭਾਸ਼ਣ ਲੜੀ' ਤਹਿਤ ਪ੍ਰਸਿੱਧ ਸਿੱਖ ਚਿੰਤਕ ਪ੍ਰੋ. ਹਰਪਾਲ ਸਿੰਘ ਪੰਨੂ ਦਾ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ । ਵਿਭਾਗ ਮੁਖੀ ਡਾ. ਪਰਮਿੰਦਰਜੀਤ ਕੌਰ ਨੇ ਦੱਸਿਆ ਕਿ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਦੇ ਸਹਿਯੋਗ ਨਾਲ਼ ਪਿਛਲੇ ਸਾਲ ਤੋਂ ਸ਼ੁਰੂ ਕੀਤੀ ਗਈ ਇਸ ਲੜੀ ਤਹਿਤ ਇਹ ਦੂਜਾ ਭਾਸ਼ਣ ਹੈ । ਪ੍ਰੋ. ਹਰਪਾਲ ਸਿੰਘ ਪੰਨੂ ਨੇ ਆਪਣੇ ਭਾਸ਼ਣ ਵਿੱਚ ਵੱਖ-ਵੱਖ ਇਤਿਹਸਿਕ ਹਵਾਲਿਆਂ ਨਾਲ਼ ਗੱਲ ਕਰਦਿਆਂ ਰੌਚਿਕ ਢੰਗ ਨਾਲ਼ ਵਿਸ਼ੇ ਸੰਬੰਧੀ ਤੱਥ ਸਾਹਮਣੇ ਰੱਖੇ। ਉਨ੍ਹਾਂ ਬੁੱਧ ਧਰਮ ਦੇ ਸਾਹਿਤ ਤੋਂ ਪ੍ਰਾਪਤ ਇੱਕ ਤੁਕ ਦੇ ਹਵਾਲੇ ਨਾਲ਼ ਕਿਹਾ ਕਿ ਛੋਟੇ ਸਾਹਿਬਜ਼ਾਦੇ ਉਹ ਪਲ ਸਨ ਜੋ ਯੁੱਗ ਹੋ ਗਏ । ਉਹਨਾਂ ਕਿਹਾ ਕਿ ਜਿਸ ਪਲ ਵਿੱਚ ਕੋਈ ਖ਼ਾਸ ਘਟਨਾ ਵਾਪਰਦੀ ਹੈ ਜਾਂ ਇਤਿਹਾਸ ਰਚਿਆ ਜਾਂਦਾ ਹੈ, ਉਹ ਪਲ ਇੱਕ ਯੁੱਗ ਵਿੱਚ ਤਬਦੀਲ ਹੋ ਜਾਂਦਾ ਹੈ । ਉਹਨਾਂ ਕਿਹਾ ਕਿ ਸਿੱਖ ਇਤਿਹਾਸ ਵਿੱਚ ਛੋਟੇ ਸਾਹਿਬਜ਼ਾਦਿਆਂ ਵੱਲੋਂ ਇਹ ਸ਼ਹਾਦਤ ਦੇ ਕੇ ਇੱਕ ਪਲ ਨੂੰ ਇੱਕ ਯੁੱਗ ਵਿੱਚ ਬਦਲ ਦਿੱਤਾ ਗਿਆ । ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦੇ ਇਸ ਧਰਤੀ ਉੱਤੇ ਆਏ ਅਤੇ ਫਿਰ ਆਪਣੀ ਲਾਸਾਨੀ ਸ਼ਹਾਦਤ ਸਦਕਾ ਸਦਾ ਲਈ ਇੱਥੇ ਰਹਿ ਗਏ । ਉਨ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਬਾਰੇ ਗੱਲ ਕਰਦਿਆਂ ਕਿਹਾ ਕਿ ਅਕਸਰ ਇਹ ਕਹਿ ਦਿੱਤਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਕਿਸੇ ਦੂਸਰੇ ਧਰਮ ਲਈ ਸ਼ਹਾਦਤ ਦਿੱਤੀ । ਉਨ੍ਹਾਂ ਕਿਹਾ ਕਿ ਦਰਅਸਲ ਗੁਰੂ ਸਾਹਿਬ ਲਈ ਕੋਈ ਦੂਸਰਾ ਨਹੀਂ ਸੀ । ਉਨ੍ਹਾਂ ਲਈ ਸਭ ਆਪਣੇ ਸਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਅਜਿਹੀ ਅਮੀਰ ਵਿਰਾਸਤ ਉੱਤੇ ਮਾਣ ਕਰਨਾ ਚਾਹੀਦਾ ਹੈ । ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਡਾ. ਮੋਹਣ ਸਿੰਘ ਨੇ ਕਿਹਾ ਕਿ ਅੱਜ ਤਰਕ ਦੇ ਦੌਰ ਵਿੱਚ ਅਜਿਹੇ ਰੂਹਾਨੀ ਅਨੁਭਵ ਨੂੰ ਮਹਿਸੂਸ ਕਰਨ ਲਈ ਸਾਨੂੰ ਆਪਣੀ ਇਸ ਵਿਰਾਸਤ ਅਤੇ ਅਧਿਆਤਮਕਤਾ ਨਾਲ਼ ਦਿਲੋਂ ਜੁੜਨ ਦੀ ਲੋੜ ਹੈ । ਉਨ੍ਹਾਂ ਆਪਣੇ ਨਿੱਜੀ ਅਨੁਭਵਾਂ ਦੇ ਹਵਾਲੇ ਨਾਲ਼ ਇਸ ਅਨੁਭਵ ਦੇ ਆਨੰਦ ਸੰਬੰਧੀ ਵੱਖ-ਵੱਖ ਪਹਿਲੂਆਂ ਨੂੰ ਬਿਆਨਿਆ । ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ ਅਤੇ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਆਪਣੀ ਜੀਵਨਸ਼ੈਲੀ ਵਿੱਚ ਅਪਣਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਜਿਹਾ ਕਰਨ ਨਾਲ ਹੀ ਅਸੀਂ ਸ਼ਹਾਦਤਾਂ ਦੇ ਅਸਲ ਮਹੱਤਵ ਨੂੰ ਸਮਝ ਸਕਦੇ ਹਾਂ । ਸ੍ਰੀ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਦੇ ਮੁਖੀ ਪ੍ਰੋ. ਗੁਰਮੇਲ ਸਿੰਘ ਨੇ ਕਿਹਾ ਸਿੱਖ ਧਰਮ ਵੱਲੋਂ ਚਲਾਈ ਗਈਆਂ ਤਿੰਨ ਪ੍ਰਥਾਵਾਂ ਲੰਗਰ, ਕੀਰਤਨ ਅਤੇ ਸ਼ਹਾਦਤ ਨੂੰ ਅੱਜ ਸਾਰਾ ਸੰਸਾਰ ਜਾਣਦਾ ਹੈ। ਪ੍ਰੋਗਰਾਮ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਮੌਕਿਆਂ ਦੇ ਸਬੱਬ ਨਾਲ਼ ਸਾਨੂੰ ਵਿਰਾਸਤ ਉੱਤੇ ਮਾਣ ਕਰਨ ਅਤੇ ਆਪਾ ਪੜਚੋਲਣ ਦਾ ਵੀ ਮੌਕਾ ਮਿਲਦਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਮੁਖੀ ਡਾ. ਗੁੰਜਨਜੋਤ ਕੌਰ ਨੇ ਕਿਹਾ ਕਿ ਜੇ ਅਸੀਂ ਇਨ੍ਹਾਂ ਸ਼ਹਾਦਤਾਂ ਦੇ ਮੰਤਵ ਨੂੰ ਜ਼ਿੰਦਗੀ ਦੇ ਅਮਲ ਵਿੱਚ ਲਿਆਈਏ ਅਤੇ ਆਪਣੀ ਨਵੀਂ ਪੀੜ੍ਹੀ ਨੂੰ ਆਪਣੀ ਇਸ ਮਹਾਨ ਵਿਰਾਸਤ ਬਾਰੇ ਦੱਸੀਏ ਤਾਂ ਬਹੁਤ ਵਧੀਆ ਗੱਲ ਹੋਵੇਗੀ । ਅੰਤ ਵਿੱਚ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਦੇ ਮੁਖੀ ਡਾ. ਸੰਦੀਪ ਕੌਰ ਵੱਲੋਂ ਧੰਨਵਾਦੀ ਭਾਸ਼ਣ ਦਿੱਤਾ ਗਿਆ ।
Related Post
Popular News
Hot Categories
Subscribe To Our Newsletter
No spam, notifications only about new products, updates.