
ਪੰਜਾਬੀ ਯੂਨੀਵਰਸਿਟੀ ਵਿਖੇ ਹੋਇਆ ਵੱਖ-ਵੱਖ ਮੰਗਾਂ ਨੂੰ ਲੈ ਕੇ ਮੁਜਾਹਰਾ
- by Jasbeer Singh
- August 28, 2025

ਪੰਜਾਬੀ ਯੂਨੀਵਰਸਿਟੀ ਵਿਖੇ ਹੋਇਆ ਵੱਖ-ਵੱਖ ਮੰਗਾਂ ਨੂੰ ਲੈ ਕੇ ਮੁਜਾਹਰਾ ਪਟਿਆਲਾ, 28 ਅਗਸਤ 2025 : ਵਿਦਿਆ ਵਿਚਾਰੀ ਤਾਂ ਪਰਉਪਕਾਰੀ ਦੇ ਨਾਮ ਨਾਲ ਪ੍ਰਸਿੱਧ ਪਟਿਆਲਾ-ਰਾਜਪੁਰਾ ਰੋਡ ਤੇ ਬਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬੀਤੀ ਦੇਰ ਸ਼ਾਮ ਪੰਜਾਬ ਅਤੇ ਯੂਨੀਅਨ ਸਰਕਾਰ ਵੱਲੋਂ ਪਾਣੀਆਂ ਦਾ ਸਹੀ ਢੰਗ ਨਾਲ ਪ੍ਰਬੰਧ ਨਾ ਕਰਨ ਵਿਰੁੱਧ, ਹੜ੍ਹ ਪੀੜਤਾਂ ਨੂੰ ਮੁਆਵਜਾ ਦਿਵਾਉਣ ਅਤੇ ਹੋਰ ਮੰਗਾਂ ਨੂੰ ਲੈ ਕੇ ਰੋਸ ਮੁਜਾਹਰਾ ਕੀਤਾ ਗਿਆ। ਇਕ ਵਾਰ ਫਿਰ ਚੜ੍ਹਦਾ ਅਤੇ ਲਹਿੰਦਾ ਪੰਜਾਬ ਹੜ੍ਹਾਂ ਦੀ ਮਾਰ ਹੇਠ ਹਨ ਬੁਲਾਰਿਆਂ ਨੇ ਕਿਹਾ ਕਿ ਇੱਕ ਵਾਰ ਫਿਰ ਚੜ੍ਹਦਾ ਅਤੇ ਲਹਿੰਦਾ ਪੰਜਾਬ ਹੜ੍ਹਾਂ ਦੀ ਮਾਰ ਹੇਠ ਹਨ। ਸਤਲੁਜ, ਬਿਆਸ, ਰਾਵੀ, ਝਨਾ ਅਤੇ ਘੱਗਰ ਨਦੀਆਂ ਦੇ ਹੜ੍ਹਾਂ ਕਾਰਨ ਫਸਲਾਂ ਬਰਬਾਦ ਹੋ ਚੁੱਕੀਆਂ ਹਨ । ਲਹਿੰਦੇ ਪੰਜਾਬ ਵਿੱਚ ਹੁਣ ਤੱਕ ਹੜ੍ਹਾਂ ਕਾਰਨ 165 ਮੌਤਾਂ ਹੋ ਚੁੱਕੀਆਂ ਹਨ ਅਤੇ ਕਰੋੜਾਂ ਦਾ ਮਾਲੀ ਨੁਕਸਾਨ ਇਸ ਤੋਂ ਵੱਖਰਾ ਹੈ। ਪੰਜਾਬ ਹੀ ਨਹੀਂ ਬਲਕਿ ਵੱਖ-ਵੱਖ ਸੂਬਿਆਂ ਵਿਚ ਹੜ੍ਹ ਆਏ ਹਨ ਹਾਲ ਹੀ ਦੇ ਦਿਨਾਂ ਵਿੱਚ ਪੰਜਾਬ ਵਿੱਚ ਭਾਰੀ ਮੀਂਹ ਅਤੇ ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਦੇ ਉੱਪਰਲੇ ਖੇਤਰਾਂ ਤੋਂ ਪਾਣੀ ਦੇ ਵਹਾਅ ਕਾਰਨ ਸਤਲੁਜ, ਬਿਆਸ, ਰਾਵੀ, ਘੱਗਰ ਅਤੇ ਝਨਾ ਨਦੀਆਂ ਵਿੱਚ ਹੜ੍ਹ ਆਏ। ਇਸ ਨਾਲ ਚੜ੍ਹਦੇ ਪੰਜਾਬ ਦੇ ਪਠਾਨਕੋਟ, ਹੁਸਿ਼ਆਰਪੁਰ, ਗੁਰਦਾਸਪੁਰ, ਕਪੂਰਥਲਾ, ਫਾਜਿਲਕਾ, ਤਰਨਤਾਰਨ ਅਤੇ ਫਿਰੋਜਪੁਰ ਵਰਗੇ ਜਿਲ੍ਹਿਆਂ ਵਿੱਚ ਵੱਡੇ ਪੱਧਰ `ਤੇ ਨੁਕਸਾਨ ਹੋਇਆ। ਲਹਿੰਦੇ ਪੰਜਾਬ ਵਿੱਚ ਰਾਵੀ, ਸਤਲੁਜ ਅਤੇ ਚਨਾਬ ਨਦੀਆਂ ਵਿੱਚ ਪਾਣੀ ਦਾ ਪੱਧਰ ਖਤਰਨਾਕ ਹੱਦ ਤੱਕ ਵੱਧ ਗਿਆ। ਸਤਲੁਜ ਨਦੀ ਦੇ ਨੇੜਲੇ ਖੇਤਰਾਂ, ਜਿਵੇਂ ਕਿ ਬਹਾਵਲਨਗਰ, ਕਸੂਰ ਅਤੇ ਪਾਕਪਟਨ, ਨਾਰੋਵਾਲ ਵਿੱਚ ਕਰਤਾਰਪੁਰ ਲਾਂਘਾ ਅਤੇ ਗੁਰਦੁਆਰਾ ਦਰਬਾਰ ਸਾਹਿਬ 5-10 ਫੁੱਟ ਪਾਣੀ ਵਿੱਚ ਡੁੱਬ ਗਏ। ਸਿਆਲਕੋਟ ਵਿੱਚ 335 ਮਿਲੀਮੀਟਰ ਮੀਂਹ ਨੇ 64 ਸਾਲ ਦਾ ਰਿਕਾਰਡ ਤੋੜ ਦਿੱਤਾ। ਸਮੇਂ-ਸਮੇਂ `ਤੇ ਕੁਦਰਤ ਦਾ ਕਹਿਰਵਾਨ ਹੋਣਾ ਸੁਭਾਵਿਕ ਹੈ ਸਮੇਂ-ਸਮੇਂ `ਤੇ ਕੁਦਰਤ ਦਾ ਕਹਿਰਵਾਨ ਹੋਣਾ ਸੁਭਾਵਿਕ ਹੈ, ਪਰ ਜੇਕਰ ਹਕੂਮਤਾਂ ਲੋਕ-ਪੱਖੀ ਹੋਣ ਤਾਂ ਲੋਕਾਂ ਦੀ ਜਾਨ-ਮਾਲ ਦਾ ਨੁਕਸਾਨ ਬੇਹੱਦ ਘੱਟ ਕੀਤਾ ਜਾ ਸਕਦਾ ਹੈ। ਪਰ ਵਾਹਗਾ ਸਰਹੱਦ ਦੇ ਦੋਵੇਂ ਪਾਸੇ ਲੋਕ-ਦੋਖੀ ਹਕੂਮਤਾਂ ਹਨ, ਜਿਨ੍ਹਾਂ ਨੂੰ ਲੋਕਾਂ ਨਾਲ ਕੋਈ ਸਰੋਕਾਰ ਹੀ ਨਹੀਂ ਹੈ। ਚੜ੍ਹਦੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਇਸ ਦਰਦ ਤੋਂ ਬੇਖਬਰ ਹੈ। ਇਸ ਸਮੇਂ ਪੰਜਾਬ ਹੜ੍ਹਾਂ ਵਿੱਚ ਡੁੱਬਿਆ ਪਿਆ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਚੇਨਈ ਵਿੱਚ ਇਡਲੀ ਖਾ ਰਿਹਾ ਹੈ। 2023 ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਮੁਰਗੀਆਂ ਅਤੇ ਬੱਕਰੀਆਂ ਤੱਕ ਦਾ ਮੁਆਵਜਾ ਦਿੱਤਾ ਜਾਵੇਗਾ ਪਰ ਮੁਆਵਜੇ ਦੇ ਨਾਮ ਉਪਰ ਲਾਰੇ ਹਨ ਅਤੇ ਸਰਕਾਰ ਲੋਕਾਂ ਦੀ ਕੋਈ ਮਦਦ ਨਹੀਂ ਕਰ ਰਹੀ। ਪੰਜਾਬ ਦੇ ਲੋਕ ਹੀ ਇੱਕ ਦੂਜੇ ਦੀ ਮਦਦ ਕਰ ਰਹੇ ਹਨ। ਇਹ ਮਸਲਾ ਵਿਕਾਸ ਮਾਡਲ ਦੁਆਰਾ ਪੈਦਾ ਕੀਤੀ ਗਈ ਵਾਤਾਵਰਨ ਵਿੱਚ ਛੇੜਛਾੜ ਦਾ ਹੈ ਬੁਲਾਰਿਆਂ ਨੇ ਕਿਹਾ ਕਿ ਇਹ ਮਸਲਾ ਸਿਰਫ ਹੜ੍ਹਾਂ ਦਾ ਹੀ ਨਹੀਂ, ਸਗੋਂ ਇਸ ਵਿਕਾਸ ਮਾਡਲ ਦੁਆਰਾ ਪੈਦਾ ਕੀਤੀ ਗਈ ਵਾਤਾਵਰਨ ਵਿੱਚ ਛੇੜਛਾੜ ਦਾ ਹੈ। ਇਹ ਵਿਕਾਸ ਮਾਡਲ ਵਾਤਾਵਰਨ ਵਿਰੋਧੀ ਹੈ। ਇਸ ਮਾਡਲ ਅਧੀਨ ਰਿਵਰ ਵਿਊ ਅਤੇ ਮਾਊਂਟੇਨ ਵਿਊ ਹੋਟਲਾਂ, ਹੱਦੋਂ ਵੱਧ ਸੜਕਾਂ ਅਤੇ ਡੈਮਾਂ ਆਦਿ ਕਾਰਨ ਵਾਤਾਵਰਨ ਨੂੰ ਤਬਾਹ ਕਰ ਦਿੱਤਾ ਗਿਆ ਹੈ। ਬੁਲਾਰਿਆਂ ਨੇ ਅੱਗੇ ਕਿਹਾ ਕਿ ਅੱਜ ਰਾਜਸਥਾਨ ਦਾ ਇੱਕ ਹਿੱਸਾ ਪਾਣੀ ਵਿੱਚ ਡੁੱਬਿਆ ਪਿਆ ਹੈ ਅਤੇ ਦੂਸਰਾ ਹਿੱਸਾ ਸੋਕੇ ਦੀ ਮਾਰ ਝੱਲ ਰਿਹਾ ਹੈ। ਪੰਜਾਬ ਵਿੱਚ ਵੀ ਇੱਕ ਹਿੱਸਾ ਹੜ੍ਹਾਂ ਨੂੰ ਝੱਲ ਰਿਹਾ ਹੈ ਅਤੇ ਦੂਸਰੇ ਵਿੱਚ ਮੋਟਰਾਂ ਚੱਲ ਰਹੀਆਂ ਹਨ। ਮੀਂਹ ਦੇ ਪਾਣੀ ਦੀ ਕੋਈ ਸਾਂਭ-ਸੰਭਾਲ ਨਹੀਂ ਹੈ, ਪਰ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਲਈ ਪਾਣੀਆਂ ਦੀ ਸਿਆਸਤ ਖੇਡੀ ਜਾਂਦੀ ਹੈ। ਪਾਣੀ ਪੰਜਾਬ ਦਾ ਇੱਕੋ-ਇੱਕ ਕੁਦਰਤੀ ਸੋਮਾ ਹੈ। ਇਹ ਵੀ ਕੇਂਦਰ ਸਰਕਾਰ ਦੇ ਥਾਪੜੇ ਨਾਲ ਗੁਆਂਢੀ ਸੂਬਿਆਂ ਦੁਆਰਾ ਲੁੱਟਿਆ ਜਾ ਰਿਹਾ ਹੈ, ਜਦਕਿ ਇਨ੍ਹਾਂ ਪਾਣੀਆਂ ਕਾਰਨ ਹੋਣ ਵਾਲੀ ਸਾਰੀ ਤਬਾਹੀ ਪੰਜਾਬ ਦੇ ਸਿਰ ਪੈਂਦੀ ਹੈ। ਪੰਜਾਬ ਦੇ ਅੱਜ ਦੇ ਹਾਲਾਤ ਇੱਕ ਵਾਰ ਫਿਰ ਚੀਕ-ਚੀਕ ਕੇ ਕਹਿ ਰਹੇ ਹਨ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੇਰੀਅਨ ਸਿਧਾਂਤ ਮੁਤਾਬਕ ਹੱਲ ਹੋਵੇ। ਇਸ ਦੌਰਾਨ ਬੁਲਾਰਿਆਂ ਨੇ ਪੰਜ ਮੁੱਖ ਨੁਕਤਿਆਂ ਤੇ ਗੱਲ ਕੀਤੀ : 1. ਹੜ੍ਹ ਪੀੜਤਾਂ ਨੂੰ ਮੁਆਵਜਾ ਅਤੇ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾਵੇ। 2. ਮੀਂਹ ਦੇ ਪਾਣੀਆਂ ਨੂੰ ਜਮ੍ਹਾਂ ਕਰਨ ਦਾ ਪ੍ਰਬੰਧ ਕੀਤਾ ਜਾਵੇ। 3. ਵਾਤਾਵਰਨ ਨੂੰ ਨੁਕਸਾਨ ਪਹੁੰਚਾਉਂਦੇ ਵਿਕਾਸ ਮਾਡਲ ਨੂੰ ਰੋਕਿਆ ਜਾਵੇ। 4. ਪੰਜਾਬ ਦੇ ਪਾਣੀਆਂ ਦਾ ਹੱਲ ਦੁਨੀਆ ਅਤੇ ਭਾਰਤ ਦੇ ਬਾਕੀ ਸੂਬਿਆਂ ਵਿੱਚ ਇਸਤੇਮਾਲ ਕੀਤੇ ਜਾਂਦੇ ਰਿਪੇਰੀਅਨ ਸਿਧਾਂਤ ਅਨੁਸਾਰ ਹੋਣਾ ਚਾਹੀਦਾ ਹੈ। 5. ਦੋਵੇਂ ਪਾਸੇ ਦੇ ਪੰਜਾਬ ਵਿੱਚ ਹੋਏ ਜਾਨੀ-ਮਾਲੀ ਨੁਕਸਾਨ ਲਈ ਜਿੰਮੇਵਾਰ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰਨਾ ਚਾਹੀਦਾ ਹੈ। ਇਸ ਸਮੇਂ ਦੌਰਾਨ ਸਾਥੀ ਸੰਜੂ ਨੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ ਅਤੇ ਸਾਥੀ ਦਿਲਪ੍ਰੀਤ ਅਤੇ ਸਾਥੀ ਹਰਪ੍ਰੀਤ ਨੇ ਸੰਬੋਧਨ ਕੀਤਾ।