
ਪੰਜਾਬ ਸਰਕਾਰ ਨੇ ਚੰਡੀਗੜ੍ਹ ਵਿਖੇ ਈ- ਡੀ. ਏ. ਆਰ. ਸਾਫਟਵੇਅਰ ਦੇ ਲਾਗੂਕਰਨ ਬਾਰੇ ਇੱਕ ਰੋਜ਼ਾ ਸਿਖਲਾਈ ਸੈਸ਼ਨ ਕਰਵਾਇਆ
- by Jasbeer Singh
- February 13, 2025

ਪੰਜਾਬ ਸਰਕਾਰ ਨੇ ਚੰਡੀਗੜ੍ਹ ਵਿਖੇ ਈ- ਡੀ. ਏ. ਆਰ. ਸਾਫਟਵੇਅਰ ਦੇ ਲਾਗੂਕਰਨ ਬਾਰੇ ਇੱਕ ਰੋਜ਼ਾ ਸਿਖਲਾਈ ਸੈਸ਼ਨ ਕਰਵਾਇਆ ਈ- ਡੀ. ਏ. ਆਰ. ਸਿਸਟਮ ਹਾਦਸਿਆਂ ਦੀ ਸੁਚੱਜੀ ਰਿਪੋਰਟਿੰਗ, ਦਾਅਵਿਆਂ ਦੇ ਤੇਜ਼ੀ ਨਾਲ ਨਿਪਟਾਰੇ ਅਤੇ ਬਿਹਤਰ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਏਗਾ : ਜਸਪ੍ਰੀਤ ਸਿੰਘ ਚੰਡੀਗੜ੍ਹ, 13 ਫਰਵਰੀ : ਸੜਕ ਹਾਦਸਿਆਂ ਵਿੱਚ ਕਮੀ ਲਿਆਉਣ ਅਤੇ ਹਾਦਸਿਆਂ ਦੀ ਰਿਪੋਰਟਿੰਗ ਅਤੇ ਦਾਅਵਿਆਂ ਦੇ ਨਿਪਟਾਰੇ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਪੰਜਾਬ ਵਿੱਚ ਈ- ਡੀ. ਏ. ਆਰ. (ਇਲੈਕਟ੍ਰਾਨਿਕ ਡੀਟੇਲਡ ਐਕਸੀਡੈਂਟ ਰਿਪੋਰਟ) ਸਾਫਟਵੇਅਰ ਦੇ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਅੱਜ ਇੱਥੇ ਚੰਡੀਗੜ੍ਹ ਦੇ ਮੈਗਸੀਪਾ ਵਿਖੇ ਇੱਕ ਰੋਜ਼ਾ ਸਿਖਲਾਈ ਸੈਸ਼ਨ ਕਰਵਾਇਆ ਗਿਆ । ਇਹ ਸੈਸ਼ਨ ਭਾਰਤ ਦੀ ਸੁਪਰੀਮ ਕੋਰਟ ਅਤੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਅਤੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਨ. ਆਈ. ਸੀ. (ਨੈਸ਼ਨਲ ਇਨਫੋਰਮੈਟਿਕਸ ਸੈਂਟਰ) ਅਤੇ ਟਰਾਂਸਪੋਰਟ ਵਿਭਾਗ, ਪੰਜਾਬ ਵੱਲੋਂ ਸਾਂਝੇ ਤੌਰ 'ਤੇ ਕਰਵਾਇਆ ਗਿਆ । ਇਸ ਸਮਾਗਮ ਵਿੱਚ ਸਟੇਟ ਟਰਾਂਸਪੋਰਟ ਕਮਿਸ਼ਨਰ ਜਸਪ੍ਰੀਤ ਸਿੰਘ, ਐਡੀਸ਼ਨਲ ਸਟੇਟ ਟਰਾਂਸਪੋਰਟ ਕਮਿਸ਼ਨਰ ਸੁਖਵਿੰਦਰ ਕੁਮਾਰ, ਸਟੇਟ ਹੈੱਡ ਐਨ. ਆਈ. ਸੀ. ਪੰਜਾਬ ਵਿਵੇਕ ਵਰਮਾ, ਸੀ. ਜੀ. ਐਮ. ਐਨ. ਆਈ. ਸੀ. ਦਿੱਲੀ ਜਤਿੰਦਰ ਕੁਮਾਰ, ਐਨ. ਆਈ. ਸੀ. ਪੰਜਾਬ ਨਰਿੰਦਰ ਸਿੰਘ, ਐਨ. ਆਈ. ਸੀ. ਅਧਿਕਾਰੀ ਪਵਨ ਗੁਪਤਾ ਅਤੇ ਜਨਰਲ ਇੰਸ਼ੋਰੈਂਸ ਕੌਂਸਲ ਆਫ਼ ਇੰਡੀਆ ਦੇ ਡਿਪਟੀ ਜਨਰਲ ਮੈਨੇਜਰ ਮੈਡਮ ਵਸੁੰਧਰਾ, ਸੜਕ ਸੁਰੱਖਿਆ ਬਾਰੇ ਲੀਡ ਏਜੰਸੀ ਦੇ ਜੁਆਇੰਟ ਡਾਇਰੈਕਟਰ ਸ੍ਰੀ ਦੇਸ ਰਾਜ ਅਤੇ ਡੀ. ਐਸ. ਪੀ. ਹੈੱਡਕੁਆਰਟਰ ਸ੍ਰੀ ਗਣੇਸ਼ ਕੁਮਾਰ ਨੇ ਸ਼ਿਰਕਤ ਕੀਤੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੇਟ ਟਰਾਂਸਪੋਰਟ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਿਖਲਾਈ ਸੈਸ਼ਨ ਦੌਰਾਨ ਐਨ. ਆਈ. ਸੀ. ਦੇ ਮਾਹਿਰਾਂ ਵੱਲੋਂ ਈ- ਡੀ. ਏ. ਆਰ. ਸਿਸਟਮ ਬਾਰੇ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ ਗਈ । ਇਸ ਦੌਰਾਨ ਅਧਿਕਾਰੀਆਂ ਨੂੰ ਈ- ਡੀ. ਏ. ਆਰ. ਸਿਸਟਮ ਦੀਆਂ ਪ੍ਰਭਾਵਸ਼ਾਲੀ ਡਾਟਾ ਐਂਟਰੀ ਪ੍ਰਕਿਰਿਆਵਾਂ ਬਾਰੇ ਜਾਣੂ ਕਰਵਾਇਆ ਗਿਆ ਜੋ ਹਾਦਸਿਆਂ ਦੀ ਸਮੇਂ ਸਿਰ ਅਤੇ ਸੁਚੱਜੀ ਰਿਪੋਰਟਿੰਗ ਨੂੰ ਯਕੀਨੀ ਬਣਾਉਂਦੀਆਂ ਹਨ । ਜਨਰਲ ਇੰਸ਼ੋਰੈਂਸ ਕੌਂਸਲ ਆਫ਼ ਇੰਡੀਆ ਤੋਂ ਮੈਡਮ ਵਸੁੰਧਰਾ ਨੇ ਹਿੱਟ-ਐਂਡ-ਰਨ ਦੇ ਮਾਮਲਿਆਂ ਨਾਲ ਨਜਿੱਠਣ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ, ਜਿਸ ਨਾਲ ਹਾਦਸਿਆਂ ਦੇ ਪੀੜਤਾਂ ਨੂੰ ਸਮਾਂਬੱਧ ਢੰਗ ਨਾਲ ਵਿੱਤੀ ਮੁਆਵਜ਼ਾ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ । ਉਨ੍ਹਾਂ ਅੱਗੇ ਕਿਹਾ ਕਿ ਈ- ਡੀ. ਏ. ਆਰ. ਸਿਸਟਮ ਹਾਦਸਿਆਂ ਦੇ ਅਸਲ ਸਮੇਂ ਦੇ ਅੰਕੜਿਆਂ ਨੂੰ ਇਕੱਤਰ ਕਰਨ ਦੇ ਸਮਰੱਥ ਬਣਾਏਗਾ, ਜਿਸ ਨਾਲ ਤਰੁੰਤ ਪ੍ਰਤੀਕਿਰਿਆਂ ਕਰਨ ਵਿੱਚ ਮਦਦ ਮਿਲੇਗੀ । ਉਨ੍ਹਾਂ ਅੱਗੇ ਕਿਹਾ ਕਿ ਦਾਅਵਿਆਂ ਦੀ ਸੁਚਾਰੂ ਪ੍ਰਕਿਰਿਆ ਰਾਹੀਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਵਧੇਰੇ ਕੁਸ਼ਲਤਾ ਨਾਲ ਪ੍ਰਦਾਨ ਕੀਤੀ ਜਾ ਸਕੇਗੀ । ਇਸ ਪਹਿਲਕਦਮੀ ਨਾਲ ਹਾਦਸਿਆਂ ਦੇ ਪੀੜਤਾਂ ਲਈ ਬਿਨਾਂ ਕਿਸੇ ਦੇਰੀ ਦੇ ਬਿਹਤਰ ਡਾਕਟਰੀ ਦੇਖਭਾਲ ਮੁਹੱਈਆ ਕਰਵਾਈ ਜਾ ਸਕੇਗੀ । ਉਨ੍ਹਾਂ ਕਿਹਾ ਕਿ ਡਾਟਾ-ਅਧਾਰਿਤ ਵਿਸ਼ਲੇਸ਼ਣ ਅਧਿਕਾਰੀਆਂ ਨੂੰ ਪੰਜਾਬ ਵਿੱਚ ਹਾਦਸਿਆਂ ਦੀ ਗਿਣਤੀ ਨੂੰ ਘਟਾਉਣ ਵਾਸਤੇ ਰੋਕਥਾਮ ਉਪਾਅ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ । ਉਨ੍ਹਾਂ ਕਿਹਾ ਕਿ ਇਸ ਸਿਖਲਾਈ ਦੌਰਾਨ ਹਾਦਸਿਆਂ ਦੀ ਵਿਗਿਆਨਕ ਢੰਗ ਨਾਲ ਜਾਂਚ, ਹਾਦਸਾ ਪੀੜਤਾਂ ਲਈ ਨਕਦ ਰਹਿਤ ਇਲਾਜ ਅਤੇ ਦਾਅਵੇ ਦੇ ਨਿਪਟਾਰੇ ਸਮੇਤ ਮੁੱਖ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ । ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਪੰਜਾਬ ਵਿੱਚ ਹਾਦਸਿਆਂ ਦੀ ਵਧੇਰੇ ਕੁਸ਼ਲ ਅਤੇ ਪਾਰਦਰਸ਼ੀ ਰਿਪੋਰਟਿੰਗ ਅਤੇ ਦਾਅਵੇ ਦੇ ਨਿਪਟਾਰੇ ਸਬੰਧੀ ਪ੍ਰਕਿਰਿਆ ਨੂੰ ਯਕੀਨੀ ਬਣਾਉਣਾ ਹੈ । ਇਸ ਸੈਸ਼ਨ ਵਿੱਚ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ ਜਿਨ੍ਹਾਂ ਵਿੱਚ ਖੇਤਰੀ ਟਰਾਂਸਪੋਰਟ ਅਧਿਕਾਰੀ (ਆਰ. ਟੀ. ਓਜ਼), ਮੋਟਰ ਵਹੀਕਲ ਇੰਸਪੈਕਟਰ (ਐਮ. ਵੀ. ਆਈਜ਼), ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀ.ਐਸ.ਪੀਜ਼), ਸਿਹਤ ਵਿਭਾਗ ਦੇ ਨੁਮਾਇੰਦੇ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ. ਐਚ. ਏ. ਆਈ.) ਤੋਂ ਪਤਵੰਤੇ ਸ਼ਾਮਲ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.